ਲੋਕਾਂ ਨੂੰ ਨਜਾਇਜ਼ ਸ਼ਰਾਬ ਦੇ ਖਤਰੇ ਬਾਰੇ ਕੀਤਾ ਜਾਗਰੂਕ
ਕਪੂਰਥਲਾ, 4 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲੇ ਅੰਦਰ ਨਜਾਇਜ਼ ਸ਼ਰਾਬ ਨੂੰ ਰੋਕਣ ਤੇ ਲੋਕਾਂ ਨੂੰ ਉਸ ਦੇ ਮਾੜੇ ਪ੍ਰਭਾਵਾਂ ਬਾਰੇ ਚੇਤੰਨ ਕਰਨ ਦੇ
ਮਕਸਦ ਨਾਲ ਅਬਕਾਰੀ ਤੇ ਪੁਲਿਸ ਵਿਭਾਗ ਵਲੋਂ ਅੱਜ ਕਪੂਰਥਲਾ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ।
ਫਲੈਗ ਮਾਰਚ ਦੀ ਅਗਵਾਈ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਅਬਾਕਾਰੀ ਕਮਿਸ਼ਨਰ ਕਪੂਰਥਲਾ ਰੇਂਜ ਹਰਦੀਪ ਭਾਂਵਰਾ, ਡੀ.ਐਸ.ਪੀ ਜਸਬੀਰ ਸਿੰਘ ਨੇ ਕੀਤੀ।ਇਹ ਫਲੈਗ ਮਾਰਚ ਮਹਿਤਾਬਗੜ ਤੋਂ ਸ਼ੁਰੂ ਹੋਇਆ ਅਤੇ ਸੁੰਦਰ ਨਗਰ, ਕਿਲਾ ਮੁਹੱਲਾ, ਹਾਥੀ ਖਾਨਾ, ਨਾਮਦੇਵ ਕਾਲੋਨੀ, ਸ਼ਹਿਰੀਆਂ ਮੁਹੱਲਾ, ਕੋਟੂ ਚੌਂਕ, ਕੈਮਪੁਰਾ ਮੁਹੱਲਾ, ਸਦਰ ਬਜਾਰ, ਜਲੌਖਾਨਾ, ਸਰਾਫਾ ਬਜ਼ਾਰ, ਮੱਛੀ ਚੌਂਕ, ਸ਼ਾਲਾਮਾਰ ਬਾਗ ਵਿਖੇ ਸਮਾਪਤ ਹੋਇਆ।
ਫਲੈਗ ਮਾਰਚ ਦੌਰਾਨ ਐਸ.ਡੀ.ਐਮ ਤੇ ਸਹਾਇਕ ਆਬਕਾਰੀ ਕਮਿਸ਼ਨਰਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਕਿਸੇ ਵੀ ਤਰਾਂ ਦੀ ਨਜ਼ਾਇਜ਼ ਸ਼ਰਾਬ ਬਣਾਉਣ, ਉਸ ਦੀ ਵਿਕਰੀ ਬਾਰੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦੇਣ ਕਿਉਂਕਿ ਇਸ ਨਾਲ ਨਾ ਸਿਰਫ ਮਨੁੱਖੀ ਜਾਨ ਨੂੰ ਖਤਰਾ ਹੈ, ਸਗੋਂ ਅਮਨ ਤੇ ਕਾਨੂੰਨ ਦੀ ਹਾਲਤ ਵੀ ਵਿਗੜਦੀ ਹੈ। ਉਨਾਂ ਕਿਹਾ ਕਿ ਇਹ ਫਲੈਗ ਮਾਰਚ ਲੋਕਾਂ ਨੂੰ ਉਨਾਂ ਦੇ ਜਾਨ-ਮਾਲ ਦੀ ਰਾਖੀ ਲਈ ਜਾਗਰੂਕ ਕਰਨ ਵਾਸਤੇ ਕੱਢਿਆ ਗਿਆ ਹੈ ਤਾਂ ਜੋ ਉਨਾਂ ਨੂੰ ਨਜ਼ਾਇਜ਼ ਸ਼ਰਾਬ ਦੇ ਮਾੜੇ ਪ੍ਰਭਾਵਾਂ ਬਾਰੇ ਪਤਾ ਲੱਗ ਸਕੇ।
ਉ ਨਾਂ ਨਜ਼ਾਇਜ਼ ਸ਼ਰਾਬ ਕੱਢਣ ਵਾਲਿਆਂ ਤੇ ਵੇਚਣ ਵਾਲੇ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਗੈਰਕਾਨੂੰਨੀ ਗਤੀਵਿਧੀਆਂ ਤੋਂ ਬਾਜ਼ ਆਉਣ ਨਹੀਂ ਤਾਂ ਉਨਾਂ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਉਨਾਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਜਾਣਗੀਆਂ।ਫਲੈਗ ਮਾਰਚ ਦੌਰਾਨ ਐਸ.ਐਚ.ਓ ਸਿਟੀ ਤੇ ਕੋਤਵਾਲੀ ਵੀ ਹਾਜ਼ਰ ਸਨ।
Punjab Post Daily Online Newspaper & Print Media