ਇਕੱਠਾਂ ਵਿੱਚ ਬੰਦਿਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵੀ ਹੋਵੇਗਾ 10000 ਰੁਪਏ ਜੁਰਮਾਨਾ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਕੋਵਿਡ ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਰੈਸਟੋਰੈਂਟ ਅਤੇ ਖਾਣ ਪੀਣ ਵਾਲੀਆਂ ਵਪਾਰਕ ਥਾਵਾਂ ’ਤੇ ਸਮਾਜਿਕ ਵਿੱਥ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ।ਉਨਾਂ ਕਿਹਾ ਕਿ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਖਤੀ ਕੀਤੀ ਜਾਵੇਗੀ ਅਤੇ ਇਕੱਠਾਂ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ ਅਤੇ ਤੈਅ ਸ਼ੁਦਾ ਗਿਣਤੀ ਤੋਂ ਵੱਧ ਇਕੱਠ ਕਰਨ ਵਾਲਿਆਂ ’ਤੇ 10000 ਰੁਪਏ ਜੁਰਮਾਨਾ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਨਤਕ ਥਾਵਾਂ ’ਤੇ ਮਾਸਕ ਨਾ ਪਹਿਨਣ ‘ਤੇ 500 ਰੁਪਏ ਜੁਰਮਾਨਾ, ਘਰੇਲੂ ਏਕਾਂਤਵਾਸ ਦੀਆਂ ਹਦਾਇਤਾਂ ਦੇ ਉਲੰਘਣ ’ਤੇ 200 ਰੁਪਏ ਅਤੇ ਜਨਤਕ ਥਾਵਾਂ ’ਤੇ ਥੁੱਕਣ ’ਤੇ 500 ਰੁਪਏ ਜੁਰਮਾਨਾ ਲਗਾਇਆ ਜਾਂਦਾ ਸੀ।ਉਨਾਂ ਕਿਹਾ ਕਿ ਮੌਜੂਦਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੁਕਾਨਾਂ/ਵਪਾਰਕ ਥਾਵਾਂ ਨੂੰ ਸਮਾਜਿਕ ਦੂਰੀ ਦੀ ਉਲੰਘਣਾ ਕਰਨ ’ਤੇ 2000 ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ ਜਦਕਿ ਬੱਸਾਂ ਅਤੇ ਕਾਰਾਂ ਵਿੱਚ ਅਜਿਹੀ ਉਲੰਘਣਾ ਕਰਨ ’ਤੇ ਕ੍ਰਮਵਾਰ 3000 ਰੁਪਏ ਅਤੇ 2000 ਰੁਪਏ ਜੁਰਮਾਨਾ ਭਰਨਾ ਪਵੇਗਾ ਅਤੇ ਆਟੋ-ਰਿਕਸ਼ਾ/ਦੋ-ਪਹੀਆ ਵਾਹਨਾਂ ਦੇ ਸਬੰਧ ਵਿੱਚ 500 ਰੁਪਏ ਜੁਰਮਾਨਾ ਦੇਣਾ ਹੋਵੇਗਾ।ਉਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਮਾਸਕ ਪਹਿਨਣਾ ਲਾਜ਼ਮੀ ਕਰਨ ਦੇ ਅਮਲ ਨੂੰ ਸਖਤੀ ਨਾਲ ਯਕੀਨੀ ਬਣਾਉਣ ਲਈ ਕਰੜੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਧਾਰਮਿਕ ਸ਼ਖਸੀਅਤਾਂ ਨੂੰ ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਥਾਵਾਂ ਰਾਹੀਂ ਆਵਾਜ਼ਾਂ ਦੇ ਕੇ ਇਸ ਸਬੰਧ ਵਿੱਚ ਲੋਕਾਂ ਨੂੰ ਜਾਗੂਰਕ ਕਰਨ ਦੀ ਵੀ ਅਪੀਲ ਕੀਤੀ।ਉਨਾਂ ਕਿਹਾ ਕਿ ਧਰਨੇ-ਪ੍ਰਦਰਸ਼ਨ ਵੇਲੇ ਵੀ ਸਮਾਜਿਕ ਦੂਰੀ ਦਾ ਬਰਾਬਰ ਖਿਆਲ ਰੱਖਿਆ ਜਾਵੇ ਅਤੇ ਅਜਿਹਾ ਨਾ ਕਰਨ ਉਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਉਨਾਂ ਸਾਰੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਸਕ, ਸਮਾਜਿਕ ਦੂਰੀ ਵਰਗੇ ਆਦੇਸ਼ਾਂ ਨੂੰ ਸਰਕਾਰੀ ਹੁਕਮ ਹੀ ਨਹੀਂ, ਬਲਕਿ ਆਪਣੇ ਰੱਖਿਆ ਦਾ ਮੁੱਖ ਸਾਧਨ ਮੰਨਣ।