ਜਲੰਧਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਚਾਲੂ ਮਾਲੀ ਸਾਲ ਦੇ ਸਤੰਬਰ ਮਹੀਨੇ ਦੇ ਅਖੀਰਲੇ ਹਫਤੇ ਤਕ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਦਾਖ਼ਲ
ਹੋਏ 7214 ਭਾਰਤੀਆਂ ਨੇ ਅਮਰੀਕਾ ਅੰਦਰ ਸਿਆਸੀ ਸ਼ਰਨ ਮੰਗੀ ਹੈ।ਜਿਹੜਾ ਕਿ ਅੱਜ ਤੱਕ ਦਾ ਸਭ ਤੋਂ ਜਿਆਦਾ ਰਿਕਾਰਡ ਸਮਝਿਆ ਜਾ ਰਿਹਾ ਹੈ।ਜਿਸ ਅਨੁਸਾਰ ਇਹ ਅੰਕੜਾ ਇਸ ਸਾਲ 25 ਸਤੰਬਰ ਤੱਕ ਅਮਰੀਕਾ ਅੰਦਰ ਭਾਰਤੀ ਮੂਲ ਦੇ ਲੋਕਾਂ ਵਲੋਂ ਸਿਆਸੀ ਸ਼ਰਨ ਲੈਣ ਲਈ ਅਰਜ਼ੀਆਂ ਦੇਣ ਵਾਲਿਆਂ ਦਾ ਹੈ, ਜਿਨ੍ਹਾਂ ਵਿੱਚ 296 ਔਰਤਾਂ ਵੀ ਸ਼ਾਮਿਲ ਹਨ।
ਇਹ ਪ੍ਰਗਟਾਵਾ ਅੱਜ ਇਥੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਕੀਤਾ। ਉਨ੍ਹਾਂ ਇਹ ਅੰਕੜੇ ਅਮਰੀਕਾ ਦੇ ਸਿਟੀਜਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸ ਤੋਂ ਫਰੀਡਮ ਆਫ ਇਨਫਰਮੇਸ਼ਨ ਐਕਟ/ਪ੍ਰਾਈਵੇਸੀ ਐਕਟ ਤਹਿਤ ਪ੍ਰਾਪਤ ਕੀਤੇ ਹਨ।ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਸਿਆਸੀ ਸ਼ਰਨ ਮੰਗਣ ਵਾਲੇ ਭਾਰਤੀਆਂ ਦਾ ਅੰਕੜਾ ਸਾਲ 2017 ਨਾਲੋਂ ਦੁੱਗਣਾ ਹੋ ਚੁੱਕਿਆ ਹੈ ਜੋ ਸਾਡੇ ਸਭ ਲਈ ਸੋਚਣ-ਵਿਚਾਰਨ ਵਾਲਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਹੁੰਦੇ ਹਨ ਵਿਦੇਸ਼ਾਂ ਵਿੱਚ ਸਥਾਪਿਤ ਹੋਣ ਲਈ ਆਪਣੀ ਕਿਸਮਤ ਅਜ਼ਮਾਉਂਦੇ ਹਨ। ਉਨ੍ਹਾਂ ਵਿੱਚੋਂ ਲਗਭਗ ਹਰ ਬੰਦਾ ਟਰੈਵਲ ਏਜੰਟਾਂ ਨੂੰ 25 ਲੱਖ ਤੋਂ ਲੈ ਕੇ 30 ਲੱਖ ਰੂਪੈ ਤੱਕ ਦਾ ਭੁਗਤਾਨ ਕਰਦਾ ਹੈ।
