ਅੰਮ੍ਰਿਤਸਰ, 24 ਅਕਤੂਬਰ (ਜਗਦੀਪ ਸਿੰਘ) – ਕੌਮਾਂਤਰੀ ਪੱਧਰ ਦੇ ਉਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਨੇ ਅੱਜ ਦੁਸ਼ਹਿਰੇ ਮੌਕੇ ਵੱਡਾ ਫੈਸਲਾ ਲੈਂਦਿਆਂ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਲੋੜਵੰਦ ਵਿਦਿਆਰਥੀਆਂ ਦਾ ਬਲੱਡ ਗਰੁੱਪ ਪਤਾ ਕਰਨ ਵਾਲਾ ਟੈਸਟ ਬਿਲਕੁੱਲ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ।
ਡਾ. ਓਬਰਾਏ ਨੇ ਦੱਸਿਆ ਕਿ ਵੱਖ-ਵੱਖ ਸਕੂਲ ਪ੍ਰਬੰਧਕਾਂ ਤੋਂ ਪਹੁੰਚੇ ਮੰਗ ਪੱਤਰਾਂ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਵੱਲੋਂ ਹਰ ਸਾਲ ਸਕੂਲਾਂ ਤੋਂ ਕਰਵਾਏ ਜਾਂਦੇ ਯੂ-ਡਾਇਸ (ਯੂਨੀਫਾਈਡ ਡਿਸਟਿਝਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਨਾਂ ਦੇ ਸਰਵੇ ਵਿੱਚ ਇਸ ਸਾਲ ਤੋਂ ਵਿਦਿਆਰਥੀਆਂ ਦਾ ਬਲੱਡ ਗਰੁੱਪ ਭਰਨਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਬਾਜ਼ਾਰ `ਚੋਂ ਇਹ ਟੈਸਟ ਮਹਿੰਗਾ ਹੋਣ ਕਾਰਨ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੇ ਬੱਚੇ ਇਹ ਟੈਸਟ ਕਰਵਾਉਣ ਤੋਂ ਅਸਮਰੱਥ ਹਨ।ਉਨ੍ਹਾਂ ਦੱਸਿਆ ਕਿ ਟਰੱਸਟ ਕੋਲ ਹੁਣ ਤੱਕ ਵੱਖ-ਵੱਖ ਕਈ ਸਕੂਲਾਂ ਦੇ ਵਿਦਿਆਰਥੀਆਂ ਦੇ ਇਹ ਟੈਸਟ ਕਰਵਾਉਣ ਲਈ ਮੰਗ ਪੱਤਰ ਪਹੁੰਚ ਚੁੱਕੇ ਹਨ।ਡਾ. ਓਬਰਾਏ ਨੇ ਦੱਸਿਆ ਕਿ ਇਸ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਇਹ ਫ਼ੈਸਲਾ ਲਿਆ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਕੂਲਾਂ ਅੰਦਰ ਆਪਣੇ ਲੈਬ ਟੈਕਨੀਸ਼ੀਅਨ ਭੇਜ ਕੇ ਵਿਦਿਆਰਥੀਆਂ ਦੇ ਇਹ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ।
ਉਨ੍ਹਾਂ ਸਮੁੱਚੇ ਸਰਕਾਰੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਜਿਲ੍ਹਿਆਂ ‘ਚ ਟਰੱਸਟ ਦੀਆਂ ਜਿਲ੍ਹਾ ਇਕਾਈਆਂ ਨਾਲ ਸੰਪਰਕ ਕਰਕੇ ਆਪਣੇ ਸਕੂਲ ਦੇ ਲੈਟਰ ਹੈਡ ‘ਤੇ ਵਿਦਿਆਰਥੀਆਂ ਦੀਆਂ ਲਿਸਟਾਂ ਉਨ੍ਹਾਂ ਤੱਕ ਪੁੱਜਦਾ ਕਰ ਦੇਣ ਤਾਂ ਜੋ ਜਲਦ ਤੋਂ ਜਲਦ ਵਿਦਿਆਰਥੀਆਂ ਦੇ ਬਲੱਡ ਗਰੁੱਪ ਪਤਾ ਕਰਨ ਦੇ ਟੈਸਟ ਕਰਵਾਏ ਜਾ ਸਕਣ।
Check Also
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼
ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …