ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਲਈ ਜਿਸ ਫੌਲਾਦ ਦੀ ਵਰਤੋਂ ਕੀਤੀ ਸੀ, ਉਸਨੂੰ ਸੀ੍ਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਉਸ ਨੂੰ ਤਪਾਇਆ, ਜਿਸ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਤ-ਸਿਪਾਹੀ ਦੇ ਨਕਸ਼ਾਂ ਦੀ ਘਾੜਤ ਅਰੰਭ ਦਿੱਤੀ।ਸ੍ਰੀ ਗੁਰੂ ਹਰਿਰਾਏ ਸਾਹਿਬ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸ ਨੂੰ ਸੁਆਰਨ ਵਿਚ ਆਪਣਾ ਯੋਗਦਾਨ ਪਾਇਆ।ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਉਸਦਾ ਰੂਪ ਨਿਖਾਰ ਦਿੱਤਾ। ਇਸਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਅੰਤਿਮ ਛੋਹਾਂ ਦੇ, ਪੂਰੀ ਤਰ੍ਹਾਂ ਸੰਤ-ਸਿਪਾਹੀ ਦੇ ਰੂਪ ਵਿਚ ਢਾਲ ਉਸਦੇ ਸਿਰਜਨ ਦੀ ਤਿਆਰੀ ਅਰੰਭ ਦਿੱਤੀ।
ਹਾਲਾਤ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਦੀ ਵਿਸਾਖੀ ਦੇ ਮੌਕੇ ਤੇ ਇਕ ਵਿਸ਼ਾਲ ਇੱਕਠ ਕਰਨ ਦਾ ਫੈਸਲਾ ਕੀਤਾ।ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਸਦੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਗਏ ਕਿ ਇਕ ਵਿਸ਼ੇਸ਼ ਤੇ ਨਵਾਂ ਪ੍ਰੋਗਰਾਮ ਲੈਣ ਲਈ ਸਾਰੇ ਸਿੱਖ ਹੁਮ-ਹੁਮਾ ਕੇ ਵਿਸਾਖੀ ਵਾਲੇ ਦਿਨ 30 ਮਾਰਚ, 1699 ਈ. ਨੂੰ ਅਨੰਦਪੁਰ ਸਾਹਿਬ ਵਿਖੇ ਪੁੱਜਣ।
ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਸੰਗਤਾਂ ਪਾਸ ਪੁੱਜੇ ਤਾਂ ਉਨ੍ਹਾਂ ਨੇ ਬੜੇ ਸਤਿਕਾਰ ਸਹਿਤ ਮੱਥੇ ਨਾਲ ਛੁਹਾ, ਖੋਲ੍ਹ ਕੇ ਪੜ੍ਹਿਆ।ਸੰਗਤਾਂ ਇਹ ਜਾਣ ਕੇ ਫੁੱਲੀਆਂ ਨਾ ਸਮਾਈਆਂ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਦਰਸ਼ਨਾਂ ਅਤੇ ਨਵਾਂ ਪ੍ਰੋਗਰਾਮ ਦੇਣ ਲਈ ਸੱਦਿਆ ਹੈ।30 ਮਾਰਚ ਵਿਸਾਖੀ ਤੋਂ ਪਹਿਲਾਂ ਹੀ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ।ਸੰਗਤਾਂ ਦੇ ਨਿਵਾਸ ਅਤੇ ਅਰਾਮ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੋਏ ਸਨ।ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹਰ ਸਿੱਖ ਨਿਹਾਲ ਹੋ ਰਿਹਾ ਸੀ।ਉਸ ਦੇ ਚਿਹਰੇ ਦੀ ਚਮਕ, ਉਸਦੀ ਖੁਸ਼ੀ ਨੂੰ ਛੁੱਪਣ ਨਹੀਂ ਸੀ ਦੇ ਰਹੀ।
ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਦੀਵਾਨ ਸੱਜਿਆ।ਕੀਰਤਨ ਅਰੰਭ ਹੋ ਗਿਆ।ਸੰਗਤਾਂ ਇਸ਼ਨਾਨ-ਪਾਣੀ ਕਰ ਦੀਵਾਨ ਵਿਚ ਪੁੱਜਣ ਲੱਗ ਪਈਆਂ।ਥੋੜੇ ਸਮੇਂ ਵਿਚ ਹੀ ਵਿਸ਼ਾਲ ਪੰਡਾਲ ਭਰਿਆ ਗਿਆ।ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਸਿੱਖਾਂ ਨੂੰ ਸੰਬੋਧਨ ਕਰਨ ਲਈ ਸਿੰਘਾਸਣ ਤੋਂ ਉੱਠੇ।ਸਿੱਖ ਸੰਗਤਾਂ, ਜੋ ਨਵਾਂ ਪ੍ਰੋਗਰਾਮ ਲੈਣ ਲਈ ਉਥੇ ਪੁੱਜੀਆਂ ਸਨ, ਇਕ ਟੱਕ ਗੁਰੂ ਸਾਹਿਬ ਦੇ ਚਿਹਰੇ ਵੱਲ ਵੇਖਣ ਲੱਗ ਪਈਆਂ ਅਤੇ ਆਪਣੇ ਆਪ ਨੂੰ ਉਨ੍ਹਾਂ ਗੁਰੂ ਸਾਹਿਬ ਦੀ ਅਵਾਜ਼ ਸੁਣਨ ਲਈ ਕੇਂਦਰਤ ਕਰ ਲਿਆ।ਕੋਈ ਵੀ ਇਹ ਨਹੀਂ ਸੀ ਚਾਹੁੰਦਾ ਕਿ ਗੁਰੂ ਸਾਹਿਬ ਦਾ ਕਿਹਾ ਕੋਈ ਵੀ ਸ਼ਬਦ ਉਹ ਸੁਣਨੋਂ ਖੁੰਝ ਜਾਏ ਤੇ ਉਸਨੂੰ ਕਿਸੇ ਦੂਜੇ ਤੋਂ ਪੁੱਛਣਾ ਪਏ ਕਿ ਗੁਰੂ ਸਾਹਿਬ ਨੇ ਕੀ ਕਿਹਾ ਸੀ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦ੍ਰਿੜਤਾ ਭਰੇ ਸ਼ਬਦਾਂ ਨਾਲ ਆਪਣੀ ਗੱਲ ਕਹਿਣੀ ਅਰੰਭ ਕੀਤੀ।ਉਨ੍ਹਾਂ ਨੇ ਉਹਨਾਂ ਹਾਲਾਤਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਪੁਰ ਅਵਤਾਰ ਧਾਰਿਆ ਸੀ।ਫਿਰ ਸੀ੍ਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੱਕ ਦੇ ਹਾਲਾਤ ਉਨ੍ਹਾਂ ਸਿੱਖਾਂ ਨੂੰ ਵਿਸਥਾਰ ਸਹਿਤ ਸੁਣਾਏ।
ਜਿਉਂ-ਜਿਉਂ ਗੁਰੂ ਸਾਹਿਬ ਇਨ੍ਹਾਂ ਹਾਲਾਤਾਂ ਦਾ ਜ਼ਿਕਰ ਕਰਦੇ ਗਏ, ਤਿਉਂ-ਤਿਉਂ ਉਨ੍ਹਾਂ ਦੇ ਚਿਹਰੇ ਦੀ ਚਮਕ ਅਤੇ ਉਸ ਵਿਚ ਸ਼ਾਮਲ ਹੋ ਰਹੀ ਲਾਲੀ ਵਧਦੀ ਗਈ।ਇਸ ਗੱਲ ਨੂੰ ਹਰ ਸਿੱਖ ਬੜੀ ਤੀਬਰਤਾ ਨਾਲ ਮਹਿਸੂਸ ਕਰ ਰਿਹਾ ਸੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਪਹਾੜੀ ਰਾਜਿਆਂ ਅਤੇ ਦਿੱਲੀ ਦੀ ਮੁਗ਼ਲ ਹਕੂਮਤ ਵਲੋਂ ਗੁਰੂ ਘਰ ‘ਤੇ ਕੀਤੇ ਗਏ 6 ਹਮਲਿਆਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਤੇ ਦੱਸਿਆ ਕਿ ਗੁਰੂ ਘਰ ਕੋਈ ਹਕੂਮਤ ਕਾਇਮ ਨਹੀਂ ਕਰ ਰਿਹਾ, ਕਿਸੇ ਦੀ ਜ਼ਮੀਨ ਜਾਂ ਕਿਸੇ ਦੇ ਇਲਾਕੇ ਪੁਰ ਕਬਜ਼ਾ ਕਰਨ ਦਾ ਵੀ ਉਸਦਾ ਕੋਈ ਉਦੇਸ਼ ਨਹੀਂ, ਫਿਰ ਵੀ ਗੁਰੂ ਘਰ ਤੇ ਹਮਲੇ ਕੀਤੇ ਜਾਣੇ, ਸਿੱਖ ਸੰਗਤਾਂ ਲਈ ਇਕ ਚੁਣੌਤੀ ਹਨ।ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅੱਜ ਹਾਲਤ ਇਹ ਹੋ ਗਈ ਹੈ ਕਿ ਇਸ ਸੰਸਾਰ ਵਿਚ ਉਹੀ ਵਿਅਕਤੀ ਇੱਜ਼ਤ, ਮਾਣ ਅਤੇ ਸਨਮਾਨ ਨਾਲ ਜੀਅ ਸਕਦਾ ਹੈ, ਜਿਸਨੇ ਆਪਣਾ ਸਿਰ ਤਲੀ ਤੇ ਰੱਖਿਆ ਹੋਵੇ ਅਤੇ ਮੌਤ ਨਾਲ ਮਖੌਲ ਕਰਨ ਦਾ ਉਸ ਵਿਚ ਜਿਗਰਾ ਰੱਖਣ ਦਾ ਉਸ ਵਿਚ ਹੀਆ ਹੋਵੇ।ਇਸ ਲਈ ਲੋੜ ਹੈ ਕਿ ਅਜ ਅਜਿਹੇ ਇੱਕ ਵਿਅਕਤੀ ਦੀ, ਜੋ ਕੌਮ ਲਈ ਮਰ ਮਿਟਣ ਦੀ ਭਾਵਨਾ ਪੈਦਾ ਕਰਨ ਲਈ ਆਪਾ ਕੁਰਬਾਨ ਕਰ ਸਕੇ।
ਇਹ ਆਖਦਿਆਂ ਗੁਰੂ ਸਾਹਿਬ ਨੇ ਸੱਜੇ ਹੱਥ ਨਾਲ ਮਿਆਨ ਵਿਚੋਂ ਤਲਵਾਰ ਬਾਹਰ ਖਿੱਚ ਲਈ।ਗੁਰੂ ਸਾਹਿਬ ਦਾ ਇਹ ਰੂਪ ਦੇਖਦਿਆਂ ਹੀ ਸਾਰੇ ਦਰਬਾਰ ਵਿਚ ਸੰਨਾਟਾ ਛਾ ਗਿਆ।ਹਰ ਸਿੱਖ ਦੂਜੇ ਦਾ ਮੂੰਹ ਵੇਖਣ ਲੱਗ ਪਿਆ।ਹਰ ਇੱਕ ਦੀਆਂ ਅੱਖਾਂ ਵਿਚ ਸੁਆਲ ਸੀ ਕਿ ਗੁਰੂ ਸਾਹਿਬ ਕੀ ਆਖ ਰਹੇ ਹਨ? ਗੁਰੂ ਸਾਹਿਬ ਕੀ ਚਾਹੁੰਦੇ ਹਨ?
ਦੀਵਾਨ ਵਿੱਚ ਚੁੱਪ ਛਾ ਗਈ।ਗੁਰੂ ਸਾਹਿਬ ਨੇ ਤਿੰਨ ਵਾਰ ਆਪਣੀ ਮੰਗ ਦੁਹਰਾਈ : ‘ਲੋੜ ਹੈ ਇੱਕ ਅਜਿਹੇ ਵਿਅਕਤੀ ਦੀ, ਜੋ ਕੌਮ ਵਿਚ ਮਰ ਮਿਟਣ ਦੀ ਭਾਵਨਾ ਪੈਦਾ ਕਰਨ ਲਈ ਆਪਾ ਕੁਰਬਾਨ ਕਰ ਸਕੇ’।ਥੋੜੀ ਦੇਰ ਜੱਕੋ-ਤੱਕੀ ਰਹੀ।ਫਿਰ ਲਾਹੌਰ ਦਾ ਇਕ ਖੱਤਰੀ ਦਯਾ ਰਾਮ ਉੱਠਿਆ ਤੇ ਅੱਗੇ ਵਧ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣਾ ਸਿਰ ਝੁਕਾ ਦਿੱਤਾ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸਨੂੰ ਅੰਦਰ ਲੈ ਗਏ।ਥੋੜੀ ਦੇਰ ਬਾਅਦ ਲਹੂ ਨਾਲ ਲਿਬੜੀ ਤਲਵਾਰ ਲੈ ਆਪ ਮੁੜ ਬਾਹਰ ਆ ਗਏ।ਉਨ੍ਹਾਂ ਫਿਰ ਮੰਗ ਕੀਤੀ ਕਿ ਇਕ ਹੋਰ ਸਿਰ ਚਾਹੀਦਾ ਹੈ? ਇਸ ਤਰ੍ਹਾਂ ਉਨ੍ਹਾਂ ਪੰਜ ਵਾਰ ਸਿਰਾਂ ਦੀ ਮੰਗ ਕੀਤੀ।ਦਯਾ ਰਾਮ ਤੋਂ ਬਾਅਦ ਦਿੱਲੀ ਦਾ ਇਕ ਜੱਟ ਧਰਮ ਦਾਸ, ਉਸ ਪਿਛੋਂ ਦੁਆਰਕਾ ਦਾ ਧੋਬੀ ਮੋਹਕਮ ਚੰਦ, ਫਿਰ ਜਗਨਨਾਥ ਦਾ ਰਸੋਈਆ ਭਾਈ ਹਿੰਮਤ ਅਤੇ ਅੰਤ ਵਿਚ ਬਿਦਰ ਦਾ ਨਾਈ ਸਾਹਿਬ ਚੰਦ ਵਾਰੋ-ਵਾਰੀ ਅੱਗੇ ਵਧੇ।
ਇਕ ਤੋਂ ਬਾਅਦ ਇਕ ਨੂੰ ਗੁਰੂ ਸਾਹਿਬ ਤੰਬੂ ਦੇ ਅੰਦਰ ਲਿਜਾਂਦੇ ਅਤੇ ਉਸ ਪਿਛੋਂ ਲਹੂ-ਲਿਬੜੀ ਤਲਵਾਰ ਲੈ ਬਾਹਰ ਆਉਂਦੇ ਰਹੇ।ਜਦੋਂ ਸਾਹਿਬ ਚੰਦ ਨੂੰ ਅੰਦਰ ਲਿਜਾਣ ਤੋਂ ਬਾਅਦ ਗੁਰੂ ਸਾਹਿਬ ਬਾਹਰ ਆਏ ਤਾਂ ਉਨਾਂ ਦੇ ਚਿਹਰੇ ਤੋਂ ਸੰਤੁਸ਼ਟਤਾ ਡੁੱਲ੍ਹ-ਡੁੱਲ੍ਹ ਪੈ ਰਹੀ ਸੀ।ਉਨ੍ਹਾਂ ਤਲਵਾਰ ਸਾਫ ਕੀਤੀ ਤੇ ਮਿਆਨ ਵਿਚ ਪਾ ਲਈ।ਸਿੰਘਾਸਣ ਤੇ ਬਿਰਾਜ਼ਮਾਨ ਹੋ, ਜਦੋਂ ਉਨ੍ਹਾਂ ਦੀਵਾਨ ਵਲ ਨਜ਼ਰ ਮਾਰੀ ਤਾਂ ਉਨ੍ਹਾਂ ਵੇਖਿਆ ਬਹੁਤ ਸਾਰੇ ਸਿੱਖ ਖਿਸਕ ਗਏ ਹੋਏ ਹਨ। ਦੀਵਾਨ ਵਿਚ ਹਾਜ਼ਰੀ ਬਹੁਤ ਘੱਟ ਰਹਿ ਗਈ ਹੈ।
ਥੋੜੀ ਦੇਰ ਵਿਚ ਹੀ ਜਦੋਂ ਪੰਜੇ ਸਿੱਖ ਨਵੇਂ ਬਸਤਰ ਪਹਿਨੀਂ ਤੰਬੂੰ ਵਿਚੋਂ ਬਾਹਰ ਆਏ ਤਾਂ ਸਭ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ।ਹਰ ਕੋਈ ਇਕ-ਦੂਜੇ ਦਾ ਮੂੰਹ ਵੇਖ, ਅੱਖਾਂ ਹੀ ਅੱਖਾਂ ਵਿੱਚ ਅਤੇ ਹੱਥਾਂ ਦੇ ਇਸ਼ਾਰਿਆਂ ਨਾਲ ਪੁੱਛ ਰਿਹਾ ਸੀ ਕਿ ਇਹ ਸਭ ਕਿਵੇਂ ਹੋ ਗਿਆ? ਗੁਰੂ ਸਾਹਿਬ ਦਾ ਇਹ ਕੀ ਕੌਤਕ ਹੈ? ਇਹ ਕੀ ਕਰਾਮਾਤ ਹੈ?
ਸੰਤ-ਸਿਪਾਹੀ ਦੀ ਸਿਰਜਨਾ ਨੂੰ ਅੰਤਿਮ ਛੋਹ: ਜਦੋਂ ਪੰਜੇ ਸਿੰਘ ਨਵੇਂ ਬਸਤਰ ਪਹਿਨ, ਕਮਰ-ਕੱਸਾ ਕਰ, ਦੀਵਾਨ ਵਿਚ ਆ ਹਾਜ਼ਰ ਹੋਏ ਤਾਂ ਗੁਰੂ ਸਾਹਿਬ ਨੇ ਬੀਰ ਆਸਨ ਹੋ ਕੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਜਿਸ ਵਿਚ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾ ਮਿਠਾਸ ਭਰੀ।ਗੁਰੂ ਸਾਹਿਬ ਨੇ ਪਹਿਲਾਂ ਉਨ੍ਹਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਉਨ੍ਹਾਂ ਨੂੰ ਸੰਤ-ਸਿਪਾਹੀ ਦਾ ਰੂਪ ਬਖਸ਼ਿਆ।ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਨ੍ਹਾਂ ਕੋਲੋਂ ਅੰਮ੍ਰਿਤ ਛਕਿਆ ਅਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਕ ਨਵਾਂ ਨੀਂਹ ਪੱਥਰ ਰੱਖਿਆ।ਇਸ ਸਥਿਤੀ ਦਾ ਵਰਨਣ ਦੂਜੇ ਭਾਈ ਗੁਰਦਾਸ ਜੀ ਨੇ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ:-
‘ਵਾਹੁ ਵਾਹੁ (ਗੁਰੂ) ਗੋਬਿੰਦ ਸਿੰਘ ਆਪੇ ਗੁਰ ਚੇਲਾ’।

ਜਸਵੰਤ ਸਿੰਘ ‘ਅਜੀਤ’
ਮੋ – 95 827198 90
Punjab Post Daily Online Newspaper & Print Media