ਚਾਹਲ ਨੇ ਦਸਿਆ ਕਿ ਹੁਣ ਤੱਕ ਪੰਜਾਬ ਅੰਦਰ ਟਰੈਵਲ ਏਜੰਟ ਮੁੱਖ ਤੌਰ ’ਤੇ ਦੁਆਬਾ ਅਤੇ ਮਾਲਵੇ ਦੇ ਕੁੱਝ ਹਿੱਸੇ ਤੱਕ ਹੀ ਸੀਮਤ ਰਹੇ ਹਨ। ਪਰ ਹੁਣ ਉਨ੍ਹਾਂ ਨੇ ਪੰਜਾਬ ਦੇ ਦੱਖਣੀ ਜਿਲ੍ਹਿਆਂ ਜਿਵੇਂ ਬਠਿੰਡਾ, ਸੰਗਰੂਰ, ਮਾਨਸਾ, ਫਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਅਤੇ ਫ਼ਾਜ਼ਿਲਕਾ ਦੇ ਪੇਂਡੂ ਇਲਾਕਿਆਂ ’ਚ ਵੀ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ।ਜਿਸ ਕਾਰਣ ਗ਼ੈਰਕਾਨੂੰਨੀ ਮਨੁੱਖੀ ਤਸਕਰੀ ਦਾ ਸਾਲਾਨਾ ਕਾਰੋਬਾਰ 12000 ਕਰੋੜ ਨੂੰ ਪਾਰ ਕਰ ਗਿਆ ਹੈ।ਚਾਹਲ ਨੇ ਇਹ ਵੀ ਦੱਸਿਆ ਕਿ ਅਮਰੀਕਾ ਦਾ ਸ਼ਰਨਾਰਥੀ ਕਾਨੂੰਨ ਉਨ੍ਹਾਂ ਲੋਕਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ ਆਪਣੇ ਮੂਲ ਦੇਸ਼ਾਂ ਵਿੱਚ ਆਪਣੇ ਧਰਮ, ਕੌਮੀਅਤਾਂ, ਕਿਸੇ ਵਿਸ਼ੇਸ਼ ਸਮਾਜਿਕ ਗਰੁੱਪ ਦੀ ਮੈਂਬਰਸ਼ਿਪ ਅਤੇ ਉਸ ਦੇਸ਼ ਵੱਲੋਂ ਅਪਰਾਧ ਗਰਦਾਨੇ ਜਾਂਦੇ ਵੱਖਰੇ ਰਾਜਸੀ ਵਿਚਾਰਾਂ ਕਾਰਨ ਅੱਤਿਆਚਾਰਾਂ ਦਾ ਖ਼ਤਰਾ ਹੁੰਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਰਾਜਸੀ ਸ਼ਰਨ ਦੀਆਂ ਅਰਜ਼ੀਆਂ ਦੇ ਮਾਮਲੇ ਵਿੱਚ ਅਮਰੀਕਾ ਸੰਸਾਰ ਵਿੱਚ ਪਹਿਲੇ ਨੰਬਰ ’ਤੇ ਹੈ।ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਸੰਸਾਰ ਭਰ ਵਿੱਚ ਸਿਆਸੀ ਸ਼ਰਨ ਲਈ ਦਿੱਤੀਆਂ ਜਾਂਦੀਆਂ ਅਰਜੀਆਂ ਦੀ ਗਿਣਤੀ ਇਸ ਸਾਲ 300,000 ਤੋਂ 3.1 ਮਿਲੀਅਨ ਤੱਕ ਪਹੁੰਚ ਚੁੱਕੀ ਹੈ।ਉਨ੍ਹਾਂ ਅੱਗੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਭਾਰਤੀਆਂ ਵਿੱਚ ਸਿਆਸੀ ਸ਼ਰਨ ਮੰਗਣ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ ਹੈ ਹਾਲਾਂ ਕਿ ਉਹ ਕੁੱਲ ਫੜੇ ਜਾਣ ਵਾਲਿਆਂ ਦਾ ਕੁੱਝ ਫ਼ੀਸਦੀ ਹੀ ਹਨ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਭਾਰਤੀ ਬੰਦੀਆਂ ਵੱਲੋਂ ਸ਼ਰਨ ਮੰਗਣ ਲਈ ਰਾਜਸੀ ਜਾਂ ਧਾਰਮਿਕ ਵਿਚਾਰਾਂ ਕਾਰਨ ਅੱਤਿਆਚਾਰਾਂ ਦਾ ਹਵਾਲਾ ਦਿੱਤੇ ਜਾਣ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media