Friday, March 27, 2026

ਗੁੰਮ ਹੋਏ 267 ਪਾਵਨ ਸਰੂਪਾਂ ਦੇ ਮਾਮਲੇ ‘ਚ ਜਥੇਦਾਰ ਨਿਰਪੱਖ ਫੈਸਲਾ ਸੁਣਾਉਣ – ਬ੍ਰਹਮਪੁਰਾ

ਕਿਹਾ ਬਾਦਲਾਂ ਨੇ 4 ਸਾਲ ਪਾਵਨ ਸਰੂਪਾਂ ਦਾ ਮਾਮਲਾ ਲੁਕਾ ਕੇ ਰੱਖਿਆ

ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ) – ਸ਼ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਗੁੰਮ ਹੋਏ ਪਾਵਨ ਸਰੂਪਾਂ ਸਬੰਧੀ ਫੈਸਲਾ ਨਿਰਪੱਖਤਾ ਨਾਲ ਸੁਣਾਉਣ, ਕਿਉਂਕਿ ਦੁਨੀਆਂ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਇਸ ਫੈਸਲੇ ‘ਤੇ ਟਿਕੀਆਂ ਹਨ।
                ਬ੍ਰਹਮਪੁਰਾ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਸਾਜਿਸ਼ ਹੈ ਤੇ ਸਾਜਿਸ਼ਕਾਰ ਸਿੱਖ ਕੌਮ ਦੇ ਸਾਹਮਣੇ ਆਉਣੇ ਚਾਹੀਦੇ ਹਨ।ਬ੍ਰਹਮਪੁਰਾ ਨੇ ਕਿਹਾ ਕਿ ਡਰੱਗ ਅਤੇ ਬੇਅਦਬੀਆਂ ਦੇ ਗੰਭੀਰ ਮਸਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੰਭਕਰਨੀ ਨੀਂਦ ਸੁੱਤਾ ਹੈ।ਉਨਾਂ ਸੱਤਾ ਹਾਸਲ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ 4 ਹਫਤਿਆਂ ਚ ਨਸ਼ਾ ਖਤਮ ਕਰਕੇ ਪੰਜਾਬ ਨੂੰ ਪਾਇਦਾਰ ਹਕੂਮਤ ਦਿੱਤੀ ਜਾਵੇਗੀ।ਪਰ ਇਕ ਗਿਣੀ ਮਿਣੀ ਸਾਜਿਸ਼ ਤਹਿਤ ਕੈਪਟਨ ਤੇ ਬਾਦਲ ਨੇ ਸਮਝੌਤਾ ਕੀਤਾ ਹੈ ਕਿ ਉਹ ਸੂਬੇ ‘ਚ ਰਲ ਕੇ ਰਾਜ ਭਾਗ ਚਲਾਉਣਗੇ।ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲੈਂਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਉਨਾਂ ਦੀਆਂ ਗਲਤ ਨੀਤੀਆਂ ਕਾਰਨ ਐਸ.ਵਾਈ.ਐਲ ਨਹਿਰ ਦਾ ਮਸਲਾ 42 ਸਾਲ ਤੋਂ ਪੰਜਾਬ ਦੀ ਕਿਸਾਨੀ ‘ਤੇ ਤਲਵਾਰ ਵਾਂਗ ਲਟਕ ਰਿਹਾ ਹੈ।ਉਨਾਂ ਮਹਿਰੂਮ ਇੰਦਰਾ ਗਾਂਧੀ ‘ਤੇ ਦੋਸ਼ ਲਾਇਆ ਕਿ ਉਸ ਨੇ ਡਿਕਟੇਟਰ ਬਣ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਾਣੀ ਵੰਡ ਜਾਣ ਬੁੱਝ ਕੇ ਕੀਤੀ ਤਾਂ ਜੋ ਪੰਜਾਬੀਆਂ ਨੂੰ ਸਬਕ ਸਿਖਾਇਆ ਜਾਵੇ।ਸੰਨ 1975 ‘ਚ ਐਮਰਜੈਂਸੀ ਦੀ ਵਿਰੋਧਤਾ ਕਰਕੇ ਤਾਨਾਸ਼ਾਹੀ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸਿਕ ਮੋਰਚਾ ਲਾ ਕੇ ਦੁਨੀਆ ਭਰ ਵਿੱਚ ਇੰਦਰਾ ਗਾਂਧੀ ਦੀ ਸਿੱਖ ਵਿਰੋਧੀ ਸੋਚ ਬੇਪਰਦਾ ਕੀਤੀ ਸੀ।ਉਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਪਾਣੀਆਂ ਦੀ ਵੰਡ ‘ਚ ਸਿਆਸੀ ਰੋਟੀਆ ਸੇਕਣ ਤੋਂ ਗੁਰੇਜ਼ ਕਰੇ ਨਹੀ ਤਾਂ ਉਸ ਨੂੰ ਪੰਜਾਬੀਆਂ ਤੇ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …