Thursday, May 28, 2026

ਲੋਹੜੀ ਦੀ ਸ਼ਾਮ ਸ਼ਹੀਦ ਕਿਸਾਨਾਂ ਦੇ ਨਾਮ ਸਮਰਪਿਤ ਕਰੇਗੀ ਆਮ ਆਦਮੀ ਪਾਰਟੀ

ਲੋਹੜੀ ਦੀ ਅੱਗ ’ਚ ਸਾੜੀਆਂ ਜਾਣਗੀਆਂ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ – ਅਸ਼ੋਕ ਤਲਵਾਰ

ਅੰਮ੍ਰਿਤਸਰ, 12 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਪੰਜਾਬ ਜਾਇੰਟ ਸੈਕਟਰੀ ਅਸ਼ੋਕ ਤਲਵਾਰ, ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ, ਅੰਮ੍ਰਿਤਸਰ ਦਿਹਾਤੀ ਉਪ ਪ੍ਰਧਾਨ ਮੈਡਮ ਸੀਮਾ ਸੋਢੀ, ਜਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ, ਉਪ ਪ੍ਰਧਾਨ ਕਿਸਾਨ ਵਿੰਗ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਹੈਡਕੁਆਟਰ ‘ਤੇ ਬੁਲਾਈ ਪ੍ਰੈਸ ਕਾਨਫਰੰਸ ‘ਚ ਐਲਾਨ ਕੀਤਾ ਕਿ 13 ਜਨਵਰੀ ਨੂੰ ਲੋਹੜੀ ਦੀ ਸ਼ਾਮ ਇਸ ਵਾਰ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਜਾਵੇਗੀ।
                   ਉਨ੍ਹਾਂ ਕਿਹਾ ਕਿ ਅੱਜ ਸਾਡਾ ਅੰਨਦਾਤਾ ਆਪਣੀ ਹੋਂਦ ਬਚਾਉਣ ਨੂੰ ਲੈ ਕੇ ਕੇਂਦਰ ਦੇ ਖੇਤੀ ਬਾਰੇ ਕਾਲੇ ਕਾਨੂੰਨਾਂ ਖਿਲਾਫ ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਬਰਾਡਰ ‘ਤੇ ਦਿਨ ਰਾਤ ਅੰਦੋਲਨ ਕਰ ਰਿਹਾ ਹੈ।ਇਸ ਅੰਦੋਲਨ ਵਿਚ ਡਟੇ ਹੋਏ 50 ਤੋਂ ਵੱਧ ਸਾਡੇ ਕਿਸਾਨ ਭਰਾ ਸ਼ਹੀਦੀਆਂ ਪਾ ਗਏ ਹਨ।ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਹਾਕਮ ਅੰਨਾ, ਬੋਲਾ ਤੇ ਗੂੰਗਾ ਹੋ ਚੁੱਕਾ ਹੈ ਜੋ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੀ ਬਜ਼ਾਏ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਿਹਾ ਹੈ।
                  ਪਰਮਿੰਦਰ ਸਿੰਘ ਸੇਠੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਪੰਜਾਬ ਦੇ ਹਰ ਪਿੰਡ, ਸ਼ਹਿਰ, ਮੁਹੱਲੇ, ਗਲੀ ਵਿੱਚ ਲੋਹੜੀ ਦੀ ਸ਼ਾਮ ਨੂੰ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣਗੇ ਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
                   ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦੇ ਆਗੂ ਕਿਸਾਨਾਂ ਖਿਲਾਫ ਝੂਠੀ ਬਿਆਨਬਾਜ਼ੀ ਤੇ ਦੂਸ਼ਣਬਾਜੀ ਕਰਕੇ ਮਾਨਸਿਕ ਪੀੜਾ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਾਰੇ ਦੇਸ਼ ਦਾ ਪੇਟ ਭਰਨ ਵਾਲੇ ਅੰਨਦਾਤਾ ਦੀ ਗੱਲ ਸੁਣ ਕੇ ਤੁਰੰਤ ਕਾਲੇ ਕਾਨੂੰਨ ਵਾਪਸ ਲਣੇ ਚਾਹੀਦੇ ਸਨ, ਪ੍ਰੰਤੂ ਉਹ ਅੰਬਾਨੀ-ਅੰਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …