ਨਵੀਂ ਦਿੱਲੀ, 16 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਕਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਚਰਨਾ ’ਚ ਆਪਣਾ ਅਕੀਦਾ ਭੇਟ ਕੀਤਾ।ਮੋਦੀ ਸਰਕਾਰ ਨੇ 4 ਸਾਲ ਪੂਰਾ ਹੋਣ ’ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਪੁੱਜੀ ਇਰਾਨੀ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਇਰਾਨੀ ਨੇ ਹੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਹਿੰਦੇ ਦਿੱਲੀ ਦੇ ਚਾਰ ਖਾਲਸਾ ਕਾਲਜਾਂ ਨੂੰ ਘਟ ਗਿਣਤੀ ਵਿਦਿਅਕ ਅਦਾਰੇ ਵਜੋਂ ਮਾਨਤਾ ਦਿਵਾਉਣ ’ਚ ਮਦਦ ਕੀਤੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਰਾਨੀ ਦਾ ਖਾਲਸਾ ਕਾਲਜਾਂ ਨੂੰ ਘੱਟ ਗਿਣਤੀ ਵਿਦਿਅਕ ਅਦਾਰਿਆਂ ਵਜੋਂ ਮਾਨਤਾ ਦਿਵਾਉਣ ਲਈ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਦਿੱਲੀ ’ਚ ਪਹਿਲਾਂ ਤੋਂ ਇਸਾਈ ਅਤੇ ਮੁਸਲਿਮ ਘੱਟਗਿਣਤੀ ਵਿੱਦਿਅਕ ਆਦਾਰੇ ਮੌਜੂਦ ਸਨ, ਪਰ ਖਾਲਸਾ ਕਾਲਜਾਂ ਨੂੰ ਮਾਨਤਾ ਮਿਲਣ ’ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਸਨ।ਇਸ ਮਾਮਲੇ ’ਚ ਕਾਨੂੰਨੀ ਲੜਾਈ ਲੜਦੇ ਹੋਏ ਕਮੇਟੀ ਵੱਲੋਂ ਇਰਾਨੀ ਨਾਲ ਸੰਪਰਕ ਕੀਤਾ ਗਿਆ ਸੀ ਤੇ ਇਨ੍ਹਾਂ ਵੱਲੋਂ ਲੋੜੀਂਦਾ ਸਹਿਯੋਗ ਮਿਲਣ ਉਪਰੰਤ ਖਾਲਸਾ ਕਾਲਜਾਂ ’ਚ 50 ਫੀਸਦੀ ਸੀਟਾਂ ਸਿੱਖ ਬੱਚਿਆਂ ਲਈ ਰਾਖਵੀਆਂ ਹੋ ਗਈਆਂ ਹਨ।ਇਹ ਦਿੱਲੀ ਦੇ ਸਿੱਖਾਂ ਦੀ ਬੜੀ ਵੱਡੀ ਜਿੱਤ ਸੀ।ਸਮ੍ਰਿਤੀ ਇਰਾਨੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਜਨਤਾ ਨਾਲ ਜੁੜੇ ਸੰਜ਼ੀਦਾ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਗੰਭੀਰਤਾ ਨਾਲ ਕਾਰਜ ਕੀਤਾ ਹੈ।ਇਸੇ ਕਰਕੇ ਜੈਯਘੋਸ਼ ਦੇ ਨਾਲ ਜਨਤਾ ਸਾਡੇ ਨਾਲ ਜੁੜ ਰਹੀ ਹੈ।ਦਿੱਲੀ ਦੇ ਸਿੱਖ ਬੱਚਿਆਂ ਦੀ ਸੇਵਾ ਕਰਨ ਦਾ ਸੁਭਾਗ ਉਨ੍ਹਾਂ ਨੂੰ ਪ੍ਰਾਪਤ ਹੋਇਆ ਸੀ।ਇਸ ਕਾਰਜ ’ਚ ਉਹਨਾਂ ਪੁੱਲ ਬਣ ਕੇ ਕੰਮ ਕੀਤਾ ਸੀ, ਜਿਸ ਨੂੰ ਉਹ ਆਪਣੀ ਖੁਸ਼ਨਸ਼ੀਬੀ ਸਮਝਦੀ ਹੈ ਕਿ ਕੌਮ ਅਤੇ ਰਾਸ਼ਟਰ ਦੇ ਭਵਿੱਖ ਲਈ ਸੇਵਾ ਕਰਨ ਵਾਲੇ ਬੱਚਿਆਂ ਲਈ ਉਹ ਕੁੱਝ ਕਰ ਸਕੀ ਹਾਂ।ਇਸ ਮੌਕੇ ਸਮ੍ਰਿਤੀ ਇਰਾਨੀ ਵੱਲੋਂ ਭਾਜਪਾ ਦਾ ਪੋਸਟਰ ਵੀ ਰਲੀਜ਼ ਕੀਤਾ ਗਿਆ ਅਤੇ ਕਮੇਟੀ ਨੇ ਇਰਾਨੀ ਨੂੰ ਸ਼ਾਲ ਅਤੇ ਧਾਰਮਿਕ ਪੁਸਤਕ ਭੇਟ ਕਰਕੇ ਸਨਮਾਨਿਤ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media