ਅੰਮ੍ਰਿਤਸਰ, 29 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਰਾਜ ਦੇ
ਵਿਦਿਆਰਥੀਆਂ ਦੀ ਸਿਵਲ ਸੇਵਾਵਾਂ ਵਿਚ ਘੱਟ ਰਹੀ ਗਿਣਤੀ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਇਸ ਗੱਲ `ਤੇ ਤਸੱਲੀ ਵੀ ਪ੍ਰਗਟ ਕੀਤੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਮਾਜ ਵਿਗਿਆਨ ਸਕੂਲ ਇਸ ਖੇਤਰ ਵਿਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਅਤੇ ਹੁਣ ਤਕ ਇਸ ਸਕੂਲ ਨੇ ਰਾਜ ਨੂੰ ਸਿਵਲ ਸੇਵਾਵਾਂ ਵਿਚ ਅਨੇਕਾਂ ਸਿਵਲ ਅਧਿਕਾਰੀ ਤੇ ਕਰਮਚਾਰੀ ਦਿੱਤੇ ਹਨ।
ਉਹ ਅੱਜ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਮਿਸ ਅੰਮ੍ਰਿਤਪਾਲ ਕੌਰ ਅਤੇ ਸ਼੍ਰੀ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੇ ਸਾਲ 2020 ਵਿਚ ਯੂ.ਪੀ.ਐਸ.ਸੀ ਸਿਵਲ ਸਰਵਿਸਜ਼ ਪ੍ਰੀਖਿਆ ਪਾਸ ਕੀਤੀ ਸੀ ਨੂੰ ਸਨਮਾਨਿਤ ਕਰਨ ਹਿਤ ਸਮਾਜ ਵਿਗਿਆਨ ਸਕੂਲ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ। ਕ੍ਰਮਵਾਰ 435ਵਾਂ ਤੇ 639ਵਾਂ ਰੈਂਕ ਪ੍ਰਾਪਤ ਕਰਨ ਵਾਲੇ ਇਨ੍ਹਾਂ ਸਾਬਕਾ ਵਿਦਿਆਰਥੀਆਂ ਨੂੰ ਪ੍ਰੋਗਰਾਮ ਮੌਕੇ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਪ੍ਰੋ. ਸੰਧੂ ਨੇ ਇਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ ਜਿਨ੍ਹਾਂ ਦੀ ਹੌਂਸਲਾਅਫਜ਼ਾਈ ਅਤੇ ਮਿਹਨਤ ਨਾਲ ਇਨ੍ਹਾਂ ਵਿਦਿਆਰਥੀਆਂ ਨੇ ਸਫਲ਼ਤਾ ਪ੍ਰਾਪਤ ਕੀਤੀ।ਸਕੂਲ ਦੇ ਮੁਖੀ ਪ੍ਰੋ. ਰਾਜੇਸ਼ ਕੁਮਾਰ ਨੇ ਪ੍ਰੋ. ਸੰਧੂ, ਵਿਦਿਆਰਥੀਆਂ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ `ਤੇ ਚਾਨਣਾ ਪਾਇਆ।
ਮਿਸ ਅੰਮ੍ਰਿਤਪਾਲ ਕੌਰ ਅਤੇ ਅੰਮ੍ਰਿਤਪਾਲ ਸਿੰਘ ਨੇ ਇਸ ਮੌਕੇ ਯੂ.ਪੀ.ਐਸ.ਸੀ ਪ੍ਰੀਖਿਆ ਪਾਸ ਕਰਨ ਦੀ ਆਪਣੀ ਅਕਾਦਮਿਕ ਯਾਤਰਾ ਬਾਰੇ ਦੱਸਦਿਆਂ ਕਿਹਾ ਕਿ ਸਮਰਪਣ ਭਾਵਨਾ ਅਤੇ ਠੀਕ ਦਿਸ਼ਾ ਵਿਚ ਕੀਤੀ ਗਈ ਮਿਹਤਨ ਹਮੇਸ਼ਾਂ ਰੰਗ ਲਿਆਉਂਦੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਵੱਧ-ਵੱਧ ਵਿਦਿਆਰਥੀਆਂ ਨੂੰ ਸਿਵਲ ਪ੍ਰੀਖਿਆਵਾਂ ਵਿਚ ਪੂਰੀ ਤਿਆਰੀ ਨਾਲ ਭਾਗ ਲੈਣਾ ਚਾਹੀਦਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media