ਸੰਗਰੂਰ, 10 ਨਵੰਬਰ (ਜਗਸੀਰ ਲੌਂਗੋਵਾਲ ) – ਸੰਗਰੂਰ ਜ਼ਿਲ੍ਹੇ ਦੇੇ ਪਿੰਡ ਭਲਵਾਨ ਬਲਾਕ ਧੂਰੀ ਦਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਜਿਥੇ ਕੁਦਰਤੀ ਖੇਤੀ
ਕਰਕੇ ਸ਼ੁੱਧ ਅਨਾਜ਼ ਪੈਦਾ ਕਰ ਰਿਹਾ ਹੈ, ਉਥੇ ਹੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਸਾਫ ਸੁੱਥਰਾ ਰੱਖਣ ਵਿੱਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ।
ਕਿਸਾਨ ਨੇ ਦੱਸਿਆ ਕਿ ਉਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਖੇਤੀਬਾੜੀ ਵਿੱਚ ਗ੍ਰੇਜੂਏਟ ਦੀ ਡਿਗਰੀ ਹਾਸਲ ਕੀਤੀ ਹੋਈ ਹੈ।ਪ੍ਰੰਤੂ ਨੌਕਰੀ ਕਰਨ ਦੀ ਬਜ਼ਾਏ ਉਸ ਨੇ ਕੁਦਰਤੀ ਅਤੇ ਜ਼ੈਵਿਕ ਖੇਤੀ ਕਰਨ ਨੂੰ ਤਰਜ਼ੀਹ ਦਿੱਤੀ।ਕਿਸਾਨ ਪਿਛਲੇ 15 ਸਾਲਾਂ ਤੋਂ ਜ਼ੈਵਿਕ ਖੇਤੀ ਕਰ ਰਿਹਾ ਹੈ।ਜਿਸ ਵਿੱਚ ਕਣਕ, ਝੋਨਾ, ਸਰੋਂ, ਛੋਲੇ, ਮਸਰ, ਮਟਰ, ਮੂੰਗ, ਗੰਨਾ ਆਦਿ ਫਸਲਾਂ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ ਅਤੇ ਇਹਨਾਂ ਫਸਲਾਂ ਅਤੇ ਸਬਜ਼ੀਆਂ ਦਾ ਮੰਡੀਕਰਨ ਨੈਚੁਰਲ ਫਾਰਮਿੰਗ ਗਰੋਅਰ ਗਰੁੱਪ ਭਲਵਾਨ ਰਾਹੀਂ ਕਰ ਰਿਹਾ ਹੈ।ਇਸ ਗਰੁੱਪ ਵਲੋਂ ਤਿਆਰ ਕੀਤੇ ਜ਼ੈਵਿਕ ਉਤਪਾਦਾਂ ਦੀ ਪੈਕਿੰਗ ਕਰਕੇ ਲੋਕਾਂ ਨੂੰ ਵਿਕਰੀ ਕੀਤੀ ਜਾ ਰਿਹਾ ਹੈ। ਜ਼ੈਵਿਕ ਖੇਤੀ ਦੇ ਨਾਲ ਕਿਸਾਨ ਵਲੋਂ ਪਿਛਲੇ 13 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਹੀ ਕਣਕ/ਝੋਨਾ ਅਤੇ ਹੋਰ ਫਸਲਾਂ ਦੀ ਬਿਜ਼ਾਈ ਕੀਤੀ ਜਾਂਦੀ ਹੈ।ਇਸ ਸਾਲ ਵੀ ਕਿਸਾਨ ਵਲੋਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਪਰਾਲੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ।
ਡਾ. ਜਸਵਿੰਦਰਪਾਲ ਸਿਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਨੇ ਦੱਸਿਆ ਕਿ ਇਹ ਅਗਾਂਹਵਧੂ ਕਿਸਾਨ ਜਿਥੇ ਇਕ ਪਾਸੇ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।ਇਸ ਦੇ ਨਾਲ ਹੀ ਦੂਸਰੇ ਕਿਸਾਨਾਂ ਨੂੰ ਆਪਣੇ ਉਤਪਾਦਾਂ ਦੇ ਸਵੈ ਮੰਡੀਕਰਨ ਬਾਰੇ ਜਾਗਰੂਕ ਕਰ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਕਿਸਾਨ ਦੇ ਖੇਤ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਧੂਰੀ ਵਲੋਂ ਪਿਛਲੇ ਸਮੇਂ ‘ਚ ਜੈਵਿਕ ਖੇਤੀ ਨੂੰ ਉਤਸਾਹਿਤ ਕਰਨ ਹਿੱਤ ਫਾਰਮ ਸਕੂਲ ਦਾ ਆਯੋਜਨ ਵੀ ਕੀਤਾ ਗਿਆ ਸੀ।ਇਸ ਸਾਲ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੰਗਰੂਰ ਦੇ ਸਹਿਯੋਗ ਨਾਲ ਇੱਕ ਜੰਗਲ ਬਗੀਚੀ ਜਿਸ ਵਿੱਚ ਮੈਡੀਸਨਲ ਅਤੇ ਫਲਦਾਰ ਪੋਦੇ ਲਗਾਏ ਗਏ ਹਨ ਦਾ ਨਿਰਮਾਣ ਵੀ ਕੀਤਾ ਗਿਆ ਹੈ।ਇਹ ਕਿਸਾਨ ਖੇਤੀ ਵਿਭਾਗ ਵਲੋਂ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਪਾਂ ਵਿੱਚ ਹੋਰ ਕਿਸਾਨਾਂ ਨਾਲ ਆਪਣੇ ਜੈਵਿਕ ਖੇਤੀ ਦੇ ਤਜਰਬੇ ਸਾਂਝੇ ਕਰਦਾ ਹੈ ਅਤੇ ਵਿਭਾਗ ਵਲੋਂ ਸਮੇਂ ਸਮੇਂ ‘ਤੇ ਵੱਖ-ਵੱਖ ਮੰੰਚਾਂ ‘ਤੇ ਇਸ ਸਨਮਾਨਿਤ ਵੀ ਕੀਤਾ ਗਿਆ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media