Wednesday, April 29, 2026

ਕਰੋਨਾ ਦੇ ਵੱਧਦੇ ਖਤਰੇ ਨੂੰ ਵੇਖਦਿਆਂ ਪਾਸਪੋਰਟ ਦਫਤਰ ਹੋਇਆ ਅਲਰਟ

ਬਹੁਤ ਜ਼ਰੂਰੀ ਹੈ ਤਾਂ ਹੀ ਪਾਸਪੋਰਟ ਬਣਵਾਓ – ਮੁਨੀਸ਼ ਕਪੂਰ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਜਾਨਲੇਵਾ ਕਰੋਨਾ ਵਾਇਰਸ ਤੋਂ ਆਮ ਲੋਕਾਂ ਨੂੰ Munish Kapoor Regional Passport Officerਬਚਾਉਣ ਲਈ ਸਥਾਨਕ ਪਾਸਪੋਰਟ ਦਫ਼ਤਰ ਨੇ ਵੀ ਅਲਰਟ ਹੁੰਦਿਆਂ ਪਾਸਪੋਰਟ ਬਣਵਾਉਣ ਵਾਲੇ ਲੋਕਾਂ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ।
               ਇਸ ਸਬੰਧੀ ਪਾਸਪੋਰਟ ਦਫਤਰ ‘ਚ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦਿਆਂ ਪਾਸਪੋਰਟ ਅਫ਼ਸਰ ਮਨੀਸ਼ ਕਪੂਰ ਨੇ ਕਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਨੂੰ ਵੇਖਦਿਆਂ ਹੋਇਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਆਪਣਾ ਪਾਸਪੋਰਟ ਬਣਵਾਉਣ ਲਈ ਅਪਲਾਈ ਕਰਨ ਜਾਂ ਦਫ਼ਤਰ ਆਉਣ।ਉਨ੍ਹਾਂ ਕਿਹਾ ਕਿ ਵੇਖਣ ‘ਚ ਆ ਰਿਹਾ ਹੈ ਕਿ ਸਕੂਲਾਂ ‘ਚ ਛੁੱਟੀਆਂ ਹੋਣ ਕਾਰਨ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੇ ਪਾਸਪੋਰਟ ਬਣਾਉਣ ਲਈ ਅਪਲਾਈ ਕਰ ਰਹੇ ਹਨ।ਜਦ ਕਿ ਬੱਚਿਆਂ ਦਾ ਪਾਸਪੋਰਟ ਬਣਨ ਮੌਕੇ ਮਾਂ-ਪਿਓ ਦਾ ਵੀ ਪਾਸਪੋਰਟ ਦਫਤਰ ਆਉਣਾ ਜ਼ਰੂਰੀ ਹੁੰਦਾ ਹੈ।ਜਿਸ ਨਾਲ ਦਫ਼ਤਰ ਅੰਦਰ ਭੀੜ ਵਧ ਰਹੀ ਹੈ।ਉਨ੍ਹਾਂ ਨੇ ਮਾਪਿਆਂ ਨੂੰ ਸੰਜ਼ਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਪਾਸਪੋਰਟ ਦਫ਼ਤਰ ਅੰਦਰ ਆਉਣ ਸਮੇਂ, ਫਿੰਗਰ ਪ੍ਰਿੰਟ ਦੇਣ ਤੋਂ ਬਾਅਦ ਅਤੇ ਬਾਹਰ ਨਿਕਲਣ ਸਮੇਂ ਬਿਨੈਕਾਰ ਚੰਗੀ ਤਰ੍ਹਾਂ ਆਪਣੇ ਹੱਥ ਧੋਣ, ਆਪਣਾ ਰੁਮਾਲ ਜ਼ਰੂਰ ਲੈ ਕੇ ਆਉਣ ਅਤੇ ਹੋ ਸਕੇ ਤਾਂ ਆਪਣੇ ਨਾਲ ਸੈਨੀਟੇਜ਼ਰ ਵੀ ਲੈ ਕੇ ਅਉਣ।
ਪਾਸਪੋਰਟ ਅਫਸਰ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਹੁਣ 3 ਵਾਰ ਅਪਾਇੰਟਮੈਂਟ ਰੀ-ਸ਼ਡਿਊਲ ਕਰਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ, ਜਿਸ ਨਾਲ ਹੁਣ ਬਿਨੈਕਾਰ ਜਿੰਨੀ ਵਾਰ ਮਰਜ਼ੀ ਆਪਣੀ ਅਪਾਇੰਟਮੈਂਟ ਰੀ-ਸ਼ਡਿਊਲ ਕਰ ਸਕਦਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਰਣਜੀਤ ਐਵੀਨਿਊ ਦਫਤਰ ‘ਚ ਹੁਣ ਇਨਕੁਆਰੀ ਅਗਲੇ ਹੁਕਮਾਂ ਤੱਕ ਬੰਦ ਰਹੇਗੀ ਅਤੇ ਫਾਈਲ ਪ੍ਰੋਸੈਸਿੰਗ ਸਮੇਂ ਲੋੜ ਪੈਣ ਤੇ ਦਫ਼ਤਰ ਵਲੋਂ ਖ਼ੁਦ ਬਿਨੈਕਾਰ ਨੂੰ ਫੋਨ ਕਰਕੇ ਲੋੜੀਂਦੀ ਜਾਣਕਾਰੀ ਲੈ ਲਈ ਜਾਵੇਗੀ।
             ਉਨ੍ਹਾਂ ਇਹ ਵੀ ਦੱਸਿਆ ਕਿ ਸਟਾਫ ਦੀ ਸੁਰੱਖਿਆ ਲਈ ਵੀ ਦਫ਼ਤਰ ਵਲੋਂ ਜ਼ਰੂਰੀ ਕਦਮ ਚੁੱਕਦਿਆਂ ਲੋੜੀਂਦੇ ਮਾਸਕ, ਸੈਨੀਟਾਈਜ਼ਰ ਅਤੇ ਦਸਤਾਨੇ ਆਦਿ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਸਟਾਫ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਰੇਕ ਬਿਨੈਕਾਰ ਦੇ ਫਿੰਗਰ ਪ੍ਰਿੰਟ ਲੈਣ ਤੋਂ ਬਾਅਦ ਸਕੈਨਰ ਨੂੰ ਚੰਗੀ ਤਰ੍ਹਾਂ ਸਟਰਲਾਈਜ਼ ਕੀਤਾ ਜਾਵੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …