ਸੰਗਰੂਰ, 31 ਅਕਤੂਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਲੌਂਗੋਵਾਲ ਵਿਖੇ ਫੈਲੇ ਡੇਂਗੂ ਕਾਰਨ ਕਸਬੇ ਦੇ 5 ਵਿਅਕਤੀਆਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿਚੋਂ
3 ਇਕ ਹੀ ਘਰ ਦੇ ਸਨ।ਇਨ੍ਹਾਂ ਦੇ ਘਰਾਂ ਵਿੱਚ ਕਮਾਉਣ ਵਾਲਾ ਵੀ ਕੋਈ ਨਹੀਂ ਰਿਹਾ ਹੈ।ਜਾਨ ਗਵਾਉਣ ਵਾਲੇ ਇਨ੍ਹਾਂ ਸਾਰਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣਾ ਜੀਵਨ ਚਲਾਉਣਾ ਬਹੁਤ ਹੀ ਕਠਿਨ ਹੋ ਗਿਆ ਹੈ।ਇਸ ਲਈ ਪੰਜਾਬ ਸਰਕਾਰ ਡੇਂਗੂ ਕਾਰਨ ਮਰਨ ਵਾਲੇ ਇਨ੍ਹਾਂ ਪੰਜਾਂ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਲੱਖ ਰੁਪਏ ਆਰਥਿਕ ਮਦਦ ਦੇਵੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਲੌਂਗੋਵਾਲ ਦੇ ਵਾਰਡ ਨੰਬਰ 8 ਤੋਂ ਨੌਜਵਾਨ ਕੌਂਸਲਰ ਰਣਜੀਤ ਸਿੰਘ ਕੁੱਕਾ ਨੇ ਜਾਰੀ ਬਿਆਨ ਰਾਹੀਂ ਕੀਤਾ ਹੈ।ਉਨ੍ਹਾਂ ਕਿਹਾ ਕਿ ਕਸਬੇ ਵਿਖੇ ਅਜੇ ਵੀ ਡੇਂਗੂ ਦਾ ਪ੍ਰਕੋਪ ਜਾਰੀ ਹੈ ਅਤੇ ਲੋਕ ਵੱਖ-ਵੱਖ ਹਸਪਤਾਲਾਂ ਵਿੱਚੋਂ ਆਪਣਾ ਇਲਾਜ਼ ਕਰਵਾ ਰਹੇ ਹਨ।ਕੌਂਸਲਰ ਰਣਜੀਤ ਸਿੰਘ ਨੇ ਕਿਹਾ ਕਿ ਭਾਵੇਂ ਹਲਕਾ ਵਿਧਾਇਕ ਅਮਨ ਅਰੋੜਾ ਨੇ ਬਹੁਤ ਕੋਸ਼ਿਸ ਕਰਕੇ ਸਥਾਨਕ ਸਿਵਲ ਹਸਪਤਾਲ ਵਿਖੇ ਕੁੱਝ ਨਵੇਂ ਡਾਕਟਰਾਂ ਦੀ ਨਿਯੁੱਕਤੀ ਕਰਵਾ ਦਿੱਤੀ ਹੈ।ਜਿਸ ਨਾਲ ਨਗਰ ਦੇ ਲੋਕਾਂ ਨੂੰ ਕੁੱਝ ਰਾਹਤ ਜਰੂਰ ਮਿਲੀ ਹੈ।ਉਨ੍ਹਾਂ ਕਿਹਾ ਕਿ ਲੌਂਗੋਵਾਲ ਦੇ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੇ ਨਾਲ-ਨਾਲ ਸਹਾਇਕ ਅਮਲੇ ਦੀ ਵੀ ਕਾਫ਼ੀ ਘਾਟ ਹੈ ਅਤੇ ਇਥੇ ਐਂਬੂਲੈਂਸ ਵੀ ਨਹੀਂ ਹੈ।ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਥੇ ਡਾਕਟਰਾਂ ਦੀ ਡਿਊਟੀ ਹੁਣ ਵੀ ਸ਼ਾਮ 8 ਵਜੇ ਤੱਕ ਹੀ ਕੀਤੀ ਗਈ ਹੈ, ਜੋ ਕਿ 24 ਘੰਟਿਆਂ ਲਈ ਹੋਣੀ ਬਹੁਤ ਜ਼ਰੂਰੀ ਹੈ,ਤਾਂ ਜੋ ਕਸਬਾ ਨਿਵਾਸੀਆਂ ਨੂੰ ਰਾਤ ਸਮੇਂ ਡਾਕਟਰੀ ਸਹਾਇਤਾ ਲਈ ਦੂਰ ਦੁਰਾਡੇ ਨਾ ਜਾਣਾ ਪਵੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media