ਬਸਪਾ ਦੇ ਗੁਰਬਖਸ਼ ਸਿੰਘ ਅਤੇ ਸ਼ਵਿੰਦਰ ਸਿੰਘ ਛੱਜਲਵਿੱਡੀ ਨੇ ਵੀ ਫੜਿਆ ਝਾੜੂ
ਅੰਮ੍ਰਿਤਸਰ, 1 ਜਨਵਰੀ 2022 (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਨਵੇਂ ਸਾਲ ਦੀ ਆਮਦ ’ਤੇ ਵੱਡਾ ਹੁਲਾਰਾ ਮਿਲਿਆ, ਜਦੋਂ ਕਾਂਗਰਸ
ਦੇ ਵੱਡੇ ਆਗੂ ਅਤੇ ਪਨਗਰੇਨ ਦੇ ਸਾਬਕਾ ਚੇਅਰਮੈਨ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਦੋ ਸੂਬਾ ਜਨਰਲ ਸਕੱਤਰ ਗੁਰਬਖਸ਼ ਸਿੰਘ ਅਤੇ ਸ਼ਵਿੰਦਰ ਸਿੰਘ ਛੱਜਲਵਿੱਡੀ, ਖਜਾਨ ਸਿੰਘ, ਹਰਭਜਨ ਸਿੰਘ, ਰਾਮ ਸਿੰਘ, ਅੱਖਾਂ ਦੀ ਉਘੀ ਡਾਕਟਰ ਬੀਬਾ ਬਲਜੀਤ ਕੌਰ ਸਮੇਤ ਕਾਂਗਰਸ- ਬਸਪਾ ਦੇ ਸੈਂਕੜੇ ਵਰਕਰ ‘ਆਪ’ ਵਿੱਚ ਸ਼ਾਮਲ ਹੋ ਗਏ।‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ਼ ਰਾਘਵ ਚੱਢਾ ਅਤੇ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਇਨਾਂ ਸਾਰੇ ਆਗੂਆਂ ਨੂੰ ਪਾਰਟੀ ’ਚ ਰਸਮੀ ਤੌਰ ’ਤੇ ਸ਼ਾਮਲ ਕਰਕੇ ਇਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ।
ਸਿਆਸੀ ਆਗੂਆਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਲਈ ਕਰਵਾਏ ਸਾਦੇ, ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹਰ ਦਿਨ ਵੱਡੇ ਆਗੂ, ਪੱਤਰਕਾਰ, ਵਕੀਲ, ਕਲਾਕਾਰ, ਡਾਕਟਰ, ਅਤੇ ਅਫ਼ਸਰ ‘ਚ ਸ਼ਾਮਲ ਹੋ ਰਹੇ ਹਨ।ਇਸੇ ਕੜੀ ਤਹਿਤ ਮਾਝੇ ਦੇ ਸਿਰਕੱਢ ਕਾਂਗਰਸੀ ਆਗੂ ਲਾਲੀ ਮਜੀਠੀਆ ਆਪਣੇ ਸਾਥੀਆਂ ਨਾਲ ‘ਆਪ’ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ।ਮਾਨ ਨੇ ਲਾਲੀ ਮਜੀਠੀਆ ਅਤੇ ਉਨਾਂ ਦੇ ਸਾਥੀਆਂ ਦਾ ਰਸਮੀ ਤੌਰ ’ਤੇ ਪਾਰਟੀ ਵਿੱਚ ਸਵਾਗਤ ਕੀਤਾ।
ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਸਾਥੀ ਪ੍ਰੋ. ਸਾਧੂ ਸਿੰਘ ਦੀ ਬੇਟੀ ਡਾ. ਬਲਜੀਤ ਕੌਰ ਸਰਕਾਰੀ ਡਾਕਟਰ ਵਜੋਂ ਸੇਵਾਵਾਂ ਦੇ ਰਹੇ ਸਨ।ਡਾ. ਬਲਜੀਤ ਕੌਰ ਨੇ ਸਰਕਾਰੀ ਨੌਕਰੀ ਛੱਡ ਕੇ ਪਾਰਟੀ ’ਚ ਸ਼ਾਮਲ ਹੋਣ ਦਾ ਵੱਡਾ ਫ਼ੈਸਲਾ ਲਿਆ ਹੈ।ਉਨਾਂ ਕਿਹਾ ਕਿ ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਬਤੌਰ ਡਾਕਟਰ ਬਲਜੀਤ ਕੌਰ ਦੀ ਇਮਾਨਦਾਰ, ਸਾਫ਼ ਸੁਥਰੀ ਅਤੇ ਸ਼ਾਨਦਾਰ ਦਿਖ ਕਰਕੇ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਸਮਝੌਤਾਵਾਦੀ ਪਾਰਟੀ ਨਹੀਂ ਹੈ, ਸਗੋਂ ਕਾਂਗਰਸ- ਅਕਾਲੀ ਦਲ ਦੇ ਸਮਝੌਤੇ ਨੂੰ ਤੋੜਨ ਵਾਲੀ ਪਾਰਟੀ ਹੈ।ਉਨਾਂ ਨੇ ਦਾਅਵਾ ਕੀਤਾ ਕਿ ਲੀਲੀ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
ਪਨਗਰੇਨ ਦੇ ਸਾਬਕਾ ਚੇਅਰਮੈਨ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੇ ਦੱਸਿਆ ਕਿ ਉਨਾਂ 40 ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ, ਪਰ ਹੁਣ ਕਾਂਗਰਸ ਪਾਰਟੀ ਵਿੱਚ ਉਨਾਂ ਦਾ ਸਾਹ ਘੁਟ ਰਿਹਾ ਸੀ।ਉਨਾਂ ਦਾ ਮਜੀਠਾ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਨਾਲ ਮੁਕਾਬਲਾ ਹੁੰਦਾ ਰਿਹਾ ਹੈ, ਪਰ ਕਾਂਗਰਸੀ ਅਤੇ ਅਕਾਲੀ ਦਲ ਵਾਲੇ ਮਿਲ ਕੇ ਉਨਾਂ ਨੂੰ ਹਰਾਉਂਦੇ ਰਹੇ ਹਨ।ਪੰਜਾਬ ਵਾਸੀਆਂ ਨੂੰ ਬੇਅਦਬੀ, ਨਸ਼ੇ ਅਤੇ ਮਾਫੀਆ ਰਾਜ ਜਿਹੇ ਮੁੱਦਿਆਂ ’ਤੇ ਇਨਸਾਫ਼ ਨਹੀਂ ਮਿਲਿਆ।ਭਾਵੇਂ ਹਾਈਕੋਰਟ ਦੇ ਹੁਕਮਾਂ ’ਤੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਪਰਚਾ ਜ਼ਰੂਰ ਦਰਜ਼ ਕੀਤਾ ਗਿਆ, ਪਰ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਗਈ।ਲਾਲੀ ਮਜੀਠੀਆ ਨੇ ‘ਆਪ’ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮਜੀਠੀਆ ਹਲਕੇ ਤੋਂ ਡੱਟ ਕੇ ਚੋਣ ਲੜੇਗੀ ਜਾਵੇਗੀ ਅਤੇ ਵਿਰੋਧੀਆਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
Punjab Post Daily Online Newspaper & Print Media