ਔਜਲਾ ਦੇ ਯਤਨਾਂ ਨੂੰ ਪਿਆ ਬੂਰ, ਓਮਾਨ ਦੀ ਅੰਬੈਸੀ ਵਲੋਂ ਆਇਆ ਜਵਾਬ
ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਓਮਾਨ ਵਿੱਚ 24 ਬੇਸਹਾਰਾ ਲੜਕੀਆਂ ਦੀ ਵਤਨ
ਵਾਪਸੀ ਦੇ ਉਠਾਏ ਮੁੱਦੇ ਤੋਂ ਬਾਅਦ ਓਮਾਨ ਵਿੱਚ ਭਾਰਤੀ ਅੰਬੈਸੀ ਦੇ ਕਮਿਊਨਿਟੀ ਵੈਲਫੇਅਰ ਅਫਸਰ ਨੇ ਕਿਹਾ ਕਿ ਮਾਰਚ ਵਿਚ 100 ਦੇ ਲਗਭਗ ਲੜਕੀਆਂ ਓਮਾਨ ਵਿਚ ਸਨ।ਜਿਨ੍ਹਾਂ ਵਿਚੋਂ ਹੁਣ 24 ਲੜਕੀਆਂ ਬਚੀਆਂ ਹਨ।12 ਲੜਕੀਆਂ ਦਾ ਕੇਸ ਐਮਨੈਸਟੀ ਇੰਟਰਨੈਸ਼ਨਲ ‘ਚ ਵਿਚਾਰ ਅਧੀਨ ਹੈ।
ਔਜਲਾ ਨੂੰ ਦਿੱਤੀ ਜਾਣਕਾਰੀ ਵਿੱਚ ਉਨ੍ਹਾਂ ਦੱਸਿਆ ਕਿ ਇਨ੍ਹਾਂ ਲੜਕੀਆਂ ਨੂੰ ਖਾਣ ਪੀਣ ਤੋਂ ਇਲਾਵਾ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਬੰਧ ਵਿਚ ਦੇਸ਼ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਕੇ ਭਾਰਤ ਲਿਆਉਣ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣਗੇ।
ਜਿਕਰਯੋਗ ਹੈ ਕਿ ਓਮਾਨ ਵਿਚ ਰੋਜ਼ੀ-ਰੋਟੀ ਦੀ ਖਾਤਿਰ ਘਰਾਂ ਵਿੱਚ ਕੰਮ ਕਰਨ ਲਈ ਗਈਆਂ ਲੜਕੀਆਂ ਸਰੀਰਕ ਤੇ ਮਾਨਸਿਕ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ।ਇਹ ਲੜਕੀਆਂ ਆਪਣੀ ਵਤਨ ਵਾਪਸੀ ਲਈ ਹਾੜੇ ਕੱਢ ਰਹੀਆਂ ਸਨ।ਓਮਾਨ ਅੰਬੈਸੀ ਵੱਲੋਂ ਢਿੱਲੀ ਕਾਰਵਾਈ ਦੇ ਚੱਲਦਿਆਂ ਇਨ੍ਹਾਂ ਲੜਕੀਆਂ ਨੂੰ ਇਨਸਾਫ ਦੁਆਉਣ ਲਈ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਔਜਲਾ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਬੀਤੇ ਦਿਨੀਂ ਇੱਕ ਪੱਤਰ ਲਿਖਿਆ ਸੀ।
ਔਜਲਾ ਨੇ ਨੇ ਕਿਹਾ ਕਿ ਉਨ੍ਹਾਂ ਵਲੋਂ ਅੰਬੈਸੀ ਨੂੰ ਦੁਬਾਰਾ ਕਿਹਾ ਗਿਆ ਹੈ ਕਿ ਉਹਨਾਂ ਨੂੰ ਇਸ ਮਸਲੇ ਬਾਰੇ ਦੂਜੇ ਜਾਂ ਤੀਜੇ ਦਿਨ ਪੂਰੀ ਜਾਣਕਾਰੀ ਮੁਹਈਆ ਕਰਵਾਈ ਜਾਵੇ।ਸਬੰਧਤ ਪਰਿਵਾਰਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ ਕਿ ਲੜਕੀਆਂ ਦੀ ਵਤਨ ਵਾਪਸੀ ਲਈ ਕੀ ਯਤਨ ਕੀਤੇ ਜਾ ਰਹੇ ਹਨ।ਉਹਨਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਵੱਲ ਕੇਂਦਰ ਸਰਕਾਰ ਵਲੋਂ ਗੌਰ ਨਾ ਕੀਤਾ ਗਿਆ ਤਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਦਫਤਰ ਦੇ ਬਾਹਰ ਧਰਨਾ ਦੇਣ ਦਾ ਉਨ੍ਹਾਂ ਦਾ ਫੈਸਲਾ ਅਟੱਲ ਹੈ।
Punjab Post Daily Online Newspaper & Print Media