ਸਮਰਾਲਾ, 18 ਅਗਸਤ (ਇੰਦਰਜੀਤ ਸਿੰਘ ਕੰਗ) – ‘ਬਾਬੂ ਰਜ਼ਬ ਅਲੀ ਦੀ ਕਵੀਸ਼ਰੀ ਤੇ ਲਾਲ ਸਿੰਘ ਦਿਲ ਦੀ ਕਵਿਤਾ, ਉਹਨਾਂ ਦੇ ਜਾਣ ਉਪਰੰਤ ਵੀ ਵਾਰ ਵਾਰ
ਇਸੇ ਲਈ ਦੁਹਰਾਈ ਜਾਂਦੀ ਹੈ, ਕਿਉਂਕਿ ਇਹਨਾਂ ਦੀ ਧਾਰਾ ਲੋਕਮੁਖੀ ਹੈ ਤੇ ਇਹ ਜਮੀਨ ਨਾਲ ਜੁੜੀ ਰਚਨਾ ਹੈ।’ ਇਹ ਸ਼ਬਦ ਪ੍ਰਸਿੱਧ ਕ੍ਰਾਂਤੀਕਾਰੀ ਸ਼ਾਇਰ ਤੇ ਸਖਸ਼ੀਅਤ ਦਰਸ਼ਨ ਖਟਕੜ ਨੇ ਸਮਰਾਲੇ ਦੇ ਸ਼ਾਹੀ ਸਪੋਰਟਸ ਕਾਲਜ ਵਿੱਚ ਲੇਖਕ ਮੰਚ (ਰਜਿ:) ਸਮਰਾਲਾ ਵਲੋਂ ਆਯੋਜਿਤ ਬਾਬੂ ਰਜਬ ਅਲੀ-ਲਾਲ ਸਿੰਘ ਦਿਲ ਯਾਦਗਾਰੀ ਮੁਸ਼ਾਇਰੇ ਵਿੱਚ ਬੋਲਦਿਆਂ ਆਖੇ।
ਲੇਖਕ ਮੰਚ ਦੇ ਸੀਨੀ: ਮੀਤ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਹੁਰਾਂ ਦੀ ਕੁਸ਼ਲ ਮੰਚ ਸੰਚਾਲਨਾ ਹੇਠ ਚੱਲੇ ਇਸ ਕਵੀ ਦਰਬਾਰ ਦੇ ਸ਼ੁਰੂ ਵਿੱਚ ਲੇਖਕ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਜਿਥੇ ਲਾਲ ਸਿੰਘ ਦਿਲ ਦੀ ਕਵਿਤਾ ਨੂੰ ਸਲਾਮ ਕਿਹਾ, ਉਥੇ ਬਾਬੂ ਰਜ਼ਬ ਅਲੀ ਦੇ ਜਨਮ ਦਿਹਾੜੇ 10 ਅਗਸਤ ‘ਤੇ ਵਧਾਈ ਸਾਂਝੀ ਕਰਦਿਆਂ ਉਹਨਾਂ ਦੀ ਕਵੀਸ਼ਰੀ ਕਲਾ ਖਾਸ ਕਰ ਬਹੱਤਰ ਕਲਾ ਛੰਦ ਬਾਰੇ ਸੰਖੇਪ ਵਿੱਚ ਪਰ ਭਾਵਪੂਰਤ ਗੱਲਬਾਤ ਕੀਤੀ।
ਖੂਬਸੂਰਤ ਸਜੇ ਮੰਚ ‘ਤੇ ਪ੍ਰਧਾਨਗੀ ਮੰਡਲ ਵਿੱਚ ਗ਼ਜ਼ਲਗੋ ਐਸ ਨਸੀਮ, ਸ਼ਾਇਰ ਦਰਸ਼ਨ ਖਟਕੜ, ਕਵੀਸ਼ਰ ਤੇ ਗ਼ਜ਼ਲਗੋੋ ਗੁਰਸੇਵਕ ਸਿੰਘ ਢਿੱਲੋਂ, ਲੇਖਕ ਮੰਚ ਦੇ ਸਰਪ੍ਰਸਤ ਸਰਬਾਂਗੀ ਸਾਹਿਤਕਾਰ ਤੇਲੂ ਰਾਮ ਕੁਹਾੜਾ ਤੋਂ ਇਲਾਵਾ ਗੁਰਬੀਰ ਸਿੰਘ ਸ਼ਾਹੀ ਸੁਸ਼ੋਭਿਤ ਸਨ।ਕਵੀ ਦਰਬਾਰ ਦਾ ਆਗਾਜ਼ ਅਵਤਾਰ ਸਿੰਘ ਉਟਾਲ ਦੇ ਕਾਵਿ ਵਿਅੰਗ ‘ਚੜ੍ਹ ਜਾ ਬੱਸ ਸਰਕਾਰੀ’ ਨਾਲ ਹੋਇਆ, ਕੇਵਲ ਸਿੰਘ ਮੰਜਾਲੀਆਂ ਨੇ ਕਿਸਾਨ ਸੰਘਰਸ਼ ਬਾਰੇ, ਹਰਬੰਸ ਸਿੰਘ ਸ਼ਾਨ ਨੇ ‘ਬਚ ਕੇ ਮੋੜ ਤੋਂ’, ਪਾਇਲ ਤੋਂ ਪੁੱਜੇ ਜਗਦੇਵ ਸਿੰਘ ਘੁੰਗਰਾਲੀ ਦਾ ਗੀਤ ਤੇ ਅਮਨ ਆਜ਼ਾਦ ਦੀ ਕਵਿਤਾ ਵੀ ਪਸੰਦ ਕੀਤੇ ਗਏ ਅਤੇ ਸਥਾਪਿਤ ਗੀਤਕਾਰ ਹਰਬੰਸ ਸਿੰਘ ਮਾਲਵਾ ਦਾ ਗੀਤ ‘ਦੱਸ ਇੰਡੀਆ ਤੇਰਾ ਕੀ ਦੇਣਾ ਸੀ, ਮੇਰੇ ਭਾਰਤ ਨੇ’ ਵੀ ਬਹੁਤ ਸਰਾਹਿਆ ਗਿਆ।ਗੁਰਸੇਵਕ ਸਿੰਘ ਢਿੱਲੋਂ ਦੀ ‘ਦਿਲ’ ਬਾਰੇ ਗ਼ਜ਼ਲ ਤੇ ਸੁਖਾ ਨੱਤ ਦੇ ਬਾਪੂ ਬਾਰੇ ਗੀਤ ਨੂੰ ਵੀ ਭਰਪੂਰ ਦਾਦ ਮਿਲੀ।ਮਾਛੀਵਾੜੇ ਤੋਂ ਉਚੇਚੇ ਪਹੁੰਚੇ ਗ਼ਜ਼ਲਗੋੋ ਨਿਰੰਜਨ ਸ਼ੂਖਮ, ਟੀ ਲੋਚਨ ਤੇ ਮਲਕੀਤ ਸਿੰਘ ਪਵਾਤ ਦੀਆਂ ਉਮਦਾ ਗ਼ਜ਼ਲਾਂ ਨੇ ਵੀ ਅਪਣਾ ਜਲਵਾ ਦਿਖਾਇਆ।ਪ੍ਰਬੁੱਧ ਸ਼ਾਇਰ ਜਸਵੀਰ ਸਿੰਘ ਝੱਜ (ਰਾਮਪੁਰ), ਤੇਲੂ ਰਾਮ ਕੁਹਾੜਾ, ਅਮਰਿੰਦਰ ਸੋਹਲ ਤੇ ਬਲਵੰਤ ਸਿੰਘ ਮਾਂਗਟ, ਜਸਵੀਰ ਸਿੰਘ ਦੀਆਂ ਕਾਵਿ ਵੰਨਗੀਆਂ ਨੂੰ ਵੀ ਭਰਵੀਂ ਪ੍ਰਸੰਸ਼ਾ ਮਿਲੀ।
ਗੀਤਕਾਰੀ ਵਿੱਚ ਚਰਚਿਤ ਹਸਤਾਖ਼ਰ ਅਨਿਲ ਫਤਿਹਗੜ੍ਹ ਜੱਟਾਂ, ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਤੋਂ ਇਲਾਵਾ ਮਾ. ਤਰਲੋਚਨ ਸਿੰਘ ਦੀ ਗ਼ਜ਼ਲ ਤੇ ਸੁਰਜੀਤ ਵਿਸ਼ਦ ਦੀ ਹਿੰਦੀ ਕਵਿਤਾ ਨੂੰ ਵੀ ਬਣਦਾ ਮਾਣ ਮਿਲਿਆ।ਪ੍ਰਧਾਨਗੀ ਮੰਡਲ ਵਿਚੋਂ ਜੁਝਾਰਵਾਦੀ ਸ਼ਾਇਰ ਦਰਸ਼ਨ ਖਟਕੜ ਤੇ ਸਮਰੱਥ ਗ਼ਜ਼ਲਗੋੋ ਐਸ ਨਸੀਮ ਹੁਰਾਂ ਨੂੰ ਦਿਲ ਖੋਲ੍ਹ ਕੇ ਪਿਆਰ ਮਿਲਿਆ।ਵਰਨਣਯੋਗ ਹੈ ਕਿ ਕਵੀ ਦਰਬਾਰ ਵਿੱਚ ਪੜ੍ਹੀਆਂ ਸਾਰੀਆਂ ਹੀ ਰਚਨਾਵਾਂ ਦੀ ਸੁਰ ਲੋਕਪੱਖੀ ਤੇ ਵਕਤ ਨਾਲ ਢੁੱਕਵੀਂ ਸੀ।ਪ੍ਰਿੰ. (ਡਾ.) ਪਰਮਿੰਦਰ ਸਿੰਘ ਬੈਨੀਪਾਲ, ਰਾਜਵਿੰਦਰ ਸਮਰਾਲਾ ਤੇ ਹੋਰਾਂ ਵਲੋਂ ਰਾਜਸਥਾਨ ਦੇ ਗੰਗਾਨਗਰ ਤੋਂ ਉਚੇਚੇ ਤੌਰ ‘ਤੇ ਇਸ ਸਮਾਗਮ ਲਈ ਲੰਮਾ ਪੈਂਡਾ ਤਹਿ ਕਰਕੇ ਪੁੱਜੇ ਸਾਹਿਤ ਪ੍ਰੇਮੀ ‘ਵਕੀਲ ਬਰਾੜ’ ਦਾ ਸਨਮਾਨ ਕੀਤਾ ਗਿਆ।
ਕਵੀ ਦਰਬਾਰ ਵਿੱਚ ਸਾਹਿਤ ਸੱਭਿਆਚਾਰ ਜਗਤ ਦੀਆਂ ਬਹੁਤ ਚਰਚਿਤ ਹਸਤੀਆਂ; ਨਾਟਕਕਾਰ ਜਗਦੀਸ਼ ਖੰਨਾ, ਸਿੱਖਿਆ ਸਾਸ਼ਤਰੀ ਸਵਰਨ ਸਿੰਘ ਭੰਗੂ, ਸ਼ਾਇਰ ਸੁਰਜੀਤ ਮੰਡ, ਲਾਲ ਸਿੰਘ ਦਿਲ ਦੇ ਪਰਿਵਾਰ ਵਲੋਂ ਅਮਰ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਕਵੀ ਗੁਰਨਾਮ ਸਿੰਘ ਬਿਜਲੀ, ਸੁਰਜੀਤ ਸਿੰਘ ਜੀਤ, ਗੁਰਮੁੱਖਦੀਪ ਮਾਛੀਵਾੜਾ, ਪੱਤਰਕਾਰ ਤੇ ਸ਼ਾਇਰ ਬਲਵੀਰ ਬੱਬੀ, ਕਵੀਸ਼ਰ ਤੇ ਪੱਤਰਕਾਰ ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ, ਆਰਟ ਸੈਂਟਰ ਸਮਰਾਲਾ ਦੇ ਜਨ. ਸ਼ਕੱਤਰ ਡਾ. ਹਰਦੀਪ ਸਿੰਘ ਸ਼ਾਹੀ, ਲੋਕ ਨਾਚ ਦੇ ਧੁਰੰਧਰ ਹਰਬੰਸ ਸਿੰਘ ਪੰਧੇਰ, ਚਿੰਤਕ ਗੁਰਭਗਤ ਸਿੰਘ ਗਿੱਲ, ਲਖਵੀਰ ਸਿੰਘ ਬਲਾਲਾ, ਕਵੀ ਮਨਦੀਪ ਬੁਆਲ, ਆਤਮਾ ਸਿੰਘ, ਸਰਬਣ ਕੁਮਾਰ, ਕਵੀ ਦਵਿੰਦਰ ਗਰੇਵਾਲ ਤੇ ਕਿਸਾਨ ਅੰਦੋਲਨ ਦੇ ਅੰਬੈਸਡਰ ਕੁਲਵੀਰ ਸਿੰਘ ਮੁਸ਼ਕਾਬਾਦ, ਕਹਾਣੀਕਾਰ ਜਸਦੇਵ ਜੱਸ, ਲੇਖਕ ਪਰਮਿੰਦਰ ਸਿੰਘ ਗਰੇਵਾਲ, ਲੇਖਕ ਮੰਚ ਦੇ ਪ੍ਰੈਸ ਸਕੱਤਰ ਕਰਮਜੀਤ ਬਾਸੀ ਤੇ ਵਿੱਤ ਸਕੱਤਰ ਰਾਜਦੀਪ ਦਿੱਗਪਾਲ, ਲੇਖਕ ਨਵਦੀਪ ਧਾਲੀਵਾਲ, ਅੰਮ੍ਰਿਤਪਾਲ, ਗੀਤਕਾਰ ਤੇ ਗਾਇਕ ਕੇਵਲ ਕੁੱਲੇਵਾਲੀਆ ਤੋਂ ਇਲਾਵਾ ਅਦਾਕਾਰਾ ਕਮਲਜੀਤ ਕੌਰ, ਅਬਦੁਲ, ਮਨਪ੍ਰੀਤ ਸਿੰਘ ਦੀਵਾਲਾ, ਕਮਲ ਭੰਗੂ, ਚਿਤਰਕਾਰ ਸਤਪਾਲ ਭੰਗੂ, ਅਦਾਕਾਰ/ਸਰਪੰਚ ਗੁਰਪ੍ਰੀਤ ਘੋਲੀ, ਰਵਿੰਦਰ ਸਿੰਘ ਮਨੈਲਾ, ਜਗਰਾਜ ਸਿੰਘ, ਗੁਰਦੀਪ ਸਿੰਘ ਮੁਸ਼ਕਾਬਾਦ, ਅਦਾਕਾਰਾ ਅੰਮ੍ਰਿਤ ਪੁਰੀ, ਜਗਤਾਰ ਸਿੰਘ ਦਿਆਲਪੁਰਾ, ਰਣਧੀਰ ਸਿੰਘ ਧੀਰਾ, ਚਰਨ ਸਿੰਘ ਮੁਹਾਲੀ, ਯਾਦਵਿੰਦਰ ਸਿੰਘ, ਬੰਤ ਸਿੰਘ, ਸ਼ਿੰਗਾਰਾ ਸਿੰਘ, ਭਜਨ ਸਿੰਘ ਪ੍ਰਧਾਨ, ਅਨੁਰਾਗ ਸੰਦਲ ਸਮੇਤ ਕੋਈ 100 ਦੇ ਕਰੀਬ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਸਮਾਗਮ ਦੇ ਹਾਲ ਵਿੱਚ ਹਾਜ਼ਰ ਸਨ।ਸਾਹਿਤ ਪ੍ਰੇਮੀ ਤੇ ਸ਼ਾਹੀ ਸਪੋਰਟਸ ਕਾਲਜ ਦੇ ਸੰਚਾਲਕ ਗੁਰਬੀਰ ਸਿੰਘ ਸ਼ਾਹੀ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਦਿਲ ਤੇ ਰਜਬ ਅਲੀ ਦੇ ਸਤਿਕਾਰ ਵਿੱਚ ਲੇਖਕ ਮੰਚ ਵਲੋਂ ਕਰਵਾਇਆ ਇਹ ਮੁਸ਼ਾਇਰਾ ਰਚਨਾਵਾਂ ਦੇ ਉਮਦਾ ਪੱਧਰ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਤੇ ਦਾਦ ਕਾਰਨ ਅਪਣੀ ਗੂੜ੍ਹੀ ਛਾਪ ਛੱਡ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media