Sunday, September 13, 2026

ਏ ਯੂਨੀਕ ਸਟਾਈਲ ਆਫ਼ ਇੰਡੋ-ਸਰਸੇਨਿਕ ਬਿਲਡਿੰਗ- ਖ਼ਾਲਸਾ ਕਾਲਜ ਅੰਮ੍ਰਿਤਸਰ’ ਡਾਕੂਮੈਂਟਰੀ ਰਲੀਜ਼

ਡਾਕੂਮੈਂਟਰੀ ਕਾਲਜ ਦੀ ਵਿਰਾਸਤੀ ਇਮਾਰਤ ਦੀ ਪ੍ਰਭਾਵਸ਼ਾਲੀ ਸ਼ੈਲੀ ਨੂੰ ਦਰਸਾਉਂਦੀ ਹੈ – ਛੀਨਾ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਕੈਂਪਸ ਵਿਖੇ ਅੱਜ ਇੱਕ ਦਸਤਾਵੇਜ਼ੀ ਫ਼ਿਲਮ ‘ਏ ਯੂਨੀਕ ਸਟਾਈਲ ਆਫ ਇੰਡੋ-ਸਰਸੇਨਿਕ ਬਿਲਡਿੰਗ-ਖਾਲਸਾ ਕਾਲਜ ਅੰਮ੍ਰਿਤਸਰ’ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ।ਇਹ ਫ਼ਿਲਮ ਪ੍ਰਸਿੱਧ ਹੈਰੀਟੇਜ਼ ਪ੍ਰਮੋਟਰ ਅਤੇ ਕੁਦਰਤੀ ਪ੍ਰੇਮੀ ਹਰਪ੍ਰੀਤ ਸੰਧੂ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਬਿ੍ਰਟਿਸ਼ ਕਾਲ ਦੌਰਾਨ ਸੰਨ 1892 ’ਚ ਸਥਾਪਿਤ ਵਿਰਾਸਤੀ ਖ਼ਾਲਸਾ ਕਾਲਜ ਇਮਾਰਤ ਅਜ਼ੂਬੇ ਨੂੰ ਉਜਾਗਰ ਕਰਨਾ ਹੈ।
ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮੌਕੇ ਰਿਲੀਜ਼ ਕੀਤੀ ਗਈ ਇਸ ਫ਼ਿਲਮ ਦਾ ਪ੍ਰੀਮੀਅਰ ਉੱਘੀਆਂ ਸ਼ਖਸੀਅਤਾਂ ਦੀ ਮੌਜ਼ੂਦਗੀ ’ਚ ਹੋਇਆ।ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਹ ਦਸਤਾਵੇਜ਼ੀ ਫਿਲਮ ਇਤਿਹਾਸਕ ਇਮਾਰਤਸਾਜ਼ੀ ਦੀ ਸੰਖੇਪ ਰੂਪ ’ਚ ਜਾਣ-ਪਛਾਣ ਹੈ, ਜੋ ਵਿਸ਼ਵ ਭਰ ’ਚ ਆਪਣੀ ਵਿਲੱਖਣ ਸ਼ੈਲੀ ਲਈ ਜਾਣੀ ਜਾਂਦੀ ਹੈ।
ਇਨਕਮ ਟੈਕਸ ਆਈ.ਆਰ.ਐਸ ਕਮਿਸ਼ਨਰ ਗਰੀਸ਼ ਬਾਲੀ, ਨਗਰ ਨਿਗਮ ਆਈ.ਏ.ਐਸ ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਕਮਿਸ਼ਨਰ ਕਸਟਮ ਆਈ.ਆਰ.ਐਸ ਜੋਗਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਆਈ.ਏ.ਐਸ ਸੁਰਿੰਦਰ ਸਿੰਘ, ਕਸਟਮ ਜਾਇੰਟ ਕਮਿਸ਼ਨਰ ਆਈ.ਆਰ.ਐਸ ਨਵਨੀਤ ਕੌਸ਼ਲ, ਕਸਟਮ ਡਿਪਟੀ ਕਮਿਸ਼ਨਰ ਆਈ.ਆਰ.ਐਸ ਅਤੁਲ ਟਿਰਕੀ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਹਾਜ਼ਰ ਸਨ।
ਸਮਾਰੋਹ ਦੌਰਾਨ ਵਿਰਾਸਤੀ ਇਮਾਰਤ ਨੂੰ ਦਰਸਾਉਂਦਾ ਇੱਕ ਚਿੱਤਰਕਾਰੀ ਕਿਤਾਬਚਾ ਵੀ ਜਾਰੀ ਕੀਤਾ ਗਿਆ।ਛੀਨਾ ਨੇ ਕਿਹਾ ਕਿ ਉਕਤ ਕਰੀਬ 6 ਮਿੰਟ ਦੀ ਫ਼ਿਲਮ ਕਾਲਜ ਦੀ ਇਮਾਰਤ ਦੀ ਸ਼ਾਨਦਾਰ ਝਲਕ ਨੂੰ ਦਰਸਾਉਂਦੀ ਹੈ।ਉਨ੍ਹਾਂ ਕਿਹਾ ਕਿ ਇਸ ’ਚ ਮੁਗਲ, ਸਿੱਖ ਅਤੇ ਵਿਕਟੋਰੀਅਨ ਆਰਕੀਟੈਕਚਰ ਦਾ ਸੁਮੇਲ ਵਾਲੇ ਗੁੰਬਦ ਹਨ ਅਤੇ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਜੋ ਉਸ ਸਮੇਂ ਦੇ ਮੇਓ ਕਾਲਜ ਆਫ਼ ਆਰਟਸ ਲਾਹੌਰ ਦੇ ਪ੍ਰਿੰਸੀਪਲ ਸਨ, ਵਲੋਂ ਤਿਆਰ ਕੀਤੀ ਗਈ ਸੀ।
ਰਿਸ਼ੀ ਨੇ ਦਸਤਾਵੇਜ਼ੀ ਫ਼ਿਲਮ ਨੂੰ ਨਾ ਸਿਰਫ ਪੰਜਾਬ ਦੇ, ਸਗੋਂ ਵਿਸ਼ਵ ਭਰ ਦੇ ਲੋਕਾਂ ਲਈ ਬਹੁਤ ਦਿਲਚਸਪੀ ਵਾਲੀ ਦੱਸਿਆ ਜੋ ਪੰਜਾਬ ਦੀ ਅਮੀਰ ਵਿਰਾਸਤ ’ਚ ਰੁਚੀ ਰੱਖਦੇ ਹਨ।ਉਨ੍ਹਾਂ ਨੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਦੀ ਇਸ ਜਾਣਕਾਰੀ ਭਰਪੂਰ ਡਾਕੂਮੈਂਟਰੀ ਦੇ ਨਾਲ ਆਉਣ ਦੇ ਯਤਨਾਂ ਦੀ ਵੀ ਪ੍ਰਸ਼ੰਸ਼ਾ ਕੀਤੀ, ਜਿਸ ’ਚ 131 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਵਾਲੀ ਇੰਡੋ-ਸਾਰਸੈਨਿਕ ਸਟਾਈਲ ਬਿਲਡਿੰਗ ਦੇ ਸ਼ਾਨਦਾਰ ਰਤਨ ਨੂੰ ਉਜਾਗਰ ਕੀਤਾ ਗਿਆ ਹੈ, ਜੋ ਕਿ ਪੰਜਾਬ ਦੀ ਧਰਤੀ ’ਤੇ ਵਿੱਦਿਅਕ ਅਤੇ ਅਕਾਦਮਿਕ ਮੀਲ ਪੱਥਰ ਵਜੋਂ ਸੇਵਾ ਨਿਭਾਅ ਰਿਹਾ ਹੈ।
ਡਾ. ਮਹਿਲ ਸਿੰਘ ਨੇ ਹਰਪ੍ਰੀਤ ਸੰਧੂ ਨੂੰ ਇਸ ਸ਼ਾਨਦਾਰ ਫ਼ਿਲਮ ਦੇ ਨਿਰਦੇਸ਼ਨ ਲਈ ਸਮਰਪਿਤ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜੋ ਕਿ ਹੈਰੀਟੇਜ਼ ਮਾਰਵਲ-ਖਾਲਸਾ ਦੇ ਤਿੰਨ-ਅਯਾਮੀ ਝਲਕ ਨੂੰ ਦਰਸਾਉਂਦੀ ਹੈ।ਕਾਲਜ ਜੋ ਕਿ ਪੰਜਾਬ ਦੇ ਸਭ ਤੋਂ ਪੁਰਾਣੇ ਵਿੱਦਿਅਕ ਅਦਾਰਿਆਂ ’ਚੋਂ ਇਕ ਹੈ, ਬਾਰੇ ਇਹ ਫਿਲਮ ਸਮਾਜ ਲਈ ਇੱਕ ਸੁਚੱਜਾ ਸੁਨੇਹਾ ਦਿੰਦੀ ਹੈ ਕਿ ਇਤਿਹਾਸ ਨੂੰ ਤਾਂ ਹੀ ਜ਼ਿੰਦਾ ਰੱਖਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੀਆਂ ਇਤਿਹਾਸਕ ਯਾਦਗਾਰਾਂ ਜੋ ਕਿ ਇਕ ਪੀੜ੍ਹੀ ਨੂੰ ਦੂਜੀ ਪੀੜ੍ਹੀ ਨਾਲ ਜੋੜਨ ਵਾਲਾ ਜਰੀਆ ਹਨ, ਨੂੰ ਸੰਭਾਲ ਕੇ ਰੱਖਾਂਗੇ।ਆਈ.ਆਰ.ਐਸ ਜੋਗਿੰਦਰ ਸਿੰਘ ਨੇ ਕਾਲਜ ਦੀ ਇਸ ਵਿਰਾਸਤੀ ਇਮਾਰਤ ਨੂੰ ਦਰਸਾਉਣ ਲਈ ਹਰਪ੍ਰੀਤ ਸੰਧੂ ਦੁਆਰਾ ਪਾਏ ਸ਼ਾਨਦਾਰ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਕਤ ਫਿਲਮ ਦੀ ਸ਼ੂਟਿੰਗ ਨੂੰ ਪੂਰਾ ਕਰਨ ’ਚ ਉਨ੍ਹਾਂ ਨੂੰ ਲਗਭਗ ਇਕ ਸਾਲ ਦਾ ਸਮਾਂ ਲੱਗਾ ਹੈ, ਜਿਸ ਨੂੰ ਉਨ੍ਹਾਂ ਨੇ ਇਸ ਵਿਰਾਸਤੀ ਦਰਜ਼ੇ ਦੀ ਕਾਲਜ ਦੀ ਇਮਾਰਤ ਨੂੰ ਆਪਣੇ ਤਰੀਕੇ ਨਾਲ ਇਕੋ ਇੱਕ ਹੋਣ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਹੈ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …