ਵਿਦਿਆਰਥੀਆਂ ਦੀ ਤਕਨੀਕੀ ਸਹਾਇਤਾ ਲਈ ਵਿਦਿਅਕ ਸੰਸਥਾਵਾਂ ਨੂੰ ਕੀਤੇ ਹੁਕਮ
ਕਪੂਰਥਲਾ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਘੱਟਗਿਣਤੀ ਵਰਗ ਲਈ ਪ੍ਰੀ- ਮੈਟ੍ਰਿਕੱ, ਪੋਸਟ ਮੈਟ੍ਰਿਕ ਤੇ ਮੈਰਿਟ ਕਮ ਮੀਨਜ਼ ਬੇਸਡ
ਸਕਾਲਰਸ਼ਿਪ 2021-22 ਦਾ ਐਲਾਨ ਕੀਤਾ ਗਿਆ ਹੈ, ਜਿਸ ਲਈ ਯੋਗ ਵਿਦਿਆਰਥੀਆਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਡਾਇਰੈਕਟੋਰੇਟ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟਗਿਣਤੀ ਪੰਜਾਬ ਵਲੋਂ ਜਾਰੀ ਸਮਾਂ ਸਾਰਣੀ ਅਨੁਸਾਰ ਭਾਰਤ ਸਰਕਾਰ ਵਲੋਂ ਐਲਾਨੀਆਂ 6 ਘੱਟਗਿਣਤੀਆਂ (ਸਿੱਖ, ਮੁਸਲਿਮ, ਬੋਧੀ, ਪਾਰਸੀ, ਜੈਨੀ ਤੇ ਇਸਾਈ ਵਿਦਿਆਰਥੀ ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships.gov.in ’ਤੇ ਆਨਲਾਈਨ ਦਰਖਾਸਤ ਦੇ ਸਕਦੇ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਮਾਂ ਸਾਰਣੀ ਅਨੁਸਾਰ ਨਵੇਂ ਸਕਾਲਰਸ਼ਿਪ ਅਤੇ ਨਵੀਨੀਕਰਨ ਸਕਾਲਰਸ਼ਿਪ ਲਈ ਪ੍ਰੀ- ਮੈਟ੍ਰਿਕ ਸਕਾਲਰਸ਼ਿਪ ਲਈ 15 ਨਵੰਬਰ 2021 ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਜਿਹੜੇ ਬਿਨੈਕਾਰਾਂ ਨੇ 2020-21 ਦੌਰਾਨ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ।ਉਹ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਮੈਰਿਟ ਕਮ ਮੀਨਜ ਬੇਸਡ ਸਕੀਮ ਤਹਿਤ 30 ਨਵੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਇਸ ਸਕਾਲਰਸ਼ਿਪ ਤਹਿਤ ਬਿਨੈਕਾਰ ਘੱਟਗਿਣਤੀ ਭਾਈਚਾਰੇ ਸਿੱਖ, ਮੁਸਲਿਮ, ਬੋਧੀ, ਪਾਰਸੀ, ਜੈਨ ਤੇ ਇਸਾਈ ਨਾਲ ਹੀ ਸਬੰਧਿਤ ਹੋਣਾ ਚਾਹੀਦਾ ਹੈ ਅਤੇ ਉਹ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਯੂਨੀਵਰਸਿਟੀ, ਸੰਸਥਾ, ਕਾਲਜ ਜਾਂ ਸਕੂਲ ਵਿਚ ਪੜ੍ਹਦਾ ਹੋਣਾ ਚਾਹੀਦਾ ਹੈ।
ਇਸ ਤੋਂ ਬਿਨ੍ਹਾਂ ਅਪਣਾਇਆ ਗਿਆ ਕੋਰਸ ਘੱਟੋ ਘੱਟ ਇਕ ਸਾਲ ਦੀ ਮਿਆਦ ਦਾ ਹੋਵੇ ਅਤੇ ਬਿਨੈਕਾਰ ਨੇ ਪਿਛਲੇ ਸਾਲ ਸਲਾਨਾ ਬੋਰਡ ਦੀ ਪ੍ਰੀਖਿਆ ਵਿਚ 50 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ।
ਉਨ੍ਹਾਂ ਇਹ ਵੀ ਕਿਹਾ ਕਿ ਬਿਨੈਕਾਰ ਆਪਣੇ ਵਰਤਮਾਨ ਚੱਲ ਰਹੇ ਬੈਂਕ ਖਾਤੇ ਬਾਰੇ ਵੀ ਜਾਣਕਾਰੀ ਦੇਣ।ਇਸ ਤੋਂ ਇਲਾਵਾ ਕਿਸੇ ਵੀ ਪੁੱਛਗਿਛ ‘ਤੇ ਪੱਤਰ ਵਿਹਾਰ ਲਈ postmatricminoritypunjab@gmail.com ’ਤੇ ਈ-ਮੇਲ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਯੋਗ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੌਕੇ ਦਾ ਲਾਭ ਲੈ ਕੇ ਸਕਾਲਰਸ਼ਿਪ ਪ੍ਰਾਪਤ ਕਰਨ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਨੂੰ ਵੀ ਸਕਾਲਰਸ਼ਿਪ ਪ੍ਰਾਪਤ ਕਰਨ ਵਿਚ ਸਹਾਇਤਾ ਲਈ ਵਿਦਿਆਰਥੀਆਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਗਏ ਹਨ।
Punjab Post Daily Online Newspaper & Print Media