ਵਿਗਿਆਨ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨਗੀਆਂ ਦੋਵੇਂ ਸੰਸਥਾਵਾਂ
ਅੰਮ੍ਰਿਤਸਰ, 12 ਅਗਸਤ (ਖੁਰਮਣੀਆਂ) – ਵਿਦਿਆਰਥੀਆਂ ਵਿੱਚ ਵਿਗਿਆਨ ਤੇ ਵਿਗਿਆਨਕ ਰੁਝਾਨਾਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੇ ਸਾਇੰਸਰੌਕਸ ਕਲੱਬ ਅਤੇ ਸੋਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਐਂਡ ਟੈਕਨਾਲੌਜੀ ਇੰਡੀਆ (ਐਸ.ਪੀ.ਐਸ.ਟੀ.ਆਈ) ਦਰਮਿਆਨ ਵਿਗਿਆਨ ਅਤੇ ਤਕਨਾਲੋਜੀ ਦੇ ਪ੍ਰਚਾਰ ਨੂੰ ਹੋਰ ਪ੍ਰਫੁਲਿਤ ਕਰਨ ਲਈ ਇਕ ਵਿਸ਼ੇਸ਼ ਸਮਝੌਤਾ ਹੋਇਆ।ਜਿਸ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਹਰਿਆਣਾ ਦੇ ਸਾਬਕਾ ਮੁੱਖ ਸਕੱਤਰ ਅਤੇ ਸੁਸਾਇਟੀ ਦੇ ਪ੍ਰਧਾਨ ਧਰਮ ਵੀਰ ਆਈ.ਏ.ਐਸ ਨੇ ਦਸਤਖਤ ਕੀਤੇ।
ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਡੀਨ ਵਿਦਿਆਰਥੀ ਭਲਾਈ, ਡਾ. ਹਰਦੀਪ ਸਿੰਘ ਯੂਨੀਵਰਸਿਟੀ ਇੰਡਸਟਰੀ ਲਿੰਕੇਜ਼ ਪ੍ਰੋਗਰਾਮ ਦੇ ਕੋਆਰਡੀਨੇਟਰ, ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਐਸ.ਪੀ.ਐਸ.ਟੀ.ਆਈ ਦੇ ਸੈਕਟਰੀ, ਡਾ. ਕਿਆ ਧਰਮਵੀਰ ਅਤੇ ਐਸ.ਪੀ.ਐਸ.ਟੀ.ਆਈ ਦੇ ਡਾਇਰੈਕਟਰ ਮੱਖਣ ਲਾਲ ਗਰਗ ਵੀ ਇਸ ਸਮੇਂ ਮੌਜੂਦ ਸਨ।
ਧਰਮ ਵੀਰ ਨੇ ਕਿਹਾ ਕਿ ਉਹ ਯੂਨੀਵਰਸਿਟੀ ਦੇ ਸਾਇੰਸਰੌਕਸ ਕਲੱਬ ਨਾਲ ਹੋਏ ਸਮਝੌਤੇ ਦੀ ਮਦਦ ਨਾਲ ਇਸ ਖੇਤਰ ਦੇ ਬੱਚਿਆਂ ਵਿਚ ਜਿਥੇ ਵਿਗਿਆਨਕ ਜਾਗਰੂਕਤਾ ਫੈਲਾਉਣ ਵਿਚ ਮਦਦ ਮਿਲੇਗੀ, ਉਥੇ ਭਵਿੱਖ ਦੇ ਵਿਗਿਆਨੀ ਬਣਾਉਣ ਲਈ ਵੀ ਵਿਦਿਆਰਥੀਆਂ ‘ਚ ਦਿਲਚਸਪੀ ਪੈਦਾ ਕੀਤੀ ਜਾਵੇਗੀ।ਜਿਸ ਦਾ ਆਉਣ ਵਾਲੇ ਸਮੇਂ ਵਿਚ ਕਾਫੀ ਲਾਭ ਪ੍ਰਾਪਤ ਹੋਵੇਗਾ ਅਤੇ ਸਮਾਜ ਵਿਚ ਵਿਗਿਆਨਕ ਸੋਚ ਪ੍ਰਫੁਲਤ ਹੋਵੇਗੀ।
ਪ੍ਰੋਫੈਸਰ ਸੰਧੂ ਨੇ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀਆਂ ਲਈ ਵੱਖ-ਵੱਖ ਐਕਟੀਵਿਟੀ ਕਲੱਬਾਂ ਦੀ ਸ਼ੁਰੂਆਤ ਕੀਤੀ ਹੈ।ਜਿਸ ਦੇ ਨਾਲ ਵਿਦਿਆਰਥੀਆਂ ਵਿਚ ਪੜ੍ਹਾਈ ਤੋਂ ਇਲਾਵਾ ਦੂਜੀਆਂ ਗਤੀਵਿਧੀਆਂ ਵਿਚ ਅੱਗੇ ਨਾਲੋਂ ਜ਼ਿਆਦਾ ਝੁਕਾਅ ਹੋਇਆ ਹੈ।ਇਨ੍ਹਾਂ ਕਲੱਬਾਂ ਦਾ ਪ੍ਰਬੰਧ ਜਿਥੇ ਵਿਦਿਆਰਥੀ ਕਰਦੇ ਹਨ, ਉਥੇ ਇੱਕ ਇੱਕ ਕਲੱਬ ਦੇ ਨਾਲ ਵੱਖ-ਵੱਖ ਸਲਾਹਕਾਰ ਵੀ ਨਿਯੁੱਕਤ ਕੀਤੇ ਗਏ ਹਨ, ਜੋ ਉਨ੍ਹਾਂ ਨੂੰ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।ਕਲੱਬਾਂ ਦਾ ਮੁੱਖ ਉਦੇਸ਼ ਸਿਖਿਆ ਦੇ ਨਾਲ ਨਾਲ ਵਿਦਿਆਰਥੀਆਂ ਵਿਚ ਹੁਨਰ ਤਲਾਸ਼ਣ ਤੇ ਵਿਕਸਿਤ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਸਾਇੰਸਰੌਕਸ ਇਸ ਖੇਤਰ ਦੇ ਬੱਚਿਆਂ ਅਤੇ ਨੌਜਵਾਨਾਂ ‘ਚ ਵਿਗਿਆਨ ਦੇ ਪ੍ਰਚਾਰ ਲਈ ਸਰਗਰਮ ਕਦਮ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸ ਪ੍ਰਗਟਾਈ ਕਿ ਸੋਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਐਂਡ ਟੈਕਨਾਲੌਜੀ ਇੰਡੀਆ ਦੇ ਨਾਲ ਹੋਏ ਸਮਝੌਤੇ ਤੋਂ ਬਾਅਦ ਉਨ੍ਹਾਂ ਦੇ ਸਹਿਯੋਗ ਨਾਲ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿਚ ਵਿਦਿਆਰਥੀਆਂ ਵਿੱਚ ਨਵੀਂ ਜਾਗਰੂਕਤਾ ਅਤੇ ਇਕ ਨਵਾਂ ਵਿਗਿਆਨ ਸਭਿਆਚਾਰ ਪੈਦਾ ਕਰਨ ‘ਚ ਉਹ ਕਾਮਯਾਬ ਹੋਣਗੇ।
ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਸਾਇੰਸਰੋਕਸ ਨਾਂ ਦੇ ਇਸ ਯੂਨੀਵਰਸਿਟੀ ਕਲੱਬ ਨੂੰ ਵਿਦਿਆਰਥੀਆਂ ਵੱਲੋਂ ਖੁਦ ਚਲਾਇਆ ਜਾ ਰਿਹਾ ਹੈ।ਜਿਸਦੇ ਨਾਲ ਯੂਨੀਵਰਸਿਟੀ ਅਤੇ ਇਸ ਦੇ ਨਾਲ ਜੁੜੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਵੱਖ-ਵੱਖ ਵਿਗਿਆਨਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਸਮਝੌਤੇ ਅਧੀਨ ਦੋਵੇਂ ਸੰਸਥਾਵਾਂ ਸਾਂਝੇ ਤੌਰ `ਤੇ ਸੈਮੀਨਾਰ, ਵਰਕਸ਼ਾਪਾਂ, ਕਾਨਫਰੰਸਾਂ, ਪ੍ਰਤਿਭਾ ਮੁਕਾਬਲੇ ਅਤੇ ਸਾਇੰਸ ਪ੍ਰਦਰਸ਼ਨੀ ਆਦਿ ਦਾ ਪ੍ਰਬੰਧ ਕਰਿਆ ਕਰਨਗੀਆਂ।ਉਨ੍ਹਾਂ ਦੱਸਿਆ ਕਿ ਵਿਗਿਆਨਕ ਰੁਚੀ ਵਧਾਉਣ ਅਤੇ ਹੋਰ ਵਿਗਿਆਨ ਨਾਲ ਜੁੜੇ ਸਮਾਰੋਹ ਕਰਵਾਉਣ ਹਿਤ ਸਾਇੰਸਰੌਕਸ ਕਲੱਬ ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ, ਫਿਜ਼ਿਕਸ ਵਿਭਾਗ ਤੋਂ ਡਾ. ਬਿੰਦੀਆ ਅਰੋੜਾ ਅਤੇ ਕੈਮਿਸਟਰੀ ਵਿਭਾਗ ਤੋਂ ਡਾ. ਵੀਨਸ ਸਿੰਘ ਮਿੱਠੂ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਲਈ ਕਈ ਗਤੀਵਿਧੀਆਂ ਦਾ ਆਯੋਜਨ ਕਰਕੇ ਉਸਾਰੂ ਵਿਗਿਆਨਕ ਪ੍ਰੋਗਰਾਮਾਂ ਲਈ ਨਿਰੰਤਰ ਕੰਮ ਕਰ ਰਿਹਾ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media