ਸੇਵਾ ਮੁਕਤੀ ਜ਼ਿੰਦਗੀ ਦਾ ਇਕ ਅਹਿਮ ਪੜਾਅ ਹੁੰਦਾ ਹੈ।ਜਦੋਂ ਵਿਅਕਤੀ ਆਪਣੀ ਉਮਰ ਦੇ ਖੂਬਸੂਰਤ ਵਰ੍ਹੇ, ਨੌਕਰੀ ਨੂੰ ਸਮਰਪਿਤ ਕਰਕੇ, ਉਸ ਤੋਂ ਪ੍ਰਾਪਤ ਇਵਜ਼ਾਨੇ ਨਾਲ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦੀ ਖਰੀਦਦਾਰੀ ਕਰਕੇ, ਉਹਨਾਂ ਨੂੰ ਵੱਡੇ ਹੁੰਦਿਆਂ, ਪਰ ਨਿਕਲਦਿਆਂ ਤੇ ਫਿਰ ਆਪਣੇ ਆਪਣੇ ਆਹਲਣਿਆਂ ਵੱਲ ਉਡਦਿਆਂ ਤੱਕਦਾ ਹੈ ਤਾਂ ਇਕ ਸਕੂਨ ਪ੍ਰਾਪਤ ਕਰਦਾ ਹੈ।
ਸਰਕਾਰੀ ਨਰਸਿੰਗ ਕਾਲਜ ਮੈਡੀਕਲ ਕਾਲਜ ਕੈਂਪਸ ਅੰਮ੍ਰਿਤਸਰ ਤੋਂ ਸੀਨੀਅਰ ਅਧਿਆਪਕ (ਟਿਊਟਰ ਆਬਸਟੈਟਰਿਕ ਤੇ ਗਾਇਨੀ) ਵਜੋਂ 31 ਅਕਤੂਬਰ 2021 ਨੂੰ ਰਿਟਾਇਰ ਹੋ ਰਹੀ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਆਪਣੀ ਨੌਕਰੀ ਦਾ ਸਫ਼ਰ ਸਤੰਬਰ 1987 ਤੋਂ ਸ਼ੁਰੂ ਕਰਕੇ ਸਿਵਲ ਹਸਪਤਾਲ ਰਮਦਾਸ, ਬਾਬਾ ਬਕਾਲਾ ਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਸੇਵਾਵਾਂ ਨਿਭਾਈਆਂ।ਇਸ ਤੋਂ ਪਹਿਲਾਂ ਮੁੱਢਲੀ ਟਰੇਨਿੰਗ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਨਰਗਿੰਸ ਦਾ ਡਿਪਲੋਮਾ ਨਰਗਿੰਸ ਕਾਲਜ਼ ਅੰਮ੍ਰਿਤਸਰ ਤੋਂ, ਬੀ.ਏ ਸਠਿਆਲਾ ਕਾਲਜ, ਬੀ.ਐਸ.ਸੀ, ਸੀ.ਐਮ.ਸੀ ਲੁਧਿਆਣਾ ਅਤੇ ਐਮ.ਐਸ.ਸੀ ਰਾਜੀਵ ਗਾਂਧੀ ਓਪਨ ਯੂਨੀਵਰਸਿਟੀ ਬੰਗਲੋਰ ਤੋਂ ਕੀਤੀ।ਉਨ੍ਹਾਂ ਪਹਿਲਾਂ ਸਰਕਾਰੀ ਨਰਸਿੰਗ ਸਕੂਲ ਅੰਮ੍ਰਿਤਸਰ ਤੇ ਫਿਰ ਸਰਕਾਰੀ ਨਰਸਿੰਗ ਕਾਲਜ ਵਿਖੇ ਅਕਾਦਮਿਕ ਕਾਰਜ਼ਾਂ ਨੂੰ ਸਿਰੇ ਤੱਕ ਸਮੇਟਦਿਆਂ ਸੇਵਾ ਮੁਕਤੀ ਪ੍ਰਾਪਤ ਕੀਤੀ।
ਮਾਝੇ ਦੇ ਵੱਡੇ ਤੇ ਅਗਾਂਹ ਵਧੂ ਪਿੰਡ ਬੁਤਾਲਾ ਵਿਖੇ ਇਕ ਸਧਾਰਨ ਪਰਿਵਾਰ ਵਿੱਚ ਜਨਮੀ ਗੁਰਪ੍ਰੀਤ ਕੌਰ ਨੇ ਬਚਪਨ ਤੋਂ ਹੀ ਸਿੱਖਿਆ ਨੂੰ ਇੱਕ ਸਾਧਨਾ ਵਾਂਗ ਗਲੇ ਲਾਇਆ ਤੇ ਗਰੀਬੀ ਦੇ ਸਮੇਂ ਵਿੱਚ ਵੀ ਅਗਲੇਰੀ ਪੜ੍ਹਾਈ ਵੱਲ ਲਗਾਤਾਰ ਧਿਆਨ ਸੇਧਿਤ ਕੀਤਾ।ਪਿਤਾ ਗਿਆਨੀ ਚਰਨਜੀਤ ਸਿੰਘ ਨੇ ਥੋੜਾਂ ਸਮਾਂ ਫੌਜ ਵਿੱਚ ਨੌਕਰੀ ਕੀਤੀ ਤੇ ਇੱਕ ਬਿਮਾਰੀ ਕਾਰਨ ਬਾਕੀ ਉਮਰ ਨੂੰ ਅਧਿਆਤਮਕ ਕਾਰਜ਼ਾਂ ਵਿੱਚ ਲਗਾਇਆ।ਮਾਤਾ ਅਮਰਜੀਤ ਕੌਰ ਨੇ ਹੱਥੀਂ ਕਿਰਤ ਕਰਕੇ ਬੱਚਿਆਂ ਦੀ ਪੜ੍ਹਾਈ ਵੱਲ ਸਾਰਾ ਧਿਆਨ ਦਿੱਤਾ।
ਗੁਰਪ੍ਰੀਤ ਕੌਰ ਦਾ ਵਿਆਹ ਪੰਜਾਬ ਦੇ ਵਿਦਿਆਰਥੀ ਲਹਿਰ ਦੇ ਆਗੂ ਰਹੇ ਭੁਪਿੰਦਰ ਸਿੰਘ ਸੰਧੂ ਨਾਲ ਹੋਇਆ।ਭੂਪਿੰਦਰ ਸਿੰਘ ਸੰਧੂ ਨੇ ਬਿਜਲੀ ਵਿਭਾਗ ਵਿੱਚ ਕਰਮਚਾਰੀ ਤੇ ਅਧਿਕਾਰੀ ਵਜੋਂ ਵਿੱਚਰਦਿਆਂ ਮੁਲਾਜ਼ਮਾਂ ਦੇ ਸੰਘਰਸ਼ ਦੇ ਨਾਲ-ਨਾਲ ਸਾਹਿਤ ਤੇ ਸਭਿਆਚਾਰਕ ਖੇਤਰ ਵਿੱਚ ਵੀ ਪ੍ਰਭਾਵਸ਼ਾਲੀ ਕੰਮ ਕੀਤਾ।ਉਹ ਵੱਖ-ਵੱਖ ਸਾਹਿਤਕ ਸਭਿਆਚਾਰਕ ਸੰਸਥਾਵਾਂ ਵਿੱਚ ਕਾਰਜ਼ਸ਼ੀਲ ਰਹਿੰਦਿਆਂ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵੱਖ-ਵੱਖ ਅਹੁੱਦਿਆਂ ਤੇ ਰਹੇ ਤੇ ਆਪਣੇ ਸ਼ਹਿਰ ਅੰਮਿ੍ਰਤਸਰ ਦੇ ਨਾਮਵਰ ਵਾਸੀਆਂ ਵਿੱਚ ਆਪਣਾ ਸਥਾਨ ਬਣਾਇਆ।ਇਨ੍ਹਾਂ ਦੀ ਬੇਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ.ਏ ਐਲ.ਐਲ.ਬੀ, ਐਲ.ਐਲ.ਐਮ ਕਰਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਕਾਲਤ ਦਾ ਪੇਸ਼ਾ ਸ਼ੁਰੂ ਕੀਤਾ।ਅਜਕਲ ਉਹ ਵਿਦੇਸ਼ ਵਿੱਚ ਆਪਣੇ ਸਹੁਰੇ ਪਰਿਵਾਰ ‘ਚ, ਬੱਚੀ ਸਾਹਿਤ ਕੌਰ ਤੇ ਜੀਵਨ ਸਾਥੀ ਹਰਪਾਲ ਸਿੰਘ ਧਾਮੀ ਨਾਲ ਰਹਿ ਰਹੀ ਹੈ।ਬੇਟਾ ਇੰਜੀ. ਵਿਕਰਾਂਤ ਸਿੰਘ ਸੰਧੂ ਅੰਮ੍ਰਿਤਸਰ ਦੀ ਗੂਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਟੈਕ ਕਰਕੇ ਇਕ ਨਾਮਵਰ ਕੰਪਨੀ ਵਿੱਚ ਕਾਰਜ਼ ਕਰ ਰਿਹਾ ਹੈ।
ਅੱਜ ਗੁਰਪ੍ਰੀਤ ਕੌਰ ਦੀ ਸੇਵਾ ਮੁਕਤੀ ਦੇ ਸਮੇਂ ਅੱਜ ਕਾਲਜ ਪ੍ਰਿੰਸੀਪਲ, ਅਧਿਆਪਕ ਤੇ ਵਿਦਿਆਰਥੀਆਂ ਤੋਂ ਇਲਾਵਾ ਬਹੁਤ ਸਾਰੀਆਂ ਵਿਦਿਅਕ, ਸਮਾਜਿਕ, ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਤੇ ਸ਼ਖ਼ਸੀਅਤਾਂ ਵਲੋਂ ਉਨਾਂ ਨੂੰ ਸ਼ੁਭਕਾਮਨਾਵਾਂ ਪੇਸ਼ ਕੀਤੀਆ ਗਈਆਂ।31102021
(31 ਅਕਤੂਬਰ 2021 ਸੇਵਾ ਮੁਕਤੀ ’ਤੇ ਵਿਸ਼ੇਸ਼)
ਡਾ. ਇੰਦਰਾ ਵਿਰਕ
ਮੋ – 98153 94623
Punjab Post Daily Online Newspaper & Print Media