ਸੁਲਤਾਨਪੁਰ ਲੋਧੀ, 17 ਮਾਰਚ (ਪੰਜਾਬ ਪੋਸਟ ਬਿਊਰੋ) – ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਵੱਲੋਂ ਅੱਜ
‘ਸੁਲਤਾਨਪੁਰ ਲੋਧੀ ਸਮਾਰਟ ਸਿਟੀ’ ਪ੍ਰਾਜੈਕਟ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਇਸ ਪ੍ਰਾਜੈਕਟ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਵਿੱਢੀ ਤਿਆਰੀ ਦਾ ਮੁਲਾਂਕਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੁੱਚੀ ਪਲਾਨਿੰਗ ਦੀ ਪ੍ਰਪੋਜ਼ਲ ਤਿਆਰ ਕਰ ਲਈ ਗਈ ਹੈ ਅਤੇ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਇਸ ਪ੍ਰਾਜੈਕਟ ਤਹਿਤ ਸੁਲਤਾਨਪੁਰ ਲੋਧੀ ਨੂੰ ਵਿਸ਼ਵ ਪੱਧਰੀ ਸ਼ਹਿਰ ਵਜੋਂ ਵਿਕਸਤ ਕਰਨ ਲਈ 271 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ, ਜਿਸ ਵਿਚ ਸ਼ਹਿਰ ਦਾ ਸੁੰਦਰੀਕਰਨ ਕਰਨ, ਸ਼ਹਿਰ ਦੇ ਚੱਪੇ-ਚੱਪੇ ’ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣ, ਪ੍ਰਮੁੱਖ ਥਾਵਾਂ ’ਤੇ ਪਬਲਿਕ ਐਡਰੈਸ ਸਿਸਟਮ ਲਗਾਉਣ, ਵੇਰੀਏਬਲ ਮੈਸੇਜ ਡਿਸਪਲੇ ਅਤੇ ਵਾਟਰ ਕੁਆਲਿਟੀ ਸੈਂਸਰ ਆਦਿ ਲਗਾਏ ਜਾਣਾ ਸ਼ਾਮਿਲ ਹੈ।ਸ਼ਹਿਰ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਸੈਂਟਰਲ ਸੈਂਟਰ, ਪ੍ਰਾਇਮਰੀ ਡਾਟਾ ਸੈਂਟਰ, ਡਿਜ਼ਾਸਟਰ ਰਿਕਵਰੀ ਸੈਂਟਰ ਅਤੇ ਨੈਟਵਰਕ ਸੈਂਟਰ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਹੈ।ਇਸ ਪ੍ਰਾਜੈਕਟ ਤਹਿਤ ਪਵਿੱਤਰ ਨਗਰੀ ਨੂੰ ਸਮਾਰਟ ਸੜਕਾਂ, ਸਟੋਨ ਪਿਚਿੰਗ, ਸਜਾਵਟੀ ਲਾਈਟਾਂ, ਸਜਾਵਟੀ ਦਰੱਖਤਾਂ, ਸਮਾਰਟ ਪੋਲਾਂ ਅਤੇ ਫੁਆਰਿਆਂ ਆਦਿ ਨਾਲ ਸ਼ਿੰਗਾਰਿਆ ਜਾਵੇਗਾ।ਪਵਿੱਤਰ ਬੇਈਂ ਦੀ ਸਟੋਨ ਪਿਚਿੰਗ ਅਤੇ ਰੇਲਿੰਗ ਕਰਨ ਤੋਂ ਇਲਾਵਾ ਇਸ ਦੀ ਕੰਕਰੀਟ ਲਾਈਨਿੰਗ, ਇੰਟਰਲਾਕਿੰਗ ਟਾਈਲਾਂ ਦੀ ਸੜਕ ਅਤੇ ਸੋਲਰ ਪਾਵਰ ਸਿਸਟਮ ਆਦਿ ਦੀ ਤਜਵੀਜ਼ ਹੈ।ਇਸੇ ਤਰ੍ਹਾਂ ਇਥੇ ਬਿਜਲੀ ਦੀ ਅੰਡਰਗਰਾਊਂਡ ਵਾਇਰਿੰਗ ਤੋਂ ਇਲਾਵਾ ਨਵੇਂ ਟ੍ਰਾਂਸਫਾਰਮਰ ਸਥਾਪਿਤ ਕੀਤੇ ਜਾਣ ਅਤੇ ਹੋਰ ਬਹੁਤ ਸਾਰੇ ਕਾਰਜਾਂ ਦੀ ਯੋਜਨਾ ਉਲੀਕੀ ਗਈ ਹੈ।
ਇਸ ਉਪਰੰਤ ਵਿਧਾਇਕ ਚੀਮਾ ਤੇ ਡਿਪਟੀ ਕਮਿਸ਼ਨਰ ਨੇ ਪ੍ਰਾਜੈਕਟ ਨਾਲ ਸਬੰਧਤ ਵੱਖ-ਵੱਖ ਥਾਵਾਂ ਦਾ ਦੌਰਾ ਵੀ ਕੀਤਾ, ਜਿਨ੍ਹਾਂ ਵਿਚ ਸਮਾਰਟ ਸੜਕਾਂ, ਅੰਡਰਗਰਾਊਂਡ ਵਾਇਰਿੰਗ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਡੰਪ ਤੇ ਸਬਜੀ ਮੰਡੀ ਲਈ ਨਿਰਧਾਰਿਤ ਥਾਂ ਦਾ ਦੌਰਾ ਵੀ ਕੀਤਾ ਗਿਆ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਰੇਹੜੀ ਵਾਲਿਆਂ ਨੂੰ ਮੰਡੀ ਵਿਚ ਹੀ ਆਪਣੀਆਂ ਰੇਹੜੀਆਂ ਲਗਾਉਣ ਲਈ ਪਾਬੰਦ ਕੀਤਾ ਜਾਵੇ।
ਇਸ ਮੌਕੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ.ਐਸ.ਪੀ ਸਰਵਨ ਸਿੰਘ ਬੱਲ, ਨਾਇਬ ਤਹਿਸੀਲਦਾਰ ਮੇਲਾ ਸਿੰਘ, ਬੀ.ਡੀ.ਪੀ.ਓ ਗੁਰਪ੍ਰਤਾਪ ਸਿੰਘ ਗਿੱਲ, ਈ.ਓ ਬਲਜੀਤ ਸਿੰਘ ਬਿਲਗਾ, ਐਕਸੀਅਨ ਪੀ. ਡਬਲਿਊ.ਡੀ ਵਰਿੰਦਰ ਕੁਮਾਰ, ਐਕਸੀਅਨ ਸੀਵਰੇਜ ਸੰਨੀ ਗੋਗਨਾ ਅਤੇ ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media