ਸੁਰੱਖਿਆ ਤੇ ਅਮਨ-ਸ਼ਾਂਤੀ ਦੇ ਮਾਹੌਲ `ਚ ਚੋਣਾਂ ਕਰਵਾਉਣ ਲਈ ਪੁਲਿਸ ਤਿਆਰ – ਐਸ.ਐਸ.ਪੀ
ਭੀਖੀ/ਮਾਨਸਾ, 25 ਫਰਵਰੀ (ਪੰਜਾਬ ਪਸੋਟ – ਕਮਲ ਜ਼ਿੰਦਲ) – ਲੋਕ ਸਭਾ ਚੋਣਾਂ-2019 ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਅਤੇ ਅਮਨ-ਸ਼ਾਂਤੀ ਦੇ ਮਾਹੌਲ
ਵਿੱਚ ਵੋਟ ਪ੍ਰਕਿਰਿਆ ਮੁੰਕਮਲ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਕਾਨਫਰੰਸ ਹਾਲ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਰੱਖੀ ਗਈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਸੀ-ਵੀਜ਼ਲ ਮੋਬਾਇਲ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਇਸ ਐਪ ਰਾਹੀਂ ਦਰਜ ਕਰਵਾ ਸਕਦਾ ਹੈ।ਉਨ੍ਹਾਂ ਹਦਾਇਤ ਕੀਤੀ ਇਸ ਐਪ ਰਾਹੀਂ ਜਦੋਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਤਾਂ 100 ਮਿੰਟਾਂ ਦੇ ਅੰਦਰ-ਅੰਦਰ ਉਸ ਸ਼ਿਕਾਇਤ ਦਾ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਹੋਰ ਸਾਧਨ ਰਾਹੀਂ ਜੇਕਰ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ, ਤਾਂ ਉਨ੍ਹਾਂ ਦਾ ਨਿਪਟਾਰਾ ਵੀ 24 ਘੰਟਿਆਂ ਦੇ ਅੰਦਰ-ਅੰਦਰ ਕਰਨਾ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ 2 ਅਤੇ 3 ਮਾਰਚ ਨੂੰ ਪੋਲਿੰਗ ਬੂਥਾਂ `ਤੇ ਸਪੈਸ਼ਲ ਕੈਂਪ ਲਗਾਏ ਜਾਣਗੇ, ਜਿਸ ਦੌਰਾਨ ਲੋਕਾਂ ਦੀਆਂ ਵੋਟਾਂ ਬਣਾਉਣ ਲਈ ਫਾਰਮ ਭਰੇ ਜਾਣਗੇ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਦੌਰਾਨ ਆਪਣੀ ਵੋਟ ਜ਼ਰੂਰ ਬਣਵਾਉਣ।
ਡਿਪਟੀ ਕਮਿਸ਼ਨਰ ਮਿਸ ਰਿਆਤ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਸਰਵੇਅ ਕਰਵਾਇਆ ਜਾਵੇ ਅਤੇ ਜੋ ਯੋਗ ਵਿਦਿਆਰਥੀਆਂ ਆਪਣੀਆਂ ਵੋਟਾਂ ਬਣਾਉਣ ਤੋਂ ਕਿਸੇ ਕਾਰਨ ਵਾਂਝੇ ਰਹਿ ਗਏ ਹਨ, ਉਨ੍ਹਾਂ ਦੀਆਂ ਵੋਟਾਂ ਬਣਵਾਈਆਂ ਜਾਣ।ਚੋਣਾਂ ਦੌਰਾਨ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ `ਤੇ ਰੋਕ ਲਗਾਉਣ ਲਈ ਸਿਹਤ ਵਿਭਾਗ ਮੈਡੀਕਲ ਸਟੋਰਾਂ ਦੀ ਰੈਗੂਲਰ ਚੈਕਿੰਗ ਯਕੀਨੀ ਬਣਾਏਗਾ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਨਜਾਇਜ/ਜਾਇਜ ਸ਼ਰਾਬ ਦੀ ਵੰਡ `ਤੇ ਰੋਕ ਲਗਾਉਣ ਲਈ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਐਸ.ਡੀ.ਐਮ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਹਲਕੇ ਵਿੱਚ ਸਥਾਪਿਤ ਕੀਤੇ ਗਏ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਪੜਤਾਲ ਕਰਵਾ ਕੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਗੇ।ਉਨ੍ਹਾਂ ਹਦਾਇਤ ਕੀਤੀ ਕਿ ਹਰੇਕ ਪੰਚਾਇਤ/ਵਾਰਡ ਵਿੱਚ ਈ.ਵੀ.ਐਮ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਅਤੇ ਵੀ.ਵੀ.ਪੈਟ ਸਬੰਧੀ ਜਾਗਰੂਕਤਾ ਕੈਂਪ ਲਗਾਉਣੇ ਯਕੀਨੀ ਬਣਾਏ ਜਾਣ।ਉਨ੍ਹਾਂ ਨਾਲ ਕਿਹਾ ਕਿ ਸਵੀਪ ਮੁਹਿੰਮ ਤਹਿਤ ਆਮ ਜਨਤਾ ਨੂੰ ਵੋਟਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਕੈਂਪ ਲਗਾਏ ਜਾਣ, ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।
ਮੀਟਿੰਗ ਦੌਰਾਨ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੂਰਨ ਸੁਰੱਖਿਆ ਅਤੇ ਅਮਨ-ਸ਼ਾਂਤੀ ਦੇ ਮਾਹੌਲ ਵਿੱਚ ਲੋਕ ਸਭਾ ਚੋਣਾਂ-2019 ਕਰਵਾਈਆਂ ਜਾਣਗੀਆਂ ਅਤੇ ਕਿਸੇ ਵੀ ਵਿਅਕਤੀ ਨੂੰ ਚੋਣਾਂ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅੰਤਰਰਾਜ਼ੀ ਹੱਦਾਂ `ਤੇ ਨਾਕੇ ਲਗਾਏ ਜਾਣਗੇ ਤਾਂ ਜੋ ਬਾਹਰਲੇ ਜ਼ਿਲ੍ਹਿਆਂ ਤੋਂ ਸ਼ਰਾਬ ਜਾਂ ਕਿਸੇ ਹੋਰ ਕਿਸਮ ਦਾ ਨਸ਼ਾ ਜਾਂ ਸ਼ਰਾਰਤੀ ਅਨਸਰ ਜ਼ਿਲ੍ਹੇ ਅੰਦਰ ਦਾਖਲ ਹੋਕੇ ਕੇ ਚੋਣਾਂ ਦਾ ਮਾਹੌਲ ਖ਼ਰਾਬ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜ਼ਿਲ੍ਹੇ ਅੰਦਰ ਲੋਕਾਂ ਪਾਸੋਂ 100 ਫੀਸਦੀ ਅਸਲਾ ਜਮ੍ਹਾ ਕਰਵਾਇਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਐਸ.ਪੀ (ਐਚ) ਮੇਜਰ ਸਿੰਘ, ਐਸ.ਡੀ.ਐਮ ਮਾਨਸਾ ਅਭਿਜੀਤ ਕਪਲਿਸ਼, ਐਸ.ਡੀ.ਐਮ ਸਰਦੂਲਗੜ੍ਹ ਲਤੀਫ਼ ਅਹਿਮਦ, ਐਸ.ਡੀ.ਐਮ ਬੁਢਲਾਡਾ ਆਦਿਤਯ ਢੱਚਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਿਸ਼ਿਸ਼ਟ, ਸਿਵਲ ਸਰਜਨ ਲਾਲ ਚੰਦ ਠੁਕਰਾਲ, ਚੋਣ ਤਹਿਸੀਲਦਾਰ ਗੁਰਚਰਨ ਸਿੰਘ ਤੋਂ ਇਲਾਵਾ ਸਮੂਹ ਡੀ.ਐਸ.ਪੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media