Friday, July 31, 2026

ਖ਼ਾਲਸਾ ਕਾਲਜ ਇੰਜੀਨੀਅਰਿੰਗ, ਐਜ਼ੂਕੇਸ਼ਨ ਤੇ ਨਰਸਿੰਗ ਨੇ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ

ਅੰਮ੍ਰਿਤਸਰ, 15 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇੇ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।
                   ਇੰਜ਼ੀਨੀਅਰਿੰਗ ਕਾਲਜ ਵਿਖੇ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ‘ਲਿੰਗਿਕ ਸੰਵੇਦਨਸ਼ੀਲਤਾ: ਮਾਨਸਿਕਤਾ ਬਦਲਣ ਦਾ ਸਮਾਂ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਡਾ. ਬਾਲਾ ਨੇ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਡਾਕਟਰ ਇਨ ਫੋਰੈਂਸਿਕ ਮੈਡੀਸਨ ਅਤੇ ਮੁੱਖ ਬੁਲਾਰੇ ਡਾ: ਨਵਪ੍ਰੀਤ ਕੌਰ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਅਤੇ ਸੈਸ਼ਨ ਲੜਕੀਆਂ ਅਤੇ ਲੜਕਿਆਂ ਦੋਵਾਂ ਲਈ ਜ਼ਰੂਰੀ ਹਨ, ਕਿਉਂਕਿ ਇਹ ਉਨ੍ਹਾਂ ਨੂੰ ਇਕ ਦੂਜੇ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹਨ।
                 ਡਾ. ਨਵਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਔਰਤ ਵਿਰੋਧੀ ਮਾਨਸਿਕਤਾ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਦਾ ਮਤਲਬ ਮਰਦਾਂ ਨੂੰ ਨੀਵਾਂ ਵਿਖਾਉਣਾ ਨਹੀਂ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸੰਸਾਰ ’ਚ ਅਜੇ ਵੀ ਜ਼ਿਆਦਾਤਰ ਔਰਤਾਂ ਪੀੜਤ ਹਨ ਅਤੇ ਲੋਕਾਂ ਦੀ ਗਲਤ ਮਾਨਸਿਕਤਾ ਕਾਰਨ ਦੁਰਵਿਵਹਾਰ ਜਾਰੀ ਹੈ।ਉਨ੍ਹਾਂ ਕਿਹਾ ਕਿ ਸਮਾਜ ਦੇ ਵਿਕਾਸ ਦਾ ਇਕੋ ਇਕ ਰਸਤਾ ਹੈ ਇਕਸੁਰਤਾ ਅਤੇ ਸਮਾਨਤਾ ਅਤੇ ਜਦੋਂ ਤੱਕ ਇਹ ਪ੍ਰਾਪਤ ਨਹੀਂ ਹੁੰਦਾ ਸਾਡਾ ਸਮਾਜ ਤਰੱਕੀ ਅਤੇ ਖੁਸ਼ਹਾਲ ਨਹੀਂ ਹੋ ਸਕਦਾ।
                   ਡਾ: ਮਹਿੰਦਰ ਸੰਗੀਤਾ (ਡੀਨ ਅਕਾਦਮਿਕ) ਨੇ ਮੁੱਖ ਬੁਲਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਿੰਗਿਕ ਸੰਵੇਦਨਸ਼ੀਲਤਾ ਔਰਤਾਂ ਅਤੇ ਮਰਦਾਂ ਵਿਚਕਾਰ ਅਸਮਾਨਤਾਵਾਂ ਨੂੰ ਮਜ਼ਬੂਤ ਕਰਨ ਵਾਲੇ ਰਵੱਈਏ, ਵਿਵਹਾਰ ਅਤੇ ਵਿਸ਼ਵਾਸਾਂ ਨੂੰ ਬਦਲਣ ਦਾ ਰਾਹ ਹੈ।
ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ‘ਬਰੇਕ ਦ ਬਾਇਸ’ ਥੀਮ ’ਤੇ ਪੋਸਟਰਾਂ, ਪੇਂਟਿੰਗਾਂ ਅਤੇ ਕੈਲੀਗ੍ਰਾਫੀ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ।ਡਾ. ਬਾਲਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਵੀ ਕੀਤਾ।ਡਾ. ਰਿਪਿਨ ਕੋਹਲੀ, ਡਾ. ਸੰਦੀਪ ਦੇਵਗਨ, ਸੁਖਮਨਜੀਤ ਕੌਰ, ਚੰਨਪ੍ਰੀਤ ਕੌਰ, ਮਨਜੋਤ ਕੌੌਰ, ਪ੍ਰਨੀਤ ਕੌਰ, ਡਾ. ਪਰਮਿੰਦਰ ਕੌਰ, ਸ਼ਿਲਪਾ ਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।
                    ਇਸੇ ਤਰ੍ਹਾਂ ਐਜੂਕੇਸ਼ਨ ਕਾਲਜ ਵਿਖੇ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਕੈਪਟਨ (ਸੇਵਾਮੁਕਤ) ਜਸਮੀਤ ਕੌਰ ਚੌਹਾਨ (ਮਿਸਿਜ਼ ਇੰਡੀਆ, 2021) ਦਾ ਸਵਾਗਤ ਕਰਦਿਆਂ ਕਿਹਾ ਕਿ ਵਿਸ਼ਵ ਭਰ ’ਚ ਔਰਤ ਹਰੇਕ ਖੇਤਰ ’ਚ ਮੱਲ੍ਹਾ ਮਾਰ ਰਹੀ ਹੈ ਅਤੇ ਕਿਸੇ ਵੀ ਸਮਾਜ ਦੀ ਹੋਂਦ ਔਰਤ ਤੋਂ ਬਿਨ੍ਹਾਂ ਨਾਮੁਮਕਿਨ ਹੈ, ਪਰ ਫਿਰ ਵੀ ਭਾਰਤੀ ਸਮਾਜਿਕ ਤਾਣਾ-ਬਾਣਾ ਔਰਤ ਨੂੰ ਉਸਦੀ ਬਰਾਬਰੀ ਦੇ ਅਧਿਕਾਰ ਤੋਂ ਵੰਚਿਤ ਕਰਦਾ ਹੈ ਅਤੇ ਉਸ ਦੀ ਅਜ਼ਾਦੀ ਸਬੰਧੀ ਭਰਮ ਭੁਲੇਖੇ ਪਾਉਂਦਾ ਹੈ।
                      ਕੈਪਟਨ ਜਸਮੀਤ ਕੌਰ ਨੇ ਔਰਤ ਦੀ ਮਹੱਤਤਾ ਬਾਰੇ ਉਨ੍ਹਾਂ ਸਾਰੀਆਂ ਮਹਾਨ ਔਰਤਾਂ ਬਾਰੇ ਜਾਣਕਾਰੀ ਦਿੱਤੀ ਜਿੰਨਾਂ ਨੇ ਨਾ ਸਿਰਫ਼ ਅਕਾਦਮਿਕ ਸਗੋਂ ਹਰੇਕ ਖੇਤਰ ’ਚ ਆਪਣੀ ਸਿਆਣਪ, ਬਹਾਦਰੀ ਅਤੇ ਗਿਆਨ ਨਾਲ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕੀਤੀ। ਔਰਤ ਆਪਣੇ ਆਤਮ ਵਿਸ਼ਵਾਸ਼ ਦੇ ਬੱਲ ’ਤੇ ਹੀ ਮਰਦ ਪ੍ਰਧਾਨ ਸਮਾਜ ’ਚ ਆਪਣੀ ਹੌਂਦ ਨੂੰ ਕਾਇਮ ਰੱਖ ਸਕਦੀ ਹੈ।
                     ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਦੁਆਰਾ ਸਮਾਜ ’ਚ ਔਰਤ ਦੀ ਮਹੱਤਤਾ ਅਤੇ ਉਸ ਦੀ ਲੋੜੀਂਦੀ ਅਜ਼ਾਦੀ ਨੂੰ ਦਰਸਾਉਣ ਲਈ ਪਾਵਰ ਪੁਆਇੰਟ, ਸਕਿੱਟ ਅਤੇ ਕਵਿਤਾ ਨੂੰ ਮਾਧਿਅਮ ਬਣਾਇਆ।
                      ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਸੰਧੂ, ਡਾ. ਗੁਰਜੀਤ ਕੌਰ, ਡਾ. ਮਨਪ੍ਰੀਤ ਕੌਰ, ਅਮਨਦੀਪ ਕੌਰ, ਡਾ. ਮਨਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਮੌਜ਼ੂਦ ਸੀ।ਇਸੇ ਤਰ੍ਹਾਂ ਨਰਸਿੰਗ ਕਾਲਜ ਵਿਖੇ ਵੀ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੇ ਸਹਿਯੋਗ ਨਾਲ ਔਰਤ ਦਿਵਸ ’ਤੇ ਸੈਮੀਨਾਰ ਕਰਵਾਇਆ ਗਿਆ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …