Wednesday, March 11, 2026

ਜਨਮ ਤੇ ਮੌਤ ਦਰਜ ਕਰਵਾਉਣੀ ਹਰੇਕ ਹਸਪਤਾਲ ਲਈ ਲਾਜ਼ਮੀ – ਡਾਇਰੈਕਟਰ ਜਨਗਣਨਾ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡਾਇਰੈਕਟਰ ਜਨਗਣਨਾ ਪੰਜਾਬ ਅਭਿਸ਼ੇਕ ਜੈਨ ਆਈ.ਏ.ਐਸ ਨੇ ਅਗਲੇ ਸਾਲ ਸ਼ੁਰੂ ਹੋਣ PUNJ1412201810ਵਾਲੀ ਜਨਗਣਨਾ  ਬਾਬਤ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਪੱਸ਼ਟ ਕੀਤਾ ਕਿ ਜਨਗਣਨਾ ਕੇਵਲ ਅਬਾਦੀ ਦੀ ਗਿਣਤੀ ਹੀ ਨਹੀਂ ਕਰਦੀ, ਬਲਕਿ ਇਸ ਦਾ ਡੈਟਾ ਦੇਸ਼ ਲਈ ਹੋਣ ਵਾਲੀ ਯੋਜਨਾਬੰਦੀ, ਨੀਤੀ ਘਾੜਿਆਂ ਵੱਲੋਂ ਆਰਥਿਕ ਨੀਤੀਆਂ ਤਿਆਰ ਕਰਨ, ਹਲਕਿਆਂ ਦੀ ਹੱਦਬੰਦੀ ਤੈਅ ਕਰਨ, ਸਿਹਤ ਯੋਜਨਾਵਾਂ ਨੂੰ ਉਲੀਕਣ, ਵਿਕਾਸ ਲਈ ਫੰਡ ਜਾਰੀ ਕਰਨ ਅਤੇ ਸਨਅਤਕਾਰਾਂ ਤੇ ਵਪਾਰੀਆਂ ਵੱਲੋਂ ਆਪਣੇ ਉਤਪਾਦ ਦੀ ਵਿਕਰੀ ਆਦਿ ਲਈ ਵਰਤਿਆ ਜਾਂਦਾ ਹੈ।ਇਸ ਲਈ ਜ਼ਰੂਰੀ ਹੈ ਕਿ ਇਸ ਵਿਚ ਦਿੱਤੇ ਗਏ ਹਰ ਕਾਲਮ ਵਿਚ ਸਹੀ ਸੂਚਨਾ ਦਿੱਤੀ ਜਾਵੇ। ਉਨਾਂ ਦੱਸਿਆ ਕਿ 2011 ਦੀ ਜਨਗਣਨਾ ਅਨੁਸਾਰ ਅੰਮਿ੍ਰਤਸਰ ਵਿਚ ਸ਼ਹਿਰੀ ਵਸੋਂ ਰਾਜ ਦੀ ਔਸਤ ਸ਼ਹਿਰੀ ਵਸੋਂ, ਵਸੋਂ ਦੀ ਘਣਤਾ, ਲਿੰਗ ਅਨੁਪਾਤ ਰਾਜ ਦੀ ਔਸਤ ਨਾਲੋਂ ਵੱਧ ਸੀ।ਜਿਸ ਵਿਚ 1000 ਲੜਕਿਆਂ ਪਿੱਛੇ 826 ਲੜਕੀਆਂ (6 ਸਾਲ ਤੋਂ ਘੱਟ ਉਮਰ ਵਿਚ), ਸ਼ਹਿਰੀ ਅਬਾਦੀ 53.6 ਫੀਸਦੀ ਅਤੇ ਵਸੋਂ ਘਣਤਾ 928 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸਨ, ਜਦਕਿ ਪੰਜਾਬ ਵਿਚ ਸ਼ਹਿਰੀ ਔਸਤਨ ਅਬਾਦੀ 37 ਫੀਸਦੀ, ਘਣਤਾ 551 ਵਿਅਕਤੀ ਸੀ।
          ਉਨਾਂ ਦੱਸਿਆ ਕਿ ਹਰੇਕ ਵਿਅਕਤੀ, ਹਸਤਪਾਲ, ਅਦਾਰੇ ਅਤੇ ਸੰਸਥਾ ਲਈ ਜਨਮ ਤੇ ਮੌਤ ਦਰ ਦਰਜ ਕਰਵਾਉਣੀ ਕਾਨੂੰਨ ਅਨੁਸਾਰ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨ ’ਤੇ ਉਸ ਵਿਅਕਤੀ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।ਜੈਨ ਨੇ ਦੱਸਿਆ ਕਿ ਘਰ ਦੇ ਮਾਲਕ, ਸਰਕਾਰੀ ਤੇ ਨਿੱਜੀ ਹਸਪਤਾਲ ਦੇ ਇੰਚਾਰਜ, ਹੋਸਟਲ ਤੇ ਹੋਟਲ ਦੇ ਮੈਨੇਜਰ, ਪਿੰਡ ਦੇ ਨੰਬਰਦਾਰ ਆਦਿ ਦੀ ਕਾਨੂੰਨ ਅਨੁਸਾਰ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਅਧਿਕਾਰੀ ਖੇਤਰ ਵਿਚ ਹੁੰਦੇ ਹਰੇਕ ਜਨਮ ਤੇ ਮੌਤ ਨੂੰ ਦਰਜ ਕਰਵਾਉਣ। ਉਨਾਂ ਕਿਹਾ ਕਿ ਇਹ ਦਰਜ ਨਾ ਕਰਵਾਉਣ, ਦੇਰ ਨਾਲ ਦਰਜ ਕਰਵਾਉਣ, ਗਲਤ ਦਰਜ ਕਰਵਾਉਣ ਜਾਂ ਨਾ ਦਰਜ ਕਰਵਾਉਣ ’ਤੇ ਉਸ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ।ਉਨਾਂ ਸਪੱਸ਼ਟ ਕੀਤਾ ਕਿ ਸਰਕਾਰੀ ਹਸਪਤਾਲ ਵਿਚ ਜਨਮ ਜਾਂ ਮੌਤ ਹੋਣ ’ਤੇ ਤੁਰੰਤ ਉਸਦੇ ਪਰਿਵਾਰ ਨੂੰ ਸਰਟੀਫਿਕੇਟ ਮਿਲਣਾ ਚਾਹੀਦਾ ਹੈ ਕਿ ਕਿਉਂਕਿ ਇਹ ਕਈ ਤਰਾਂ ਦੇ ਕਾਨੂੰਨੀ ਲੋੜਾਂ ਪੂਰੀਆਂ ਕਰਦਾ ਹੈ।
             ਜਨਮ ਸਰਟੀਫਿਕੇਟ ਵਿਚ ਬੱਚੇ ਦਾ ਨਾਮ ਬਦਲਣ ਜਾਂ ਸੋਧਣ ਬਾਬਤ ਬੋਲਦੇ ਜੈਨ ਨੇ ਕਿਹਾ ਕਿ ਨਾਮ ਵਿਚ ਸੋਧ ਅਕਸਰ ਉਰਫ਼ ਕਰਕੇ ਕਰ ਦਿੱਤੀ ਜਾਂਦੀ ਹੈ, ਪਰ ਪਾਸਪੋਰਟ ਜਾਂ ਕਈ ਹੋਰ ਲੋੜਾਂ ਵਿਚ ਉਰਫ਼ ਨਹੀਂਂ ਚੱਲਦਾ।ਇਸ ਲਈ ਜ਼ਰੂਰੀ ਹੈ ਕਿ ਸਬੰਧਤ ਰਜਿਸਟਰਾਰ ਆਪਣੀ ਸੰਤਸ਼ੁਟੀ, ਜਿਸ ਵਿਚ ਅਖਬਾਰਾਂ ਦੇ ਇਸ਼ਤਹਾਰ, ਗਵਾਹੀ, ਹਲਫੀਆ ਬਿਆਨ ਆਦਿ ਹੋ ਸਕਦੇ ਹਨ, ਤੋਂ ਕਰਕੇ ਸਰਟੀਫਿਕੇਟ ਉਪਰ ਨਾਮ ਦੀ ਸੋਧ ਕਰ ਸਕਦਾ ਹੈ।
         ਇਕ ਸਵਾਲ ਦੇ ਉਤਰ ਵਿਚ ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਹਸਪਤਾਲ ਵਿਚ ਹੋਈ ਹਰੇਕ ਮੌਤ ਦਾ ਕਾਰਨ ਰਾਸ਼ਟਰੀ ਵਸੋਂ ਰਜਿਸਟਰਡ ਵਿਚ ਦਰਜ ਕੀਤਾ ਜਾਣਾ ਜ਼ਰੂਰੀ ਹੈ ਅਤੇ ਇਹ ਕਾਰਨ ਉਸਦਾ ਇਲਾਜ ਕਰਨ ਵਾਲਾ ਡਾਕਟਰ ਦਰਜ ਕਰੇ, ਤਾਂ ਕਿ ਪਤਾ ਲੱਗ ਸਕੇ ਕਿ ਹਰੇਕ ਇਲਾਕੇ ਵਿਚ ਮੌਤ ਦਾ ਕਾਰਨ ਕੀ ਹੈ ਅਤੇ ਇਸ ਨੂੰ ਰੋਕਣ ਲਈ ਕਦਮ ਚੁੱਕੇ ਜਾ ਸਕਣ। ਉਨਾਂ ਦੱਸਿਆ ਕਿ ਇਸ ਲਈ ਬਣਾਏ ਗਏ ਪ੍ਰੋਫਾਰਮੇ ਵਿਚ 56 ਕਾਰਨ ਦਰਜ ਹਨ ਅਤੇ ਡਾਕਟਰ ਨੇ ਕੇਵਲ ਉਸ ’ਤੇ ਨਿਸ਼ਾਨ ਹੀ ਲਗਾਉਣਾ ਹੈ।ਉਨਾਂ ਇਹ ਵੀ ਹਦਾਇਤ ਕੀਤੀ ਕਿ ਡਾਕਟਰ ਇਸ ਪ੍ਰੋਫਾਰਮੇ ਨੂੰ ਸੰਖੇਪ ਸਬਦਾਂ ਵਿਚ ਨਾ ਭਰਕੇ ਸਾਫ ਤੇ ਪੂਰਾ ਲਿਖਣ, ਕਿਉਂਕਿ ਹਰੇਕ ਪੜਨ ਵਾਲਾ ਅਧਿਕਾਰੀ ਡਾਕਟਰ ਨਹੀਂ ਹੁੰਦਾ।
 ਉਨਾਂ ਇਸ ਤੋਂ ਇਲਾਵਾ ਜਿਲ੍ਹੇ ਤੇ ਤਹਿਸੀਲਾਂ ਦੇ ਨਕਸ਼ੇ, ਸੈਂਪਲ ਰਜਿਸਟਰੇਸ਼ਨ ਸਿਸਟਮ ਆਦਿ ਬਾਬਤ ਵੀ ਅਧਿਕਾਰੀਆਂ ਨੂੰ ਵਿਸਥਾਰ ਵਿਚ ਜਾਣਕਾਰੀ ਦਿਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿੰਮਾਸ਼ੂ ਅਗਰਵਾਲ, ਐਸ.ਡੀ.ਐਮ ਸ੍ਰੀਮਤੀ ਪਲਵੀ ਚੌਧਰੀ, ਰਜ਼ਤ ਉਬਰਾਏ ਅਤੇ ਦੀਪਕ ਭਾਟੀਆ, ਡਿਪਟੀ ਰਜਿਸਟਰਾਰ ਸੌਰਵ ਅਰੋੜਾ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply