ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਸਬੰਧੀ ਸਮਾਗਮ ਸਮੇਂ ਆਪਣੇ ਸੰਬੋਧਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਨੂੰ ਸਿਮਰਨ, ਸੇਵਾ ਅਤੇ ਸ਼ਹਾਦਤ ਨਾਲ ਪਹਿਚਾਣਿਆ ਜਾਂਦਾ ਹੈ ਅਤੇ ਦੁਨੀਆਂ ਵਿਚ ਕਿਤੇ ਵੀ ਔਕੜ ਆਉਣ ’ਤੇ ਸਿੱਖ ਸਭ ਤੋਂ ਪਹਿਲਾਂ ਸੇਵਾ ਕਰਨ ਲਈ ਪਹੁੰਚਦੇ ਹਨ। ਸਾਕਾ ਸ੍ਰੀ ਪੰਜਾ ਸਾਹਿਬ ਨਾਲ ਸਬੰਧਤ ਸ਼ਹੀਦ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੇ ਵੀ ਲੰਗਰ ਲਈ ਸੇਵਾ ਕਰਦਿਆਂ ਆਪਣੀ ਸ਼ਹਾਦਤ ਦਿੱਤੀ।ਉਨ੍ਹਾਂ ਕਿਹਾ ਕਿ ਅਤੀਤ ਵਿਚ ਮਹੰਤਾਂ ਵੱਲੋਂ ਗੁਰੂ ਘਰਾਂ ਵਿਚ ਮਰਯਾਦਾ ਦੇ ਉਲਟ ਕੰਮ ਕੀਤੇ ਗਏ ਜਿਸ ਕਰਕੇ ਸਾਡੇ ਪੁਰਖਿਆਂ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਕਮੇਟੀ ਸਥਾਪਤ ਕੀਤੀ ਅਤੇ ਸਿੱਖ ਰਾਜਸੀ ਸ਼ਕਤੀ ਲਈ ਸ਼੍ਰੋਮਣੀ ਅਕਾਲੀ ਦਲ ਬਣਾਇਆ।ਅੱਜ ਲਗਾਤਾਰ 100 ਸਾਲ ਤੋਂ ਇਹ ਦੋਵੇਂ ਪੰਥਕ ਸੰਸਥਾਵਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਲੋਕਤੰਤਰੀ ਤਰੀਕੇ ਨਾਲ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਅਖੌਤੀ ਪੰਥਕ ਲੋਕਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਜੋ ਸਰਕਾਰਾਂ ਦੀਆਂ ਤਾਕਤਾਂ ਅਤੇ ਏਜੰਸੀਆਂ ਦੇ ਇਸ਼ਾਰੇ ਉੱਤੇ ਕੌਮ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਵੱਲੋਂ ਵੱਖਰੀ ਹਰਿਆਣਾ ਕਮੇਟੀ ਦੀ ਸਥਾਪਨਾ ਜਰੀਏ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੇ ਮਨਸੂਬੇ ਤਿਆਰ ਕੀਤੇ ਗਏ ਹਨ।ਬਾਦਲ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਸਾਰੀਆਂ ਧਿਰਾਂ ਨੂੰ ਇਕੱਠਿਆਂ ਕਰਕੇ ਸਿੱਖ ਵਿਰੋਧੀ ਹਮਲਿਆਂ ਦਾ ਮੁਕਾਬਲਾ ਕਰਨ ਲਈ ਅਗਵਾਈ ਕਰਨ।ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਪੰਥ ਵੱਲੋਂ ਜੋ ਵੀ ਪ੍ਰੋਗਰਾਮ ਉਲੀਕੇ ਜਾਣਗੇ, ਉਨ੍ਹਾਂ ਦਾ ਅਕਾਲੀ ਦਲ ਵੱਲੋਂ ਪੂਰਨ ਸਹਿਯੋਗ ਕੀਤਾ ਜਾਵੇਗਾ।ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ’ਤੇ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਦੇਸ਼ ਅੰਦਰ ਜ਼ਬਰ-ਜਨਾਹ ਅਤੇ ਪ੍ਰਧਾਨ ਮੰਤਰੀ ਦੇ ਕਤਲ ਦੇ ਦੋਸ਼ੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਜਦਕਿ ਬੰਦੀ ਸਿੰਘਾਂ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਰੱਖਣਾ ਸਿੱਖ ਕੌਮ ਨਾਲ ਅਨਿਆਂ ਹੈ।ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮਨਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਨੂੰ ਨੌਜੁਆਨ ਪੀੜ੍ਹੀ ਲਈ ਸੇਧਮਈ ਕਰਾਰ ਦਿੱਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …