ਡਿਪਟੀ ਕਮਿਸ਼ਨਰ ਨੇ ਫੁੱਲ ਅਤੇ ਫ਼ਲ ਭੇਟ ਕਰਕੇ ਘਰ ਲਈ ਕੀਤਾ ਰਵਾਨਾ
ਹੁਸ਼ਿਆਰਪੁਰ, 14 ਅਪਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲਾ ਹੁਸ਼ਿਆਰਪੁਰ ਲਈ ਅੱਜ ਇਕ ਚੰਗੀ ਖਬਰ ਹੈ ਕਿ ਪਿੰਡ ਮੋਰਾਂਵਾਲੀ ਦਾ ਵਸਨੀਕ ਗੁਰਪ੍ਰੀਤ ਸਿੰਘ
ਕੋਰੋਨਾ `ਤੇ ਫਤਿਹ ਪਾਉਣ ਵਿੱਚ ਕਾਮਯਾਬ ਹੋ ਗਿਆ ਹੈ।ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਇਸ ਨੌਜਵਾਨ ਨੂੰ ਫੁੱਲ ਅਤੇ ਫਲ ਭੇਟ ਕਰਕੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਆਪਣੇ ਘਰ ਲਈ ਰਵਾਨਾ ਕੀਤਾ। ਗੁਰਪ੍ਰੀਤ ਸਿੰਘ (33) ਸਵਰਗੀ ਹਰਭਜਨ ਸਿੰਘ ਦਾ ਪੁੱਤਰ ਹੈ ਅਤੇ ਹੁਣ ਮੌਜੂਦਾ ਤੌਰ `ਤੇ ਗੁਰਪ੍ਰੀਤ ਸਿੰਘ ਦੀ ਪੋਜ਼ੀਟਿਵ ਪਤਨੀ, ਮਾਤਾ ਅਤੇ ਇਕ ਗੁਆਂਢਣ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ।ਅੱਜ ਗੁਰਪ੍ਰੀਤ ਸਿੰਘ ਨੂੰ ਉਸ ਦੀ ਭੈਣ ਸੰਦੀਪ ਕੌਰ ਸਮੇਤ ਡੇਢ ਸਾਲ ਦਾ ਬੇਟਾ ਅਭਿਜੋਤ ਸਿੰਘ ਅਤੇ 6 ਸਾਲ ਦੀ ਬੇਟੀ ਹਰਲੀਨ ਕੌਰ ਲੈਣ ਲਈ ਆਏ ਸਨ।ਉਨਾਂ ਗੁਰਪ੍ਰੀਤ ਸਿੰਘ ਨਾਲ ਉਸਦੇ ਪਿਤਾ ਦੀ ਮੌਤ `ਤੇ ਦੁੱਖ ਵੀ ਸਾਂਝਾ ਕੀਤਾ।
ਡਿਪਟੀ ਕਮਿਸ਼ਨਰ ਨੇ ਆਈਸੋਲੇਸ਼ਨ ਵਾਰਡ `ਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਵਜੋਂ ਸੇਵਾਵਾਂ ਨਿਭਾਉਣ ਵਾਲੇ ਹਸਪਤਾਲ ਦੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਵਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਸਦਕਾ ਇਕ ਮਰੀਜ਼ ਸਿਹਤਯਾਬ ਹੋ ਚੁੱਕਾ ਹੈ ਅਤੇ ਬਾਕੀ ਤਿੰਨ ਸਿਹਤਯਾਬੀ ਵੱਲ ਵੱਧ ਰਹੇ ਹਨ।ਆਸ ਹੈ ਕਿ ਇੰਨਾਂ ਤਿੰਨ ਮਰੀਜ਼ਾਂ ਦੇ ਸੈਂਪਲ ਵੀ ਨੈਗੇਟਿਵ ਆਉਣ ‘ਤੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਣਗੇ।
Punjab Post Daily Online Newspaper & Print Media