Monday, November 25, 2024

ਲਾਂਘਾ ਕਰਤਾਰਪੁਰ ਸਾਹਿਬ (ਮਿੰਨੀ ਇਕਾਂਗੀ)

Kartarpur Corridor(ਪਾਕਿਸਤਾਨ `ਚ)
ਅਬਦੁੱਲ ਰਹਿਮੀਨ (ਨਮਾਜ਼ ਪੜ੍ਹਦੇ ਹੋਏ):
ਲਾ ਇਲਾ ਇਲ ਇਲ ਲਾ।ਅੱਲ੍ਹਾ ਹੂ ਅਕਬਰ! ਹੇ ਅੱਲ੍ਹਾ! ਇਨਸਾਨੀਅਤ ਖ਼ੈਰ ਦੁਆ ਰਏ!ਏਸ ਪੰਜਾਬ ਤੇ ਓਸ ਪੰਜਾਬ ਦੀ ਮੁਹੱਬਤ ਬਣੀ ਰਏ!ਨਫ਼ਰਤ ਦਾ ਬੀਜ਼ ਖ਼ਤਮ ਹੋਏ!ਇਹ ਪੰਜਾਬ ਓਨਾ ਦਾ, ਓਹ ਪੰਜਾਬ ਸਾਡਾ ਹੋਏ!
ਹੇ ਖ਼ੁਦਾ!ਤੇਰੀ ਖ਼ਿਦਮਤ ‘ਚ ਸਦਾ ਸਿੱਜ਼ਦਾ ਕਰਦਾ ਰਊਂ! ਇਹ ਗੁਰ ਪੀਰ ਦਾ ਲਾਂਘਾ ਕਰਤਾਰਪੁਰ ਵਾਲਾ ਸਫ਼ਲ ਕਰੀਂ! ਸ਼ਾਇਦ ਇਹ ਲਾਂਘਾ ਮੁਹੱਬਤ ਦਾ ਦੂਜਾ ਇਤਿਹਾਸ ਈ ਸਿਰਜ਼ ਦਏ।ਇੱਕ ਇਤਿਹਾਸ ਤਾਂ ਸਰਹੱਦਾਂ ਵੰਡਣ ਵਾਲਾ ਸੀ, ਕਤਲੇਆਮ ਵਾਲਾ ਸੀ ਤੇ ਸ਼ਾਇਦ ਅੱਜ ਮੁਹੱਬਤ ਦਾ ਦੂਜਾ ਇਤਿਹਾਸ ਇਸ ਲਾਂਘੇ ਰਾਈਂ ਆਰੰਭ ਹੋਏ।

(ਨਮਾਜ਼ ਉਪਰੰਤ)
ਤਾਰਿਕ ਅਹਿਮਦ:
ਅਬਦੁੱਲ, ਸਲਾਮ ਅਲੀਕੁਮ।
ਅਬਦੁੱਲ ਰਹਿਮਾਨ:
ਵਲੀਕੁਮ ਸਲਾਮ।ਸਭ ਖ਼ੈਰੀਅਤ ਏ?
ਤਾਰਿਕ ਅਹਿਮਦ:
ਖ਼ੁਦਾ ਦਾ ਕਰਮ।
ਅਬਦੁੱਲ ਰਹਿਮਾਨ:
ਕਿੱਧਰ ਆਉਣੇ ਹੋਏ ਅੱਜ?
ਤਾਰਿਕ ਅਹਿਮਦ:
ਅੱਲ੍ਹਾ ਨੇ ਮਿਹਰ ਕੀਤੀ।ਸੁਣਿਆ ਆ ਵਈ ਕਰਤਾਰਪੁਰ ਦਾ ਲਾਂਘਾ ਖੋਲ੍ਹਣ ‘ਚ ਸਾਡੀ ਸਰਕਾਰ ਸਹਿਮਤ ਹੋ ਗਈ।ਬਸ, ਅੱਲ੍ਹਾ ਤਾਅਲਾ ਅੱਗੇ ਅਰਜ਼ੋਈ ਲਈ ਗਿਆ ਸਾਂ।
ਅਬਦੁੱਲ ਰਹਿਮਾਨ:
ਨੇਕ ਕਰਮ ਆ।ਇਹ ਨਿੱਤ ਦੀ ਦੁਸ਼ਮਣੀ ਦੋਸਤੀ ‘ਚ ਬਦਲ ਜਾਏ!ਆਮੀਨ!
ਤਾਰਿਕ ਅਹਿਮਦ:
ਹਾਂ, ਖਲਕਤ ਤਾਂ ਇਹੀ ਚਾਹੁੰਦੀ।ਇਹ ਦੁਸ਼ਮਣੀ ਤਾਂ ਸਥਾਪਤੀ ਦੇ ਠੇਕੇਦਾਰਾਂ ਦੀ ਚਾਲ ਏ, ਨਫ਼ਰਤ ਦਾ ਬੀਅ ਬੋ ਕੇ ਵਧਾਈ ਜਾਂਦੇ ਨੇ।ਲੋਕ ਤਾਂ ਖ਼ਮਿਆਜ਼ਾ ਭੁਗਤਦੇ।ਬੱਸ, ਦੋਨਾਂ ਦੇਸਾਂ ਦੀ ਖ਼ੈਰੀਅਤ ਚਾਹੁਨੇ।ਚੰਗਾ, ਚੱਲਦਾਂ ਮੈਂ।
     (ਮਸੀਤ ਵਿੱਚ ਜਾ ਕੇ ਸਿਰ ਝੁਕਾਉਣ ਉਪਰੰਤ ਅਰਜ਼ੋਈ ਕਰਦੇ ਹੋਏ)
ਹੇ ਅੱਲ੍ਹਾ!ਸਰਕਾਰਾਂ ਤੇ ਮਿਹਰ ਸਵੱਲੀ ਕਰ।ਆ ਕਰਤਾਰਪੁਰ ਆਲਾ ਲਾਂਘਾ ਖੁੱਲ੍ਹ ਜੇ।ਅੱਧੀ ਸਦੀ ਤੋਂ ਵੱਧ ਦੀ ਨਫ਼ਰਤ ਕਿਤੇ ਦੋਸਤੀ ‘ਚ ਬਦਲ ਜਾਏ!ਇਹ ਲਾਂਘਾ ਹੀ ਨਈਂ ਬਾਬੇ ਨਾਨਕ ਦੇ ਘਰ ਦੇ ਇਨਸਾਨ ਨੂੰ ਗਲਵੱਕੜੀ ਪਾਉਣ ਦਾ ਜ਼ਰੀਆ ਏ।ਮਿਹਰ ਕਰ ਅੱਲ੍ਹਾ! ਮਿਹਰ ਕਰ!

(ਭਾਰਤ `ਚ)

ਗਿਆਨੀ ਸੱਜਣ ਸਿੰਘ (ਬਾਰਡਰ ਦੇ ਪਿੰਡ ਦੀ ਸੱਥ ਵਿੱਚ) :
ਸੁਣਿਆਂ ਸਰਕਾਰਾਂ ਕਰਤਾਰਪੁਰ ਵਾਲਾ ਲਾਂਘਾ ਖੋਲ੍ਹ ਰਈਆਂ।

ਭਜਨ ਸਿੰਘ:
ਆਹੋ, ਗੁਰੂ ਘਰ ਵਿੱਚ ਕਈ ਸਾਲ ਹੋ ਗਏ ਅਰਦਾਸਾਂ ਕਰਦਿਆਂ ਨੂੰ।ਆਹ ਇੱਥੋਂ ਦੂਰਬੀਨ ਰਾਈਂ ਔਖੇ ਹੋ ਹੋ ਕੇ ਦਰਸ਼ਨ ਕਰਦੇ ਆਂ ਗੁਰੂ ਘਰ ਦੇ।ਸੁਖਾਲਾ ਹੋ ਜੂ ਬਾਬੇ ਨਾਨਕ ਦੇ ਘਰ ਆਉਣਾ ਜਾਣਾ।
ਮਾਸਟਰ ਦਲੀਪ ਸਿੰਘ:
ਇਹ ਭਾਰਤ-ਪਾਕਿਸਤਾਨ ਨੂੰ ਤਾਂ ਅੱਗ ਤੇ ਬਿਠਾ ‘ਤਾ ਸਾਡੀਆਂ ਸਰਕਾਰਾਂ ਨੇ।ਅਖੇ ਆਜ਼ਾਦੀ ਆ ਗਈ…ਇਹ ਸੰਤਾਲੀ ਦਾ ਸਮਾਂ ਕੋਈ ਖੁਸ਼ੀ ਦਾ ਸਮਾਂ ਸੀ? ਹਜ਼ਾਰਾਂ ਹਿੰਦੂ-ਸਿੱਖ ਤੇ ਮੁਸਲਮਾਨਾਂ ਦੇ ਕਤਲ ਕਰਕੇ ਮਨਾਉਨੇ ਪਏਂ ਆਂ ਆਜ਼ਾਦੀ ਦੇ ਜਸ਼ਨ! ਕੀ ਇਹ ਆਜ਼ਾਦੀ ਭਲਾ ਕਤਲਾਂ ਤੋਂ ਬਿਨਾ ਕਿਸੇ ਨੀਤੀ ਤਹਿਤ ਨਈਂ ਆ ਸਕਦੀ ਸੀ? ਆ ਸਕਦੀ ਸੀ, ਪਰ ਮਾਰ ਲਿਆ ਕਾਹਲ਼ੀ ਦੇ ਫੈਸਲਿਆਂ ਨੇ ਤੇ ਅੰਗਰੇਜ਼ਾਂ ਦੀਆਂ ਪਾੜੋ ਤੇ ਰਾਜ ਕਰੋ ਦੀਆਂ ਨੀਤੀਆਂ ਨੇ।ਉਦੋਂ ਦੀ ਭਰਾਵਾਂ ਦੀ ਨਫ਼ਰਤ ਅੱਜ ਤੱਕ ਨਈਂ ਮਿਟੀ।
ਇਹ ਲਾਂਘਾ ਕੇਵਲ ਗੁਰੂ ਘਰ ਕਰਤਾਰਪੁਰ ਸਾਹਿਬ ਦਾ ਲਾਂਘਾ ਈ ਨਈਂ।ਇਹ ਇਨਸਾਨਸਤਾਨ ਦਾ ਲਾਂਘਾ ਏ।ਭਰਾਵਾਂ ਭਰਾਵਾਂ ਨੂੰ ਮਿਲਾਉਣ ਤੇ ਨਫ਼ਰਤ ਮਿਟਾਉਣ ਦਾ ਜ਼ਰੀਆ ਏ।

ਮਖੌਲੀ ਬੰਸਾ (ਹੱਸ ਕੇ):
ਆਹ ਰੱਬ ਦੇ ਘਰ ਨੂੰ ਮਿਲਾਉਂਦੇ ਮਿਲਾਉਂਦੇ ਕਿਤੇ ਅੱਤਵਾਦੀ ਈ ਨਾ ਆ ਜਾਣ ਇੱਥੇ?

