Friday, September 20, 2024

ਪਾਵਨ ਸਰੂਪਾਂ ਦੇ ਮਾਮਲੇ ‘ਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ

2016 ਅਤੇ ਮੌਜੂਦਾ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਸੁਣਾਈ ਧਾਰਮਿਕ ਸਜ਼ਾ
ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ‘ਤੇ ਅੱਜ  ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ।ਜਿਸ ਵਿੱਚ ਤਖਤ ਸ੍ਰੀ

File Photo

ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਗੁਰਮਿੰਦਰ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਗਿਆਨੀ ਮੰਗਲ ਸਿੰਘ ਸ਼ਾਮਲ ਸਨ।
                   ਸ੍ਰੀ ਅਕਾਲ ਤਖਤ ਸਾਹਿਬ ਵਿਖੇ 2016 ਦੀ ਸ਼੍ਰੌਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ 12 ਮੈਂਬਰ ਪੇਸ਼ ਹੋਏ।ਇਕੱਤਰਤਾ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੀ ਸਲੀਬ ਤੋਂ ਤਕਰੀਬਨ ਇੱਕ ਘੰਟਾ ਚੱਲੀ ਕਾਰਵਾਈ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2016 ਦੀ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਪਾਵਨ ਸਰੂਪਾਂ ਦੇ ਅਗਨਭੇਟ ਹੋਣ ਦਾ ਪਸ਼ਚਾਤਾਪ ਨਾ ਕਰਵਾਉਣ ਅਤੇ ਮਾਮਲੇ ‘ਚ ਅਣਗਹਿਲੀ ਵਰਤੇ ਜਾਣ ‘ਤੇ ਧਾਰਮਿਕ ਤਨਖਾਹ ਸੁਣਾਈ।ਜਿਸ ਵਿੱਚ ਹੁਕਮ ਕੀਤਾ ਗਿਆ ਕਿ ਮੈਂਬਰ ਖੁੱਦ ਸਹਿਜ ਪਾਠ ਕਰਨਗੇ ਜਾਂ ਪਾਠੀ ਸਿੰਘ ਕੋਲੋਂ ਕਰਵਾਉਣਗੇ, ਇੱਕ ਸਾਲ ਤੱਕ ਸ਼੍ਰੋਮਣੀ ਕਮੇਟੀ ਦਾ ਕੋਈ ਅਹੁੱਦਾ ਨਹੀਂ ਲੈਣਗੇ, ਜਿਸ ਵਿੱਚ ਸਬ ਕਮੇਟੀ ਦੀ ਮੈਂਬਰੀ ਵੀ ਸ਼ਾਮਲ ਹੈ।ਦੱਸਣਯੋਗ ਹੈ ਕਿ 2016 ਦੀ ਅੰਤ੍ਰਿੰਗ ਕਮੇਟੀ ਦੇ 15 ਮੈਂਬਰਾਂ ਨੂੰ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ।ਜਿਸ ਵਿਚੋਂ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਗੈਰਹਾਜ਼ਰ ਮੈਂਬਰਾਂ ਦੀ ਸਿਹਤ ਨਾ ਖੁਸ਼ਗਵਾਰ ਦੱਸੀ ਗਈ।ਇਸ ਤੋਂ ਇਲਾਵਾ ਬੁਲਾਏ ਗਏ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ ਦੀ ਵੀ ਬੀਤੇ ਦਿਨੀ ਮੌਤ ਚੁੱਕੀ ਹੈ।ਤੱਤਕਾਲੀ ਸੀਨੀਅਰ ਮੀਤ ਪ੍ਰਧਾਨ ਰਘੂਵੀਰ ਸਿੰਘ ਨੇ ਸਜ਼ਾ ਮਨਜ਼ੁਰ ਕੀਤੀ।
                   ਅੱਜ ਸਵੈ ਇਛਾ ਨਾਲ ਖਿਮਾ ਯਾਚਨਾ ਕਰਨ ਪੁੱਜੀ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਅੰਤ੍ਰਿੰਗ ਕਮੇਟੀ ਨੂੰ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਵਨ ਸਰੂਪਾਂ ਦੇ ਮਾਮਲੇ ‘ਚ ਅਣਗਹਿਲੀ ਵਰਤਣ ਦਾ ਮੈਂਬਰਾਂ ਵਲੋਂ ਦੋਸ਼ ਮੰਨਣ ‘ਤੇ ਉਨਾਂ ਨੂੰ ਹੱਥ ਜੋੜ ਕੇ ਪਰੀਕਰਮਾ ਕਰਨ ਦਾ ਆਦੇਸ਼ ਦਿੱਤਾ ਗਿਆ।ਜਿਸ ਉਪਰੰਤ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਉਨਾਂ ਨੂੰ ਪਾਵਨ ਸਰੂਪਾਂ ਦੇ ਮਾਮਲੇ ‘ਚ ਸੁਣਾਈ ਗਈ ਧਾਰਮਿਕ ਸਜ਼ਾ ‘ਚ ਪਸ਼ਚਾਤਾਪ ਵਜੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ।ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਦੌਰਾਨ ਤਿੰਨ ਦਿਨ ਸਾਰਾਗੜੀ ਨਿਵਾਸ ਤੋਂ ਘੰਟਾ ਘਰ ਤੱਕ ਰੋਜ਼ਾਨਾ ਝਾੜੂ ਦੀ ਸੇਵਾ ਕਰਨ ਅਤੇ ਇੱਕ ਮਹੀਨਾ ਸੰਗਤਾਂ ਨੂੰ ਸੰਬੋਧਨ ਨਾ ਕਰਨ ਦੀ ਤਨਖਾਹ ਲਾਈ।ਸ਼੍ਰੋਮਣੀ ਕਮੇਟੀ ਦੇ 28 ਸਤੰਬਰ ਦੇ ਇਜ਼ਲਾਸ ਵਿੱਚ ਸ਼ਾਮਲ ਹੋਣ ਦੀ ਮੈਂਬਰਾਂ ਨੂੰ ਛੁਟ ਦਿੱਤੀ ਗਈ।ਸ਼੍ਰੋਮਣੀ ਕਮੇਟੀ ਨੂੰ ਤਾਕੀਦ ਕੀਤੀ ਗਈ ਕਿ ਉਹ ਕੋਈ ਵੀ ਫੈਸਲਾ ਇਕੋ ਵਾਰ ਵਿਦਵਾਨਾਂ ਨਾਲ ਚਰਚਾ ਕਰ ਕੇ ਕਰਨ।ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਸਜ਼ਾ ਖਿੜੇ ਮੱਥੇ ਪ੍ਰਵਾਨ ਕੀਤੀ ਅਤੇ ਮੰਨਿਆ ਕਿ ਉਨਾਂ ਕੋਲੋਂ ਗਲਤੀ ਹੋਈ ਹੈ।
              ਇਸੇ ਦੌਰਾਨ ਪੰਥ ਵਿਚੋਂ ਛੇਕੇ ਗਏ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨਾਲ ਰਾਬਤਾ ਰੱਖਣ ਦੇ ਦੋਸ਼ ‘ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਧਰਮ ਪ੍ਰਚਾਰ ਕਮੇਟੀ ਮੈਂਬਰ ਰਤਨ ਸਿੰਘ ਜਫਰਵਾਲ ਅਤੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਨੂੰ ਇੱਕ ਸਹਿਜ ਪਾਠ ਕਰਨ ਜਾਂ ਕਰਵਾਉਣ, ਸਥਾਨਕ ਗੁਰਦੁਆਰਾ ਸਾਹਿਬ ਵਿਖੇ ਪੰਜ ਦਿਨ ਲੰਗਰ ਦੇ ਜੂਠੇ ਬਰਤਨ ਸਾਫ ਕਰਨ ਅਤੇ ਇੱਕ ਘੰਟਾ ਕੀਰਤਨ ਸੁਣਨ ਦੀ ਤਨਖਾਹ ਲਾਈ।ਇਹ ਤਨਖਾਹ ਪੂਰੀ ਹੋਣ ‘ਤੇ 1100 ਰੁਪਏ ਦੀ ਦੇਗ ਅਤੇ 1100 ਰੁਪਏ ਗੋਲਕ ਵਿੱਚ ਪਾਉਣ ਦੇ ਆਦੇਸ਼ ਦਿੱਤੇ।ਉਨਾਂ ਨੇ ਪਾਵਨ ਸਰੂਪਾਂ ਦੇ ਮਾਮਲੇ ’ਚ ਵਿਰੋਧ ਪ੍ਰਗਟਾ ਰਹੇ ਇੱਕ ਨਿਹੰਗ ਸਿੰਘ ਦੀ ਦਸਤਾਰ ਦੀ ਬੇਅਦਬੀ ਅਤੇ ਕੁੱਟਮਾਰ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਤਲਬ ਕੀਤਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …