ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ – ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ: ਸੁਤੰਤਰ ਕੁਮਤਰ ਐਰੀ ਦੇ ਦਿਸ਼ਾ-
ਨਿਰਦੇਸ਼ਾ ਦਾ ਪਾਲਣ ਕਰਦੇ ਹੋਏ ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ: ਵਿਨੈ ਕੁਮਾਰ ਵੱਲੋਂ ਪ੍ਰੈਸ ਮੀਡੀਆਂ ਰਾਂਹੀ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨ ਵੀਰ ਸਾਉਣੀ ਦੇ ਸੀਜਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੂਬੇ ਵਿੱਚ ਝੋਨੇ ਦੀ ਕਾਸ਼ਤ ਲਈ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਬਿਜਾਈ ਹੀ ਕਰਨ। ਧਰਤੀ ਹੇਠਲੇ ਪਾਣੀ ਦੇ ਡਿੱਗਦੇ ਹੋਏ ਪੱਧਰ ਨੂੰ ਸੰਭਾਲਣਾਂ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਪਾਣੀ ਦੀ ਬੱਚਤ ਕਰਨ ਹਿੱਤ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ.ਆਰ ਕਿਸਮਾਂ ਦੀ ਕਾਸ਼ਤ ਨੂੰ ਤਰਜੀਹ ਦਿੱਤੀ ਜਾਵੇ ਅਤੇ ਖੇਤਾਂ ਨੂੰ ਲੇਜ਼ਰ ਲੈਵਲਰ ਕਰਾਹੇ ਨਾਲ ਪੱਧਰਾ ਕਰ ਲਿਆ ਜਾਵੇ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪੀ.ਆਰ 127, ਪੀ.ਆਰ 126, ਪੀ.ਆਰ 124, ਪੀ.ਆਰ 123, ਪੀ.ਆਰ 122, ਪੀ.ਆਰ 121, ਪੀ.ਆਰ 114, ਪੀ.ਆਰ 113 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਇਹਨਾ ਵਿੱਚੋਂ ਪੀ.ਆਰ 126 ਕਿਸਮ ਪੱਕਣ ਲਈ ਸਭ ਤੋ ਘੱਟ ਸਮਾਂ ਲੈਂਦੀ ਹੈ। ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਪੂਸਾ 44/ਪੀਲੀ ਪੂਸਾ ਦੀ ਕਾਸ਼ਤ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਇਹ ਕਿਸਮ ਪੀ.ਆਰ ਕਿਸਮਾਂ ਨਾਲੋ 15-20 ਪ੍ਰਤੀਸ਼ਤ ਜ਼ਿਆਦਾ ਪਾਣੀ ਲੈਂਦੀਆਂ ਹਨ ਅਤੇ ਇਹਨਾਂ ਦੀ ਪਰਾਲੀ ਵੀ ਵੱਧ ਹੁੰਦੀ ਹੈ ਜੋ ਕਿ ਇੰਨਸੀਟੂ ਸਟਰਾਅ ਪ੍ਰਬੰਧਨ ਵਿੱਚ ਮੁਸ਼ਕਿਲ ਪੇਸ਼ ਕਰਦੀ ਹੈ। ਗੈਰ-ਪ੍ਰਮਾਣਿਤ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ ਅਤੇ ਇਸ ਤੋ ਇਲਾਵਾ ਪ੍ਰਮਾਣਿਤ ਕਿਸਮਾਂ ਦੇ ਬੀਜ ਦੀ ਖਰੀਦ ਕਰਦੇ ਸਮੇਂ ਬੀਜ ਵੇਚਣ ਵਾਲੇ ਅਦਾਰੇ/ਦੁਕਾਨਦਾਰ ਪਾਸੋਂ ਪੱਕਾ ਬਿੱਲ ਜਰੂਰ ਲਿਆ ਜਾਵੇ। ਬੀਜ ਸੋਧ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਜ ਨੂੰ ਟੱਬ/ਬਾਲਟੀ ਆਦਿ ਵਿੱਚ ਪਾਉਣ ਉਪਰੰਤ ਅਤੇ ਚੰਗੀ ਤਰਾਂ ਹਿਲਾ ਲਉ, ਜੋ ਹਲਕਾ ਬੀਜ ਤਰ ਕੇ ਉੱਪਰ ਆ ਜਾਵੇ ਉਸਨੂੰ ਬਾਹਰ ਸੁੱਟ ਦਿਉ। ਅੱਠ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਿਨ (ਕਾਰਬੈਂਡਾਜਿਮ) ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ ਦੇ 10 ਲੀਟਰ ਪਾਣੀ ਦੇ ਘੋਲ ਵਿਚ ਪਨੀਰੀ ਬੀਜਣ ਤੋਂ 8-10 ਘੰਟੇ ਪਹਿਲਾਂ ਡੁਬੋ ਕੇ ਰੱਖੋ। ਬੀਜ ਸੋਧ ਕਰਨ ਨਾਲ ਝੋਨੇ ਦੀ ਫਸਲ ਉੱਪਰ ਝੁਲਸ ਰੋਗ, ਪੱਤਿਆਂ ਵਿੱਚ ਧਾਰੀਆਂ ਪੈਣ ਦੇ ਰੋਗ ਆਦਿ ਦਾ ਹਮਲਾ ਨਹੀ ਹੁੰਦਾ।
ਇਸ ਮੌਕੇ ਡਾ: ਪਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਟੀ.ਏ) ਅਤੇ ਡਾ: ਸੁਖਚੈਨ ਸਿੰਘ ਗੰਡੀਵਿੰਡ, ਖੇਤੀਬਾੜੀ ਵਿਕਾਸ ਅਫਸਰ (ਬੀਜ) ਵੀ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media