ਮਾਸਟਰ ਦਲੀਪ ਸਿੰਘ:
ਬੰਸਿਆ, ਏਦਾਂ ਨਈਂ ਹੁੰਦਾ।ਤੂੰ ਕੀ ਸਮਝਦਾਂ ਕਿ ਅੱਤਵਾਦੀ ਕੇਵਲ ਓਹ ਨੇ ਜੋ ਸੰਤਾਲੀਆਂ ਚੁੱਕੀ ਹਮਲੇ ਕਰਦੇ ਫ਼ਿਰਦੇ।ਭਲੇਮਾਣਸਾ, ਅੱਤਵਾਦੀ ਤਾਂ ਅਸਲ ਵਿੱਚ ਓਹ ਵੀ ਨੇ, ਜੋ ਧਰਮਾਂ ਤੇ ਰਾਜਨੀਤਿਕ ਹਿਤਾਂ ਦੇ ਨਾਂ ‘ਤੇ ਦੇਸ਼ ਨੂੰ ਤੇ ਲੋਕਾਂ ਨੂੰ ਨਫ਼ਰਤ ਵਿੱਚ ਰੰਗ ਕੇ ਵੰਡੀਆਂ ਪਾਉਂਦੇ।ਕਿਹੜਾ ਧਰਮ ਏ ਜਿਹੜਾ ਨਫ਼ਰਤ, ਵੈਰ ਤੇ ਵੰਡੀਆਂ ਸਿਖਾਉਂਦਾ ਏ ਭਲਾ।ਦੁਨੀਆਂ ਦੇ ਸਾਰੇ ਧਰਮ ਇਨਸਾਨੀਅਤ ਦਾ ਕਰਮ ਸਿਖਾਉਂਦੇ ਤੇ ਆਪਸੀ ਪੇ੍ਰਮ ਦਾ ਪਾਠ ਪੜ੍ਹਾਉਂਦੇ।ਤੇ ਫਿਰ ਧਰਮਾਂ ਵਾਲਿਆਂ ‘ਚ ਨਫ਼ਰਤ ਕਿੱਥੋਂ ਆ ਗਈ ਭਲਾ? ਬੱਸ ਇਹ ਸਵਾਰਥੀ ਮੌਕਾਪ੍ਰਸਤ ਸ਼ੈਤਾਨ ਲੋਕ ਨੇ ਜੋ ਇਨਸਾਨੀਅਤ ਨੂੰ ਨਫ਼ਰਤ ਵਿੱਚ ਰੰਗਦੇ ਨੇ । ਬਾਕੀ ਇਹ ਲਾਂਘਾ ਵੀ ਬਾਰਡਰ ਵਾਲੀ ਸੁਰੱਖਿਆ ਵਾਲਾ ਈ ਹੋਊ।ਫ਼ਰਕ ਤਾਂ ਸਿਰਫ ਏਨਾ ਹੋਣਾ ਕਿ ਬਿਨਾ ਪਾਸਪੋਰਟ ਦੇ ਵੀਜ਼ਾ ਲੱਗ ਜਿਆ ਕਰੂ ਪਾਕਿਸਤਾਨ ਦਾ, ਇਸ ਗੁਰੂ ਘਰ ਦੇ ਲਾਂਘੇ ਲਈ।ਸੰਤਾਲੀ ਦੀ ਵੰਡ ਰਾਹੀਂ ਹਿੰਦੋਸਤਾਨ ਵੀ ਬਣਾ ਲਿਆ ਤੇ ਪਾਕਿਸਤਾਨ ਵੀ ਬਣਾ ਲਿਆ…ਆਓ ਇਸ ਲਾਂਘੇ ਰਾਹੀਂ ਕਿਤੇ ਇਨਸਾਨਸਤਾਨ ਵੀ ਬਣਾ ਲਈਏ!

ਬੰਸਾ:
ਆਹੋ, ਸਰਕਾਰਾਂ ਚਾਹੁਣ ਤਾਂ ਕੀ ਨਈਂ ਹੋ ਸਕਦਾ? ਵੈਸੇ ਆ ਹਿੰਦੋਸਤਾਨੀ ਪਾਕਿਸਤਾਨੀਆਂ ਨੂੰ ਮਿਲਣ ਨੂੰ ਤਰਸਦੇ ਤੇ ਪਾਕਿਸਤਾਨੀ ਹਿੰਦੋਸਤਾਨੀਆਂ ਨੂੰ।

ਮਾਸਟਰ ਦਲੀਪ ਸਿੰਘ:
     ਆਹੋ।ਬੜੀ ਵਾਰੀ ਦੇਖਿਆ ਵਾਹਗਾ ਬਾਰਡਰ `ਤੇ ਜਾ ਕੇ ਮੈਂ।ਇਧਰੋਂ ਓਧਰ ਤੇ ਓਧਰੋਂ ਏਧਰ ਅੱਡੀਆਂ ਚੁੱਕ ਚੁੱਕ ਵੇਂਹਦੇ ਇਕ ਦੂਜੇ ਨੂੰ।ਆਪਣੇ ਬੇਗਾਨੇ ਹੋ ਗਏ, ਤੇ ਬੇਗਾਨੇ ਬਣ ਕੇ ਓਪਰਿਆਂ ਵਾਗੂੰ ਈ ਦੇਖਦੇ।ਹਊਆ ਬਣਾ ਤਾ ਪਾਕਿਸਤਾਨੀਆਂ ਨੂੰ! ਉਨਾਂ ਵੱਲ ਇੰਜ ਦੇਖਦੇ ਸਾਡੇ ਲੋਕ ਜਿਵੇਂ ਕਿਸੇ ਅਜੂਬੇ ਨੂੰ ਦੇਖਣਾ ਹੋਵੇ।ਭਲਾ ਆਪਣੇ ਈ ਲੋਕ ਪਰਾਏ ਕਿਉਂ ਹੋ ਗਏ? ਬੱਸ ਸੋਚ ਈ ਨਈਂ ਪੈਦਾ ਹੋਣ ਦਿੱਤੀ ਸਾਡੇ ਕਈ ਮੌਕਾਪ੍ਰਸਤ ਆਗੂਆਂ ਨੇ ਕਿ ਇਹ ਵੀ ਸਾਡੇ ਆਪਣੇ ਨੇ।

ਸਰਦਾਰ ਮਹਿੰਦਰ ਸਿੰਘ ਖਾਲਸਾ:
ਬਾਬਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।ਆਹ ਅਰਦਾਸਾਂ ਰੰਗ ਲਿਆਈਆਂ ਊ।ਕਰਤਾਰਪੁਰ ਦੇ ਲਾਂਘੇ ਨੂੰ ਬੂਰ ਪਿਆ ਈ।ਅਖੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੀ ਜਲਦੀ ਈ ਲਾਂਘੇ ਨੂੰ ਮੰਜੂਰੀ ਦੇ ਦਊ।ਪਾਕਿਸਤਾਨ ਦਾ ਪ੍ਰਧਾਨ ਮੰਤਰੀ ਤਾਂ ਸਹਿਮਤ ਹੋ ਗਿਆ।ਚਲੋ ਗੁਰੂ ਘਰ ਦੇ ਦਰਸ਼ਨਾਂ ਦੇ ਜ਼ਰੀਏ ਦੋ ਪੰਜਾਬਾਂ ਦੀ ਲੀਕ ਨੂੰ ਮਿਟਾਉਣ ਦਾ ਹੀਆ ਬਣੂ ਏ ਕਰਤਾਰਪੁਰ ਦਾ ਲਾਂਘਾ।
ਮਾਸਟਰ ਦਲੀਪ ਸਿੰਘ:
     ਖ਼ਾਲਸਾ ਜੀ, ਭਾਰਤ-ਪਾਕਿਸਤਾਨ ਦੀ ਵੰਡ ਕਾਹਦੀ ਹੋਈ, ਸਾਡਾ ਬਾਬਾ ਨਾਨਕ ਈ ਵੰਡਤਾ! ਇਧਰ ਸੁਲਤਾਨਪੁਰ ਲੋਧੀ ਤੇ ਓਧਰ ਕਰਤਾਰਪੁਰ ਸਾਹਿਬ।ਇਹ ਲਾਂਘਾ ਬਾਬੇ ਨਾਨਕ ਦੀ ਇਨਸਾਨੀਅਤ ਦਾ ਲਾਂਘਾ ਏ।ਨਫ਼ਰਤ ਨੂੰ ਮਿਟਾਉਣ ਵਾਲਾ ਲਾਂਘਾ।
Paramjit Kalsi Btl

 

 

ਡਾ. ਪਰਮਜੀਤ ਸਿੰਘ ਕਲਸੀ
(ਸਟੇਟ ਅਤੇ ਨੈਸ਼ਨਲ ਐਵਾਰਡੀ),
ਪਿੰਡ ਤੇ ਡਾਕਖਾਨਾ ਊਧਨਵਾਲ, ਜ਼ਿਲਾ ਗੁਰਦਾਸਪੁਰ।
ਮੋ- 70689 00008   

Check Also

ਤਿੰਨ ਰੋਜ਼ਾ ਬਾਲ ਮੇਲੇ ਦੇ ਪਹਿਲੇ ਦਿਨ 700 ਬੱਚਿਆਂ ਨੇ ਲਿਆ ਭਾਗ

ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – ਕਲਾ ਕੇਂਦਰ ਸੰਗਰੂਰ ਅਤੇ ਰੰਗਸ਼ਾਲਾ ਵਲੋਂ 30ਵਾਂ ਰਜਿੰਦਰ ਸਿੰਘ …

Leave a Reply