ਡੀਲਰਾਂ ਨੂੰ ਵਾਹਨ ਰਜਿਸਟਰੇਸ਼ਨ ਸ਼ੁਰੂ ਕਰਨ ਲਈ ਦਿੱਤਾ ਇਕ ਹਫ਼ਤੇ ਦਾ ਸਮਾਂ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ‘ਤੇ ਬਿਨਾਂ ਨੰਬਰ ਚੱਲਦੇ ਈ-ਰਿਕਸ਼ਾ ਬਿਲਕੁੱਲ ਗੈਰ ਕਾਨੂੰਨੀ ਹਨ ਅਤੇ ਇੰਨਾਂ ਨੂੰ ਆਮ ਵਾਹਨਾਂ ਦੀ ਤਰਾਂ ਵਿਭਾਗ ਕੋਲ ਦਰਜ਼ ਕਰਵਾਉਣਾ ਤੇ ਉਕਤ ਮਿਲਿਆ ਹੋਇਆ ਨੰਬਰ ਵਾਹਨ ਉਤੇ ਲਗਾਉਣਾ ਲਾਜ਼ਮੀ ਹੈ।ਉਕਤ ਪ੍ਰਗਟਾਵਾ ਸੈਕਟਰੀ ਆਰ.ਟੀ.ਏ ਅਰਸ਼ਦੀਪ ਸਿੰਘ ਨੇ ਈ-ਰਿਕਸ਼ਾ ਵੇਚਣ ਵਾਲੇ ਡੀਲਰਾਂ ਨਾਲ ਕੀਤੀ ਮੀਟਿੰਗ ਵਿਚ ਕਰਦੇ ਕਿਹਾ ਕਿ ਈ-ਰਿਕਸ਼ਾ ਦੀ ਰਜਿਸ਼ਟਰੇਨ ਦੂਸਰੇ ਡੀਲਰਾਂ ਵਾਂਗ ਤੁਹਾਡੇ ਵੱਲੋਂ ਹੀ ਕੀਤੀ ਜਾਣੀ ਜਰੂਰੀ ਹੈ।ਇਸ ਲਈ ਹਰੇਕ ਡੀਲਰ ਆਪਣਾ ਟਰੇਡ ਸਰਟੀਫਿਕੇਟ ਬਣਾਵੇ ਅਤੇ ਵਾਹਨ ਦੀ ਆਈ.ਡੀ ਦਰਜ਼ ਕਰਵਾਏ।ਇਸ ਮਗਰੋਂ ਉਹ ਹਰੇਕ ਵੇਚੇ ਜਾਣ ਵਾਲੇ ਈ-ਰਿਕਸ਼ਾ ਨੂੰ ਵਿਭਾਗ ਕੋਲ ਆਨ-ਲਾਇਨ ਦਰਜ਼ ਕਰਵਾਵੇ ਅਤੇ ਉਥੋਂ ਪ੍ਰਾਪਤ ਹੋਏ ਰਜਿਸਟਰੇਸ਼ਨ ਨੰਬਰ ਨੂੰ ਈ-ਰਿਕਸ਼ਾ ਉਤੇ ਲਗਾਵੇ।
ਉਨਾਂ ਉਕਤ ਦਸਤਾਵੇਜ਼ ਦੀ ਪੂਰਤੀ ਲਈ ਸਾਰੇ ਡੀਲਰਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੰਦੇ ਕਿਹਾ ਕਿ ਅਗਲੇ ਸ਼ੁਰਕਰਵਾਰ ਤੋਂ ਬਾਅਦ ਜੇਕਰ ਕਿਸੇ ਡੀਲਰ ਨੇ ਬਿਨਾਂ ਨੰਬਰ ਲਗਾਏ ਈ-ਰਿਕਸ਼ਾ ਵੇਚਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਉਨਾਂ ਸਾਰੇ ਈ-ਰਿਕਸ਼ਾ ਮਾਲਕਾਂ ਨੂੰ ਵੀ ਸਪੱਸ਼ਟ ਕੀਤਾ ਕਿ ਉਹ ਆਪਣੇ ਵਾਹਨਾਂ ਦੇ ਨੰਬਰ ਲੈਣ ਤੇ ਉਸ ਨੂੰ ਆਪਣੇ ਈ-ਰਿਕਸ਼ਾ ਉਤੇ ਲਗਾ ਕੇ ਹੀ ਸ਼ਹਿਰ ਦੀਆਂ ਸੜਕਾਂ ‘ਤੇ ਲਿਆਉਣ।