ਕੈਪਟਨ ਸਰਕਾਰ ਨੇ ਔਰਤਾਂ ਨੂੰ ਜ਼ਿਲਾ ਪ੍ਰੀਸ਼ਦ ਤੇ ਪੰਚਾਇਤਾਂ `ਚ ਦਿੱਤਾ 50 ਫੀਸਦ ਰਾਖਵਾਂਕਰਨ
ਚੰਡੀਗੜ/ਗੁਰਦਾਸਪੁਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਗੁਰਦਾਸਪੁਰ ਵਿਖੇ ਧੀਆਂ ਦੀ ਲੋਹੜੀ
ਮਨਾਉਣ ਲਈ ਰਾਜ ਪੱਧਰੀ ਲੋਹੜੀ ਸਮਾਗਮ ਕਰਵਾਇਆ ਗਿਆ।ਜਿਸ ਵਿਚ ਸ੍ਰੀਮਤੀ ਅਰੁਣਾ ਚੋਧਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਅਤੇ ਸੁਨੀਲ ਜਾਖੜ ਲੋਕ ਸਭਾ ਮੈਂਬਰ ਲੋਕ ਸਭਾ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਹਰਗੋਬਿੰਦਪੁਰ, ਸ੍ਰੀ ਅਸ਼ੋਕ ਚੋਧਰੀ ਸੀਨੀਅਰ ਕਾਂਗਰਸ ਆਗੂ, ਸ੍ਰੀਮਤੀ ਕਵਿਤਾ ਸਿੰਘ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਵਿਪੁਲ ਉਜਵਲ ਡਿਪਟੀ ਕਮਿਸ਼ਨਰ ਅਤੇ ਮੈਡਮ ਸੁਮਨਦੀਪ ਕੋਰ ਜਿਲਾ ਪ੍ਰੋਗਰਾਮ ਅਫਸਰ ਵੀ ਮੋਜੂਦ ਸਨ।
ਵਰਦੇ ਮੀਂਹ ਵਿਚ ਰਾਜ ਪੱਧਰੀ ਲੋਹੜੀ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀਮਤੀ ਚੋਧਰੀ ਨੇ ਸਮਾਗਮ ਵਿਚ ਪੁਹੰਚੀਆਂ ਨਵ ਜੰਮੀਆਂ ਧੀਆਂ ਦੀਆਂ ਮਾਵਾਂ ਨੂੰ ਮੁਬਾਰਕਬਾਦ ਦਿੱਤੀ ਤੇ 20 ਗਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੋਕੇ ਦੇਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਤੇ ਅੱਜ ਹਰ ਖੇਤਰ ਵਿਚ ਲੜਕੀਆਂ-ਲੜਕਿਆਂ ਦੇ ਮੁਕਾਬਲੇ ਅੱਗੇ ਵਧ ਰਹੀਆਂ ਹਨ।
ਉਨਾਂ ਦੱੱਸਿਆ ਕਿ ਅੱਜ ਸੂਬੇ ਦੇ 11 ਜ਼ਿਲਿਆਂ ਵਿਚ ਲੜਕੀਆਂ ਦੇ ਲਿੰਗ ਅਨੁਪਾਤ ਵਿਚ ਚੰਗਾ ਸੁਧਾਰ ਹੋਇਆ ਹੈ।ਜ਼ਿਲਾ ਫਿਰੋਜ਼ਪੁਰ ਵਿਚ 1000 ਲੜਕਿਆਂ ਦੇ ਪਿਛੇ 916 ਲੜਕੀਆਂ ਦਾ ਅਨੁਪਾਤ ਹੈ, ਜੋ ਕਿ ਸ਼ਲਾਘਾਯੋਗ ਹੈ।ਉਨਾਂ ਅੱਗੇ ਦੱਸਿਆ ਕਿ ਮਾਈ ਭਾਗੋ ਸਕੀਮ ਤਹਿਤ ਸੂਬੇ ਭਰ ਅੰਦਰ 1 ਲੱਖ 38 ਹਜਾਰ 66 ਲੜਕੀਆਂ ਨੂੰ ਮੁਫਤ ਸਾਈਕਲ ਦਿੱਤੇ ਜਾਣਗੇ, ਜਿਸ ਤਹਿਤ ਗੁਰਦਾਸਪੁਰ ਵਿਖੇ 65 ਲੜਕੀਆਂ ਨੂੰ ਸਾਈਕਲ ਵੰਡ ਕੇ ਸ਼ੁਰੂਆਤ ਕੀਤੀ ਗਈ ਹੈ। ਜਿਲੇ ਗੁਰਦਾਸਪੁਰ ਅੰਦਰ ਗਿਆਰਵੀਂ ਤੇ ਬਾਹਰਵੀਂ ਜਮਾਤ ਦੀਆਂ 9 ਹਜਾਰ 597 ਲੜਕੀਆਂ ਨੂੰ ਸਾਈਕਲ ਵੰਡੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਜਿਲਾ ਪ੍ਰੀਸ਼ਦ ਤੇ ਪੰਚਾਇਤਾਂ ਵਿਚ ਔਰਤਾਂ ਨੂੰ 50 ਫੀਸਦ ਰਾਖਵਾਂਕਰਨ ਕੀਤਾ ਗਿਆ ਹੈ, ਜਿਸ ਨਾਲ ਔਰਤਾਂ ਦਾ ਸਮਾਜ ਵਿਚ ਹੋਰ ਰੁਤਬਾ ਵਧਿਆ ਹੈ।ਰਾਜ ਭਰ ਅੰਦਰ ਹਰੇਕ ਜਿਲੇ ਵਿਚ `ਵਨ ਸਟਾਪ ਸੈਂਟਰ` ਦੀ 35 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਕਰਵਾਈ ਜਾਵੇਗੀ, ਜਿਥੇ ਲੋੜਵੰਦ ਔਰਤਾਂ ਨੂੰ ਘਰੇਲੂ ਹਿੰਸਾਂ ਤੋ ਰਾਹਤ ਦਿਵਾਉਣ ਲਈ ਉਪਰਾਲੇ ਕੀਤੇ ਜਾਣਗੇ।ਮੈਡੀਕਲ ਤੇ ਪੁਲਿਸ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਜਿਲਾ ਗੁਰਦਾਸਪੁਰ ਦੇ ਨਿਊ ਹਸਪਤਾਲ ਵਿਖੇ `ਵਨ ਸਟਾਪ ਸੈਂਟਰ` ਦੀ ਨਵੀਂ ਬਿਲਡਿੰਗ ਦੀ ਉਸਾਰੀ ਪ੍ਰਗਤੀ ਅਧੀਨ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਗੁਰਦਾਸਪੁਰ ਸੁਨੀਲ ਜਾਖੜ ਨੇ ਕਿਹਾ ਕਿ ਸਾਡੇ ਗੁਰੂਆਂ ਤੇ ਪੀਰਾਂ ਨੇ ਹਮੇਸ਼ਾ ਔਰਤਾਂ ਦੇ ਸਨਮਾਨ ਦੀ ਗੱਲ ਕੀਤੀ ਹੈ ਅਤੇ ਔਰਤਾਂ ਨੂੰ ਉੱਤਮ ਦਰਜਾ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਔਰਤਾਂ ਨੂੰ ਸ਼ਕਤੀ ਦੇਣ ਲਈ ਵੱਡੇ ਫੈਸਲੇ ਕੀਤੇ ਗਏ ਹਨ।ਅੱਜ ਸਮਾਜਿਕ, ਰਾਜਨੀਤਿਕ, ਧਾਰਮਿਕ ਤੇ ਖੇਡਾਂ ਵਿਚ ਔਰਤਾਂ ਨੇ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ ਹੈ।ਉਨਾਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੇ ਖਾਸ ਕਰਕੇ ਚਿਲਡਰਨ ਹੋਮ ਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਤੇ ਆਪਣੇ ਐਮ.ਪੀ ਫੰਡ ਵਿਚੋਂ ਚਿਲਡਰਨ ਹੋਮ ਦੇ ਸਰਬਪੱਖੀ ਵਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਦਿੱਤੇ ਜਾ ਰਹੇ ਹਨ ਅਤੇ ਧੀਆਂ ਦੇ ਹੱਕਾਂ ਵਿਚ ਵਿਕਾਸ ਨੀਤੀਆਂ ਬਣਾਈਆਂ ਗਈਆਂ ਹਨ।
ਸਮਾਗਮ ਦੇ ਆਖਰ ਵਿਚ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵਲੋਂ ਰਾਜ ਪੱਧਰੀ ਸਮਾਗਮ ਵਿਚ ਪੁਹੰਚੀਆਂ ਪ੍ਰਮੁੱਖ ਹਸਤੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਤੋਂ ਪਹਿਲਾਂ ਸਮਾਗਮ ਦੇ ਸ਼ੁਰੂ ਵਿਚ ਜਿਲਾ ਪ੍ਰੋਗਰਾਮ ਅਫਸਰ ਮੈਡਮ ਸੁਮਨਦੀਪ ਕੋਰ ਨੇ ਸਮੂਹ ਹਾਜਰੀਨ ਦਾ ਸਵਾਗਤ ਕੀਤਾ ਤੇ ਜ਼ਿਲੇ ਅੰਦਰ ਚਲਾਏ ਜਾ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣੂੰ ਕਰਵਾਇਆ।
ਸਮਾਗਮ ਦੇ ਸ਼ੁਰੂ ਵਿਚ ਮੁੱਖ ਮਹਿਮਾਨ ਵਲੋਂ 65 ਲੜਕੀਆਂ ਨੂੰ ਸਾਈਕਲ ਵੰਡੇ ਗਏ । ਵੱਖ-ਵੱਖ ਵਿਭਾਗਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੇਖੀਆਂ ਗਈਆਂ। ਉਪਰੰਤ ਨਵਜੰਮੀਆਂ ਬੱਚੀਆਂ (400 ਬੱਚੀਆਂ) ਦੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ। 20 ਗਰਾਮ ਪੰਚਾਇਤਾਂ ਜਿਨਾਂ ਵਲੋਂ ਸੈਕਸ ਰੈਸ਼ੋ ਤਹਿਤ ਲੜਕੀਆਂ ਦੇ ਲਿੰਗ ਅਨੁਪਾਤ ਵਧਾਉਣ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਸੀ, ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਆਂਗਨਵਾੜੀ ਵਰਕਰ, ਹੇਲਥੀ ਬੇਬੀ ਸ਼ੋਅ ਦੀਆਂ ਜੇਤੂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media