ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਪ੍ਰਤੀ ਵਾਅਦਾ ਖਿਲਾਫੀ ਵਾਲੀ ਨੀਤੀ ਦੀ ਸਖਤ ਨਿਖੇਧੀ
ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ) – ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਅੰਮ੍ਰਿਤਸਰ ਵਲੋਂ ਸਥਾਨਕ ਰਾਮ ਬਾਗ (ਕੰਪਨੀ ਬਾਗ) ਵਿਖੇ
ਮਹੀਨਾਵਾਰ ਮੀਟਿੰਗ ਕੀਤੀ ਗਈ।ਜਿਸ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਪੈਨਸ਼ਨਰ ਵੱਡੀ ਗਿਣਤੀ ‘ਚ ਸ਼ਾਮਲ ਹੋਏ।
ਸੁਰਜੀਤ ਸਿੰਘ ਗੁਰਾਇਆ ਪੈਟਰਨ, ਸੁਖਦੇਵ ਸਿੰਘ ਪੰਨੂ ਪ੍ਰਧਾਨ, ਚਰਨ ਸਿੰਘ ਕਾਰਜਕਾਰੀ ਪ੍ਰਧਾਨ, ਸੋਮ ਨਾਥ ਰੌਲੀਆ ਜਨਰਲ ਸਕੱਤਰ, ਦੀਵਾਨ ਸਿੰਘ ਗਿੱਲ, ਰਜਿੰਦਰ ਸ਼ਰਮਾ, ਨਰਿੰਦਰ ਸ਼ਰਮਾ, ਐਚ.ਆਰ ਸੂਦਨ ਆਦਿ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਵਲੋ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਪ੍ਰਤੀ ਵਾਅਦਾ ਖਿਲਾਫੀ ਵਾਲੀ ਅਪਣਾਈ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਪ੍ਰੈਸ ਨੂੰ ਮੀਟਿੰਗ ਦੀ ਕਾਰਵਾਈ ਬਾਰੇ ਜਨਰਲ ਸਕੱਤਰ ਸੋਮ ਨਾਥ ਰੌਲੀਆ ਨੇ ਦੱਸਿਆ ਕਿ ਸਰਕਾਰ ਵਲੋਂ ਪੈਨਸ਼ਨਰਾਂ ਦੀ ਮੰਗ ਅਨੁਸਾਰ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀ ਕੀਤਾ ਗਿਆ।ਮੁਲਾਜ਼ਮਾਂ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਉਸ ਵਿੱਚ ਸਰਕਾਰ ਨੇ 1-1- 2016 ਨੂੰ 113% ਡੀ.ਏ ਨੂੰ ਅਧਾਰ ਮੰਨਿਆ ਹੈ, ਜਦਕਿ 1-1-2016 ਨੂੰ 125% ਡੀ.ਏ ਬਣਦਾ ਹੈ।ਜਿਸ ਕਰਕੇ ਜਥੇਬੰਦੀ ਇਹ ਮੰਗ ਕਰਦੀ ਹੈ ਕਿ ਪੇਅ ਕਮਿਸ਼ਨ ਦੀ ਨੋਟੀਫਿਕੇਸ਼ਨ ਨੂੰ ਸੋਧ ਕੇ ਪੈਨਸ਼ਨਰਾਂ ਸਮੇਤ ਦੋਬਾਰਾ ਜਾਰੀ ਕੀਤਾ ਜਾਵੇ ਅਤੇ ਪੈਨਸ਼ਨਰਾਂ ਦਾ ਸਾਰਾ ਬਕਾਇਆ ਯਕਮੁਸ਼ਤ ਦਿੱਤਾ ਜਾਵੇ।
ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨਾਲ ਮੁੱਖ ਮੰਤਰੀ ਪੰਜਾਬ ਨਾਲ 3 ਅਕਤੂਬਰ ਨੂੰ ਹੋਈ ਮੀਟਿੰਗ ਬੇਸਿੱਟਾ ਰਹਿਣ ਕਰਕੇ ਉਸ ਦਿਨ ਸਾਂਝਾ ਫਰੰਟ ਦੇ ਕਨਵੀਨਰ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੰਗਾਂ ਦੀ ਪ੍ਰਾਪਤੀ ਲਈ ਲਏ ਗਏ ਫੈਸਲੇ ਅਨੁਸਾਰ 5-10-੍2021 ਤੋਂ 8-10-2021 ਤੱਕ ਮੁੱਖ ਮੰਤਰੀ ਦੇ ਪੰਜਾਬ ਭਰ ਵਿੱਚ ਥਾਂ-ਥਾਂ ਪੁੱਤਲੇ ਫੂਕੇ ਗਏ ਅਤੇ 16 ਅਕਤੂਬਰ ਨੂੰ ਮੋਰਿੰਡਾ ਵਿਖੇ ਵਿਸ਼ਾਲ ਰੈਲੀ ਕਰਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਉਸ ਦਿਨ ਤੋਂ ਹੀ ਉਸ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ।ਕਰਮ ਸਿੰਘ ਧਨੋਆ ਵਾਲੀ ਪੈਨਸ਼ਨਰਜ਼ ਕੰਫੈਡਰੇਸ਼ਨ ਵਲੋਂ ਲਗਾਇਆ ਜਾਣ ਵਾਲਾ ਪੱਕਾ ਮੋਰਚਾ 18-10-2021 ਸਵੇਰ 11.00 ਵਜੇ ਤੋਂ 19-10-2021 ਦੁਪਹਿਰ 2.00 ਵਜੇ ਤੱਕ ਦਾ ਹੋਵੇਗਾ।ਸਾਰੇ ਬੁਲਾਰਿਆਂ ਨੇ ਸਰਕਾਰ ਪਾਸੋਂ ਇਹ ਵੀ ਮੰਗ ਕੀਤੀ ਕਿ ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ।ਮਹਿੰਗਾਈ ਭੱਤੇ ਦੀਆਂ 1-1-2020, 1-7-2020, 1-1-2021 ਅਤੇ 1-7-2021 ਦੀਆਂ ਕਿਸ਼ਤਾਂ ਵੀ ਨਕਦ ਬਕਾਏ ਸਹਿਤ ਜਾਰੀ ਕੀਤੀਆਂ ਜਾਣ।ਕੈਸ਼ਲੈਸ ਸਿਹਤ ਸਕੀਮ ਸੋਧ ਕੇ ਤੁਰੰਤ ਲਾਗੂ ਕੀਤੀ ਜਾਵੇ।ਮਿਤੀ 1-1-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਾਸਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।
ਧਰਨੇ ਵਿੱਚ ਹੋਰਨਾਂ ਤੋ ਇਲਾਵਾ ਰਘਬੀਰ ਸਿੰਘ, ਬਲਵਿੰਦਰ ਸਿੰਘ, ਯਸ਼ਪਾਲ, ਸੁਖਬੀਰ ਸਿੰਘ ਸੰਧੂ, ਕੁਲਦੀਪ ਸਿੰਘ, ਰਘੂਨਾਥ, ਸੁਖਵੰਤ ਸਿੰਘ, ਸਰਬਜੀਤ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਹਰਪਾਲ ਸਿੰਘ, ਪੀ.ਪੀ ਭੱਲਾ, ਚੈਨ ਸਿੰਘ, ਪਰਦੀਪ ਕੁਮਾਰ, ਹੀਰਾ ਲਾਲ ਤੁੱਲੀ, ਪਰਵਿੰਦਰ ਸਿੰਘ, ਮੁਖਤਾਰ ਸਿੰਘ, ਦੇਸ ਰਾਜ, ਸਿ਼ਵ ਕੁਮਾਰ, ਅਮਰਜੀਤ ਸਿੰਘ, ਬੀ.ਐਸ ਰੰਧਾਵਾ, ਨਰਿੰਦਰ ਸਿੰਘ, ਹਰਵਿੰਦਰ ਪਾਲ ਸਿੰਘ, ਅਮਰੀਕ ਸਿੰਘ, ਕੰਵਲਜੀਤ ਸਿੰਘ, ਜਸਪਾਲ ਸਿੰਘ, ਸਰਦੂਲ ਸਿੰਘ, ਦਇਆ ਸਿੰਘ, ਰਜਿੰਦਰ ਸਿੰਘ, ਲਖਵਿੰਦਰ ਸਿੰਘ, ਦਿਲਦਾਰ ਸਿੰਘ, ਬਖ਼ਸ਼ੀ ਰਾਮ, ਹਰਭਜਨ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media