ਜਿਲ੍ਹਾ ਸਿਖਿਆ ਅਫਸਰ ਵਲੋਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਟੀਮ ਨਾਲ ਆਨਲਾਈਨ ਮੀਟਿੰਗ
ਪਠਾਨਕੋਟ, 17 ਅਗਸਤ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਨਿੱਤ ਨਵੀਆਂ ਪੁਲਾਘਾਂ ਪੁੱਟ ਰਹੇ ਸੂਬੇ ਦੇ
ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਵੇਖਣ ਕਰਵਾਉਣ ਦਾ ਫੈਸਲਾ ਕੀਤਾ ਹੈ।ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਦੇਖ-ਰੇਖ ‘ਚ ਹੋਣ ਵਾਲੇ ਇਸ ਸਰਵੇਖਣ ਦੀ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ‘ਪੰਜਾਬ ਪ੍ਰਾਪਤੀ ਸਰਵੇਖਣ’ (ਪੰਜਾਬ ਅਚੀਵਮੈਂਟ ਸਰਵੇ) ਦੀ ਤਿਆਰੀ ਲਈ ਜਿਲ੍ਹਾ ਸਿੱਖਿਆ ਅਫਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸੀ.ਐਚ.ਟੀਆਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਤੇ ਅਧਿਆਪਕਾਂ ਨਾਲ ਵਿਸਥਾਰ ਪੂਰਵਕ ਆਨਲਾਈਨ ਮੀਟਿੰਗਾਂ ਲਗਾਤਾਰ ਜਾਰੀ ਹਨ।ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਟੀਮ ਨਾਲ ਪੰਜਾਬ ਅਚੀਵਮੈਂਟ ਸਰਵੇ ਸਬੰਧੀ ਕੀਤੀ ਗਈ ਆਨਲਾਈਨ ਮੀਟਿੰਗ ਦੌਰਾਨ ਕੀਤਾ ਗਿਆ।
ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਰਵੇਖਣ ‘ਚ ਚਲੰਤ ਵਿਦਿਅਕ ਸ਼ੈਸ਼ਨ 2020-21 ਦੌਰਾਨ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ ਵਿੱਦਿਅਕ ਗੁਣਵਤਾ ਦੀ ਪਰਖ ਕੀਤੀ ਜਾਵੇਗੀ।ਇਸ ਸਰਵੇਖਣ ਦੀ ਸ਼ੁਰੂਆਤ ਅਗਸਤ ਮਹੀਨੇ ‘ਚ ਹੋਣ ਵਾਲੇ ਪ੍ਰਸ਼ਨੋਤਰੀ ਨਾਲ ਹੋਵੇਗੀ ਅਤੇ ਇਸ ਤੋਂ ਪੰਦਰਾਂ ਦਿਨ ਬਾਅਦ ਫਿਰ ਸਰਵੇਖਣ ਸਬੰਧੀ ਪ੍ਰਸ਼ਨੋਤਰੀ (ਕੁਇਜ਼) ਹੋਵੇਗੀ।ਸਤੰਬਰ ਮਹੀਨੇ ‘ਚ ਬੱਚਿਆਂ ਦਾ ਪਹਿਲਾ ਮੌਕ ਟੈਸਟ ਹੋਵੇਗਾ। ਦੂਸਰਾ ਮੌਕ ਟੈਸਟ ਅਕਤੂਬਰ ਤੇ ਤੀਸਰਾ ਟੈਸਟ ਨਵੰਬਰ ਮਹੀਨੇ ‘ਚ ਨੇਪਰੇ ਚੜੇਗਾ।
ਉਪ ਜਿਲ੍ਹਾ ਸਿੱਖਿਆ ਅਫਸਰ ਰਮੇਸ਼ ਲਾਲ ਠਾਕੁਰ ਅਤੇ ਜਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਟੀਮ ਦੇ ਵਨੀਤ ਮਹਾਜਨ ਨੇ ਦੱਸਿਆ ਕਿ ਸਰਵੇਖਣ ਸਬੰਧੀ ਸਾਰੇ ਵਿਭਾਗ ਦੇ ਰਿਸੋਰਸ ਪਰਸਨ ਅਧਿਆਪਕਾਂ ਨੂੰ ਸਿਖਲਾਈ ਦੇਣਗੇ ਅਤੇ ਅਧਿਆਪਕਾਂ ਵਲੋਂ ਅੱਗੇ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕਰਨਗੇ।
ਮੀਟਿੰਗ ਵਿੱਚ ਸਮਾਰਟ ਸਕੂਲ ਸਹਾਇਕ ਕੋਆਰਡੀਨੇਟਰ ਸੰਜੀਵ ਮਨੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬੀਐਮਟੀ ਰਾਜਕੁਮਾਰ, ਬੀ.ਐਮ.ਟੀ ਅਜੇ ਵਸ਼ਿਸ਼ਟ, ਰਾਕੇਸ਼ ਕੁਮਾਰ, ਪਵਨ ਅੱਤਰੀ, ਯੋਗੇਸ਼ ਕੁਮਾਰ, ਬਿਸੰਬਰ ਦਾਸ ਆਦਿ ਹਾਜ਼ਰ ਸਨ।
Punjab Post Daily Online Newspaper & Print Media