ਰਜਿਸਟਰੀਆਂ ਮੌਕੇ ਗਿਰਦਾਵਰੀਆਂ ਦੀਆਂ ਨਕਲਾਂ ਤੋਂ ਛੋਟ ਦਿੱਤੀ ਜਾਵੇ – ਸੁਰਜੀਤ ਸਿੰਘ
ਸਮਰਾਲਾ, 27 ਮਈ (ਇੰਦਰਜੀਤ ਸਿੰਘ ਕੰਗ) – ਜ਼ਮੀਨ ਦੀਆਂ ਰਜਿਸਟਰੀਆਂ ਕਰਵਾਉਣ ਲਈ ਫਰਦਾਂ ਦੇ ਨਾਲ ਗਿਰਦਾਵਰੀ ਦੀ ਨਕਲ ਲਗਾਉਣੀ ਜ਼ਰੂਰੀ ਕਰ ਦਿੱਤੀ ਗਈ ਹੈਮ ਜੋ ਇਸ ਤੋਂ ਪਹਿਲਾਂ ਜ਼ਰੂਰੀ ਨਹੀਂ ਸੀ।ਇਸੇ ਦੌਰਾਨ ਪੰਜਾਬ ਵਿੱਚ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਕੰਮ ਬੰਦ ਕਰ ਦਿੱਤਾ ਹੈ।ਜਿਸ ਨਾਲ ਆਮ ਲੋਕਾਂ ਨੂੰ ਮਾਲ ਮਹਿਕਮੇ ਵਿੱਚ ਕੰਮ ਕਰਵਾਉਣਾ ਮੁਸ਼ਕਿਲ ਹੋ ਗਿਆ ਹੈ।ਇਹ ਪ੍ਰਗਟਾਵਾ ਸੁਰਜੀਤ ਸਿੰਘ ਢਿੱਲਵਾਂ ਸਾਬਕਾ ਰੀਡਰ ਡੀ.ਸੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦੀਆਂ ਫਰਦਾਂ ਦੀਆਂ ਨਕਲਾਂ ਨਾ ਦੇਣ ਕਾਰਨ ਇਹ ਰਜਿਸਟਰੀਆਂ ਨਹੀਂ ਹੋ ਰਹੀਆਂ।ਇਸ ਨਾਲ ਜਿਥੇ ਆਮ ਪਬਲਿਕ ਨੂੰ ਮੁਸ਼ਕਲ ਪੇਸ਼ ਆ ਰਹੀ ਹੈ, ਉਥੇ ਸਰਕਾਰ ਨੂੰ ਹੋਣ ਵਾਲੇ ਮਾਲੀਏ ਦੀ ਆਮਦਨ ਦਾ ਵੀ ਘਾਟਾ ਪੈ ਰਿਹਾ ਹੈ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਹੈ ਕਿ ਜਦੋਂ ਤੱਕ ਵਾਧੂ ਸਰਕਲਾਂ ਦੇ ਕੰਮ ਲਈ ਪਟਵਾਰੀ ਨਿਯੁੱਕਤ ਨਹੀਂ ਹੰੁਦੇ ਉਸ ਸਮੇਂ ਤੱਕ ਜ਼ਮੀਨ ਦੀ ਫਰਦ ਦੇ ਨਾਲ ਹੋ ਗਿਰਦਾਵਰੀਆਂ ਦੀਆਂ ਨਕਲ ਲਾਉਣ ਤੋਂ ਛੋਟ ਦੇ ਦਿੱਤੀ ਜਾਵੇ।ਇਸ ਨਾਲ ਆਮ ਲੋਕਾਂ ਦੀ ਮੁਸ਼ਕਲ ਵੀ ਹੱਲ ਹੋ ਜਾਵੇਗੀ ਅਤੇ ਸਰਕਾਰ ਨੂੰ ਵੀ ਅਸ਼ਟਾਮ/ਰਜਿਸਟਰੀ ਫੀਸ ਤੋਂ ਆਮਦਨ ਹੋਣ ਲੱਗ ਪਵੇਗੀ।ਵਿਧਾਨ ਸਭਾ ਹਲਕਾ ਸਮਰਾਲਾ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਕੱਲੀ ਸਮਰਾਲਾ ਤਹਿਸੀਲ ਅਤੇ ਇਸ ਦੀ ਮਾਛੀਵਾੜਾ ਸਾਹਿਬ ਸਬ ਤਹਿਸੀਲ ਵਿੱਚ 59 ਪਟਵਾਰੀ ਸਰਕਲ ਹਨ ਜਿਥੇ ਕੇਵਲ 7 ਪਟਵਾਰੀ ਨਿਯੁੱਕਤ ਹਨ ਅਤੇ 52 ਪਟਵਾਰੀ ਸਰਕਲ ਖ਼ਾਲੀ ਹਨ।
ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ, ਸੁਨੀਲ ਕੁਮਾਰ, ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media