Sunday, May 11, 2025
Breaking News

ਆਰਟ ਗੈਲਰੀ ਵਿਖੇ ਛੀਨਾ ਵਲੋਂ 5 ਰੋਜ਼ਾ ‘ਡਿਵਾਇਨ-2.4’ ਪ੍ਰਦਰਸ਼ਨੀ ਦਾ ਉਦਘਾਟਨ

ਕਲਾ ਅਤੇ ਕਲਾਕਾਰਾਂ ਦੇ ਹੁਨਰ ਨੂੰ ਨਿਖਾਰਣ ’ਚ ਠਾਕੁਰ ਸਿੰਘ ਆਰਟ ਗੈਲਰੀ ਦਾ ਵਡਮੁੱਲਾ ਯੋਗਦਾਨ

ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ) – ਕਲਾ ਅਤੇ ਕਲਾਕਾਰਾਂ ਦੇ ਹੁਨਰ ਨੂੰ ਨਿਖਾਰਣ ’ਚ ਠਾਕੁਰ ਸਿੰਘ ਆਰਟ ਗੈਲਰੀ ਨੇ ਹਮੇਸ਼ਾਂ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਅਤੇ ਸਮੇਂ-ਸਮੇਂ ’ਤੇ ਕਈ ਤਜਰਬੇਕਾਰ ਅਤੇ ਹੁਨਰਮੰਦ ਆਰਟਿਸਟਾਂ ਦੁਆਰਾ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ, ਪੇਟਿੰਗਾਂ ਤੇ ਹੋਰ ਅਣਗਿਣਤ ਪ੍ਰਦਰਸ਼ਨੀਆਂ ਸ਼ਹਿਰ ਦੇ ਨਾਲ ਹੋਰਨਾਂ ਜ਼ਿਲਿਆਂ ਤੇ ਰਾਜਾਂ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੀਆਂ ਹਨ।
                  ਇਹ ਪ੍ਰਗਟਾਵਾ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਪ੍ਰਸਿਧ ਕਲਾਕਾਰ ਧਰਮਿੰਦਰ ਸ਼ਰਮਾ ਵਲੋਂ ਬਣਾਈਆਂ ਗਈਆਂ ਅਦਭੁੱਤ ਪੇਂਟਿੰਗਾਂ ਦੀ 5 ਰੋਜ਼ਾ ‘ਡਿਵਾਇਨ-2.4’ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਸਮੇਂ ਕੀਤਾ।ਜੇ.ਕੇ.ਸੀ.ਸੀ.ਏ ਜੰਮੂ ਦੇ ਡਾਇਰੈਕਟਰ ਓ.ਪੀ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਵਾਗਤ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ।
                  ਛੀਨਾ ਨੇ ਕਿਹਾ ਕਿ 5 ਦਿਨਾਂ ਤੱਕ ਚੱਲਣ ਵਾਲੀ ਇਹ ਪ੍ਰਦਰਸ਼ਨੀ ਬਹੁਤ ਹੀ ਦਿਲਚਸਪ ਹੋਵੇਗੀ ਅਤੇ ਉਹ ਸ਼ਹਿਰ ਵਾਸੀਆਂ, ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਇਸ ਅਦਭੁੱਤ ਪ੍ਰਦਰਸ਼ਨੀ ਦੇਖਣ ਦਾ ਖੁੱਲ੍ਹਾ ਸੱਦਾ ਦਿੰਦੇ ਹਨ।ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ ਆਮ ਲੋਕਾਂ ਖਾਸਕਰ ਕਲਾ ਪ੍ਰੇਮੀਆਂ ਲਈ ਆਰਟ ਗੈਲਰੀ ਵਲੋਂ ਇਹ ਪ੍ਰਦਰਸ਼ਨੀ ਦੀਵਾਲੀ ਤੋਂ ਪਹਿਲਾਂ ਇਕ ਤੋਹਫ਼ੇ ਵਜੋਂ ਲਗਾਈ ਗਈ ਹੈ।ਉਨ੍ਹਾਂ ਨੂੰ ਆਸ ਪ੍ਰਗਟਾਈ ਕਿ ਲੋਕ ਇਸ ਪ੍ਰਦਰਸ਼ਨੀ ਨੂੰ ਖੂਬ ਪਸੰਦ ਕਰਨਗੇ।
ਛੀਨਾ ਨੇ ਕਿਹਾ ਕਿ ਪ੍ਰਦਰਸ਼ਨੀ ’ਚ ਭਾਰਤ ਦੇ ਮਿਨੀਏਚਰ ਆਰਟ ਨਾਲ ਸਬੰਧਿਤ ਕਲਾ ਦੇ 20 ਨਮੂਨਿਆਂ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਤਿੰਨ ਮਿਨੀਏਚਰ ਪੇਟਿੰਗ ਆਰਟ ਦੇ ਨਮੂਨੇ ਵੀ ਪ੍ਰਦਰਸ਼ਨੀ ਦਾ ਸ਼ਿੰਗਾਰ ਅਤੇ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ ਉਕਤ ਪ੍ਰਦਰਸ਼ਨੀ ’ਚ 40 ਦੇ ਕਰੀਬ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਜਿਸ ਵਿੱਚ ਸ਼ਰਮਾ ਵਲੋਂ ਬਹੁਤ ਹੀ ਉਚ ਕੋਟੀ ਦੀ ਕਲਾਕਾਰੀ ਪੇਸ਼ ਕੀਤੀ ਗਈ ਹੈ।
               ਸ਼ਰਮਾ ਨੇ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਕਲਾਕਾਰ ਵਜੋਂ ਸਰਗਰਮ ਹਨ ਅਤੇ ਸ਼ੁਰੂ ਤੋਂ ਹੀ ਇਸ ਗੈਲਰੀ ਨਾਲ ਜੁੜੇ ਹੋਏ ਹਨ।ਇਸ ਪ੍ਰਦਰਸ਼ਨੀ ਦੀਆਂ 40 ਦੇ ਕਰੀਬ ਪੇਂਟਿੰਗਾਂ ’ਚੋਂ 20 ਮਿਨੀਏਚਰ ਨਾਲ ਸਬੰਧਤ ਹਨ ਜਿੰਨਾਂ ਦੀ ਸ਼ੁਰਆਤ ਪਾਂਡੂ ਲਿਪੀਆਂ ਅਤੇ ਪੋਥੀਆਂ ਨੂੰ ਸਜਾਉਣ ਲਈ ਕੀਤੀ ਜਾਂਦੀ ਰਹੀ ਹੈ।ਬਾਅਦ ’ਚ ਹੋਲੀ-ਹੋਲੀ ਇੰਨ੍ਹਾਂ ਦਾ ਰੂਪ ਵਿਕਸਿਤ ਹੁੰਦਾ ਗਿਆ।ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਇਸ ਪ੍ਰਕਾਰ ਦੀ ਚਿੱਤਰਕਾਰੀ ਵਿੱਚ ਹੱਥਾਂ ਨਾਲ ਬਣਾਏ ਗਏ ਰੰਗਾਂ ਦਾ ਪ੍ਰਯੋਗ ਕੀਤਾ ਜਾਂਦਾ ਸੀ।
                    ਇਸ ਮੌਕੇ ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਨਰੇਸ਼ ਮਹਾਜਨ, ਪ੍ਰਿੰਸੀਪਲ ਵਰਿੰਦਰਪਾਲ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ।

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …