Wednesday, February 25, 2026

ਅੰਬ ਦੀ ਗੁੱਠਲੀ ਬਨਾਮ ਸਰਕਾਰ

               ਪੰਜਾਬ ਦੇ ਲੋਕਾਂ ਨੇ ਇਸ ਵਾਰ ਇਕੱਠਿਆਂ ਨੇ ਹੰਬਲਾ ਮਾਰ ਕੇ ਆਮ ਆਦਮੀਆਂ ਨੂੰ ਅਗੇ ਲਿਆਂਦਾ।ਚਾਰ ਚੁਫੇਰੇ ਧੁੰਮਾਂ ਪੈ ਗਈਆਂ ਬਈ ਬੱਲੇ ਬੱਲੇ ਹੋ ਗਈ।ਪੰਜਾਬੀਆਂ ਨੇ ਰਿਕਾਰਡ ਬਣਾ ਦਿੱਤਾ ਹੈ।ਜਿਹਨਾਂ ਨੇ ਆਪਣੀਆਂ ਵਾਰੀਆਂ ਬੰਨੀਆਂ ਹੋਈਆਂ ਸਨ, ਉਨਾਂ ਰਵਾਇਤੀ ਪਾਰਟੀਆਂ ਨੂੰ ਖੂੰਜ਼ੇ ਲਾਇਆ ਹੈ।ਇਸ ਗੱਲ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਇਸ ਤਰਾਂ ਕੋਈ ਤੀਜ਼ੀ ਧਿਰ ਵੀ ਸਾਡੇ ਸਾਹਮਣੇ ਆ ਖੜੀ ਹੋਵੇਗੀ।ਇਹ ਗੱਲ ਵੀ ਆਮ ਚੱਲਦੀ ਹੈ ਕਿ ਵੋਟਰ ਵਿਕਾਊ ਬਣ ਜਾਂਦੇ ਹਨ।ਬੇਸ਼ਕ ਝੰਡੇ ਕਿਸੇ ਪਾਰਟੀ ਦੇ ਵੀ ਲਾਈ ਰੱਖਣ, ਪਰ ਵੋਟਾਂ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਸਭ ਕੁੱਝ ਬਦਲ ਜਾਂਦਾ ਹੈ।ਪਾਰਟੀਆਂ ਦੇ ਕਰਿੰਦੇ ਆਉਂਦੇ ਹਨ, ਵੋਟਾਂ ਦੇ ਹਿਸਾਬ ਨਾਲ ਪੈਸੇ ਦੇ ਕੇ ਚਲੇ ਜਾਂਦੇ ਹਨ।ਫਿਰ ਉਸ ਪਾਰਟੀ ਦਾ ਪੱਲੜਾ ਭਾਰੀ ਹੋ ਜਾਂਦਾ ਹੈ, ਜਿਹੜੀ ਪਾਰਟੀ ਨੇ ਪੈਸੇ ਜਿਆਦਾ ਦਿੱਤੇ ਹੁੰਦੇ ਹਨ।ਇਹ ਸਿਲਸਿਲਾ ਪਿੱਛਲੇ ਕਈ ਦਹਾਕਿਆਂ ਤੋਂ ਪੰਜਾਬ ਵਿੱਚ ਵੀ ਚੱਲਦਾ ਆ ਰਿਹਾ ਸੀ।
                 ਪਰ ਅਚਾਨਕ ਪਟਿਆਲੇ ਵਿੱਚ ਲੱਗੇ ਹੋਰਡਿੰਗ ‘ਤੇ ਲਿਖਿਆ ਨਜ਼ਰ ਆ ਗਿਆ, ਕਿ ਇਸ ਵਾਰ ਖੇਡੋ ਨਵੀਂ ਚਾਲ।ਜਿਹੜੀ ਵੀ ਪਾਰਟੀ ਪੈਸੇ ਦੇਣ ਆਵੇ ਉਹਨਾਂ ਨੂੰ ਇਨਕਾਰ ਨਹੀਂ ਕਰਨਾ।ਉਹਨਾਂ ਕੋਲੋਂ ਪੈਸੇ ਵੱਧ ਤੋਂ ਵੱਧ ਲੈ ਲੈਣੇ ਹਨ, ਪਰ ਵੋਟ ਉਹਨਾਂ ਨੂੰ ਨਹੀਂ ਤੀਜ਼ੀ ਧਿਰ ਨੂੰ ਪਾਉਣੀ।ਇਸ ਬੋਰਡ ਦੀ ਬਹੁਤ ਚਰਚਾ ਵੀ ਹੋਈ।ਪਰ ਹੋ ਸਕਦਾ ਹੈ ਕਿ ਲੋਕਾਂ ‘ਤੇ ਉਸ ਬੋਰਡ ਦਾ ਅਸਰ ਹੋ ਗਿਆ ਹੋਵੇ।ਲੋਕਾਂ ਨੇ ਇਕਦਮ ਆਪਣਾ ਰਵੱਈਆ ਬਦਲ ਲਿਆ।ਬਿਨਾਂ ਬੋਲਿਆਂ ਸੌਦਾ ਤੋਲ ਦਿੱਤਾ ਤੇ ਆਪਣਾ ਫਤਵਾ ਆਮ ਪਾਰਟੀ ਦੇ ਹੱਕ ਵਿੱਚ ਦੇ ਦਿੱਤਾ।ਇਥੋਂ ਤੱਕ ਵੀ ਵੇਖਣ ਨੂੰ ਮਿਲਿਆ ਹੈ ਕਿ ਜਿੰਨਾਂ ਸ਼ਹਿਰੀ ਤੇ ਪੇਂਡੂ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਬੂਥ ਨਹੀਂ ਸਨ ਲੱਗੇ, ਉਥੇ ਵੀ ਬਹੁਤ ਆਮ ਆਦਮੀ ਪਾਰਟੀ ਨੂੰ ਸਫਲਤਾ ਮਿਲੀ।ਜਿਸ ਕਰਕੇ ਭਗਵੰਤ ਮਾਨ ਦੀ ਸਰਕਾਰ ਬਹੁਮਤ ਨਾਲ ਬਣ ਗਈ।
ਹੁਣ ਮਸਲਾ ਇਸ ਗੱਲ ਦਾ ਹੈ ਕਿ ਜਿਹੜੇ ਚੋਣ ਪ੍ਰਚਾਰ ਦੌਰਾਨ ਇਹ ਕਹਿੰਦੇ ਸੀ, ਕਿ ਤੁਸੀਂ ਆਪਣਾ ਵਿਧਾਇਕ ਜਿਤਾਉ ਤੇ ਮੈ ਇਸ ਨੂੰ ਮੰਤਰੀ ਬਣਾਵਾਂਗਾ।ਉਹ ਵਿਚਾਰੇ ਆਪ ਹੀ ਦੋਵਾਂ ਦੋਵਾਂ ਥਾਵਾਂ ਤੋਂ ਹਾਰ ਗਏ ।ਪਰ ਜਿਹਨਾਂ ਨੇ ਰੱਜ ਰੱਜ ਕੇ ਰਾਸ਼ਨ ਛਕਿਆ ਹੋਇਆ ਹੋਵੇ ਉਹ ਹੁਣ ਭੁੱਖੇ ਕਿਵੇਂ ਰਹਿ ਸਕਦੇ ਨੇ।ਕਈਆਂ ਨੇ ਆਪਣੀਆਂ ਚਾਲਾਂ ਚੱਲਣ ਤੋਂ ਬਾਜ਼ ਨਹੀਂ ਆਉਣਾ।ਕਈ ਲੋਕ ਭਗਵੰਤ ਮਾਨ ਦੀ ਸਰਕਾਰ ਨੂੰ ਜਾਦੂਗਰ ਸਮਝਣ ਲਗ ਪਏ ਹਨ।ਸੋਚ ਰਹੇ ਹਨ ਕਿ ਸਾਰਾ ਕੁੱਝ ਇੱਕ ਹੀ ਦਿਨ ਵਿੱਚ ਹੀ ਠੀਕ ਠਾਕ ਹੋ ਜਾਵੇਗਾ।ਜਾਦੂ ਦੀ ਛੜੀ ਨਾਲ ਛੂ ਮੰਤਰ ਕਰਦੇ ਹੀ ਹਰੇਕ ਦੇ ਮਨ ਦੀ ਮਨੋਕਾਮਨਾ ਪੂਰੀ ਹੋ ਜਾਵੇਗੀ।ਪਰ ਅਜਿਹਾ ਨਹੀਂ ਹੈ ਨਹੀਂ ਭਰਾਵੋ ।ਜੇ ਕੋਈ ਚੰਗਾ ਫਲ ਲੈਣ ਦੀ ਲਾਲਸਾ ਹੋਵੇ ਤਾਂ ਮਿਹਨਤ ਦੇ ਨਾਲ ਇੰਤਜ਼ਾਰ ਵੀ ਕਰਨੀ ਪੈਂਦੀ ਹੈ।
                 ਮੈਨੂੰ ਇੱਕ ਗੱਲ ਯਾਦ ਆ ਗਈ ਕਿ ਕੋਈ ਬੱਚਾ ਸੀ, ਉਸ ਨੇ ਇੱਕ ਅੰਬ ਦੀ ਗੁੱਠਲੀ ਗਮਲੇ ਵਿੱਚ ਲਾ ਦਿੱਤੀ।ਹਰ ਘੰਟੇ ਦੋ ਘੰਟੇ ਬਾਅਦ ਉਹ ਉਸਨੂੰ ਵੇਖਣ ਲੱਗ ਪਿਆ ਕਿ ਇਸ ਨੂੰ ਅੰਬ ਲੱਗੇ ਨੇ ਕਿ ਨਹੀਂ।ਲੇਕਿਨ ਅੰਬ ਐਵੇ ਨਹੀਂ ਸਮਾਂ ਆਉਣ ‘ਤੇ ਲੱਗਣੇ ਸਨ।ਇਸੇ ਤਰਾਂ ਅਜੇ ਪੰਦਰਾਂ ਦਿਨ ਨਹੀਂ ਹੋਏ ਸਰਕਾਰ ਨੂੰ ਹੋਂਦ ਵਿੱਚ ਆਇਆਂ, ਵਿਰੋਧੀ ਕਹਿਣ ਵੀ ਲੱਗ ਪਏ ਨੇ ਕਿ ਇਹ ਸਰਕਾਰ ਕੁੱਝ ਨਹੀਂ ਕਰ ਰਹੀ।
                 ਸੋ ਪੰਜਾਬੀਓ ਕਾਹਲੀ ਨਾ ਕਰਿਓ ਪੰਜ ਸਾਲ ਸਮਾਂ ਬਹੁਤ ਹੁੰਦਾ ਹੈ। ਅਜੇ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ।0304202203

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।
ਮੋ – 7589155501

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …