ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸ੍ਰ. ਦਲੀਪ ਸਿੰਘ ਦੀ ਮ੍ਰਿਤਕ ਦੇਹ ਵਾਪਸ ਵਤਨ ਲਿਆਉਣ ਦੀ ਅਪੀਲ
ਅੰਮ੍ਰਿਤਸਰ, 14 (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਗੁਰੂ ਸਿੰਘ ਸਭਾ ਵਲੋਂ ਸਾਂਝੇ ਤੌਰ ਤੇ ਸਿੰਘ ਸਭਾ ਲਹਿਰ ਦੀ 150ਵੀਂ
ਵਰ੍ਹੇਗੰਢ ਨੂੰ ਸਮਰਪਿਤ ਸ੍ਰੀ ਕਲਗੀਧਰ ਆਡੀਟੋਰੀਅਮ ਵਿਖੇ ‘ਸਿੰਘ ਸਭਾ ਲਹਿਰ-ਅਜੋਕਾ ਪ੍ਰਸੰਗ’ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕੀਤਾ ਗਿਆ।ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਦੀ ਪ੍ਰਧਾਨਗੀ ਹੋਏ ਸੈਮੀਨਾਰ ਦੌਰਾਨ ਮੰਚ ਸੰਚਾਲਨ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਮਨਜੀਤ ਸਿੰਘ ਵਲੋਂ ਕੀਤਾ ਗਿਆ।ਸੈਮੀਨਾਰ ਦਾ ਆਗਾਜ਼ ਸਿੰਘ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਤਰਲੋਕ ਸਿੰਘ ਕਾਬਲੀ ਦੇ ਸੁਆਗਤੀ ਸ਼ਬਦਾਂ ਨਾਲ ਹੋਇਆ।ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅਜੋਕੇ ਸਮੇਂ ਵਿੱਚ ਸਿੱਖਾਂ ਨੂੰ ਦਰਪੇਸ਼ ਸਮਸਿਆਵਾਂ ਅਤੇ ਚੁਣੋਤੀਆਂ ਦੇ ਹੱਲ ਲਈ ਆਲੋਚਨਾਵਾਂ ਤਿਆਗ ਕੇ ਇਕ ਪਲੇਟਫਾਰਮ ਹੇਠ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਰਹਿਣ ਦਾ ਸੁਨੇਹਾ ਦਿੱਤਾ।
ਸਿੱਖ ਵਿਦਵਾਨ ਡਾ. ਜਸਬੀਰ ਸਿੰਘ ਸਾਬਰ ਨੇ ਕਿਹਾ ਕਿ ਸ੍ਰੀ ਗੁਰੂ ਸਿੰਘ ਸਭਾ ਦੀ ਆਰੰਭਤਾ ਦੇ ਮੂਲ ਉਦੇਸ਼ਾਂ ਦੇ ਸਨਮੁੱਖ ਅਜੋਕੀਆਂ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ ਇਸ ਮਾਣਮੱਤੀ ਸੰਸਥਾ ਦੀ ਸ਼ਤਾਬਦੀ ਮਨਾਉਣੀ ਤਾਂ ਹੀ ਸਾਰਥਿਕ ਹੈ, ਜੇ ਸਿੱਖ ਕੌਮ ਸਿੱਖੀ-ਸਿੱਖਿਆ ਦੇ ਪ੍ਰਚਾਰ-ਪ੍ਰਸਾਰ, ਪਤਿਤਪੁਣੇ, ਨਸ਼ਿਆਂ, ਮਿਲਾਵਟਖੋਰੀ, ਪ੍ਰਦੂਸ਼ਣ ਆਦਿ ਸਮੱਸਿਆਵਾਂ ਲਈ ਸਿਰਜੋੜ ਕੇ ਮੰਥਨ ਕੀਤਾ ਜਾਵੇ।
ਸਿੱਖ ਬੁੱਧੀਜੀਵੀ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਖੋਜ਼ ਭਰਪੂਰ ਸ਼ਬਦਾਂ ਰਾਹੀਂ ਨਵ-ਚੇਤਨਾ ਦੀ ਮੋਢੀ ਬਣ ਕੇ ਉਭਰੀ ਸਿੱਖ ਕੌਮ ਦੀ 150 ਸਾਲਾ ਪ੍ਰਾਚੀਨ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਦੀ ਆਰੰਭਤਾ ਸਮੇਂ ਦੇ ਕਠਿਨ ਹਾਲਾਤਾਂ, ਸੰਸਥਾ ਦੇ ਉਦੇਸ਼ਾਂ, ਲੋਕ ਭਲਾਈ ਕਾਰਜ਼ਾਂ ਅਤੇ ਵਿਕਾਸ ਦੇ ਹੋਰ ਇਤਿਹਾਸਕ ਸੁਨਹਿਰੀ ਪੰਨਿਆਂ ਤੋਂ ਜਾਣੂ ਕਰਵਾਇਆ।
ਸ੍ਰੀ ਗੁਰੂ ਸਿੰਘ ਸਭਾ ਦੇ ਮੋਢੀਆਂ ਵਿੱਚ ਸ਼ਾਮਲ ਸ੍ਰ. ਠਾਕੁਰ ਸਿੰਘ ਸੰਧਾਵਾਲੀਆ ਦੀ ਪੰਜਵੀਂ ਪੀੜ੍ਹੀ ਦੇ ਵਾਰਿਸ ਸੁਖਦੇਵ ਸਿੰਘ ਸੰਧਾਵਾਲੀਆ ਨੇ ਸ੍ਰ. ਠਾਕੁਰ ਸਿੰਘ ਸੰਧਾਵਾਲੀਆ ਅਤੇ ਹੋਰਨਾਂ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸ੍ਰ. ਦਲੀਪ ਸਿੰਘ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਉਣ ਬਾਬਤ ਵਿਸਥਾਰਪੂਰਵਕ ਚਾਨਣਾ ਪਾਇਆ।ਉਨਾਂ ਸਮੂਹ ਸਿੱਖ ਜੱਥੇਬੰਦੀਆਂ ਨੂੰ ਇਕਜੁੱਟ ਹੋ ਕੇ ਸਿੰਘ ਸੱਜੇ ਸ੍ਰ. ਦਲੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਸ ਵਤਨ ਲਿਆਉਣ ਲਈ ਸਾਂਝੇ ਯਤਨ ਕਰਨ ਦੀ ਲੋੜ੍ਹ ‘ਤੇ ਜ਼ੋਰ ਦਿੱਤਾ ਤਾਂ ਜੋ ਉਹਨਾਂ ਦਾ ਸਿੱਖ ਰਹੁਰੀਤਾਂ ਨਾਲ ਅੰਤਿਮ ਸੰਸਕਾਰ ਕਰਕੇ ਯਾਦਗਾਰ ਸਥਾਪਿਤ ਕੀਤੀ ਜਾ ਸਕੇ।ਸਿੰਘ ਸਭਾ ਲਹਿਰ ਨਾਲ ਸੰਬੰਧਤ ਸ਼ਖਸ਼ੀਅਤਾਂ ਦੇ ਪਰਿਵਾਰਕ ਮੈਂਬਰਾਂ ਬੀਬੀ ਜਸਬੀਰ ਕੌਰ ਅਤੇ ਜਸਬੀਰ ਸਿੰਘ ਸੇਠੀ ਨੂੰ ਸਨਮਾਨਿਤ ਕੀਤਾ ਗਿਆ।ਦੀਵਾਨ ਦੇ ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਵਲੋਂ ਆਏ ਵਿਦਵਾਨਾਂ ਅਤੇ ਪੰਤਵੰਤਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੋਕੇ ਦੀਵਾਨ ਦੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਆਨਰੇਰੀ ਜੁਆਇੰਟ ਸਕੱਤਰ ਇੰਜੀ. ਜਸਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ, ਕੁਆਰਡੀਨੇਟਰ ਡਾ. ਜਸਵਿੰਦਰ ਕੌਰ ਮਾਹਲ, ਸ੍ਰੀ ਗੁਰੂ ਸਿੰਘ ਸਭਾ ਤੋਂ ਤਰਲੋਕ ਸਿੰਘ ਸੀਨੀਅਰ ਮੀਤ ਪ੍ਰਧਾਨ, ਸਰਬਜੋਤ ਸਿੰਘ ਮੀਤ ਪ੍ਰਧਾਨ, ਪ੍ਰੀਤਮ ਸਿੰਘ ਕਲਸੀ ਜੂਨੀਅਰ ਮੀਤ ਪ੍ਰਧਾਨ, ਹਰਮਨਜੀਤ ਸਿੰਘ ਜਨਰਲ ਸਕੱਤਰ, ਗੁਰਬਖਸ਼ ਸਿੰਘ ਬੇਦੀ ਐਡੀ. ਜਨਰਲ ਸਕੱਤਰ, ਸੁਖਵਿੰਦਰ ਸਿੰਘ ਸਕੱਤਰ, ਗੁਰਿੰਦਰ ਸਿੰਘ ਘਿਊ ਵਾਲੇ, ਬਲਦੇਵ ਸਿੰਘ ਮੁੰਦਰ ਆਦਿ ਮੈਂਬਰ ਸਾਹਿਬਾਨ ਹਾਜ਼ਰ ਸਨ।
Punjab Post Daily Online Newspaper & Print Media