ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਹੀਦੀ ਸਮਾਗਮਾਂ ‘ਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ/ ਨੰਦੇੜ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਦਸਮ ਪਾਤਸ਼ਾਹ ਸਸ਼ੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸੋਮਾ ਹੈ ਅਤੇ ਇਸ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਨੂੰ ਮਨੁੱਖਤਾ ਦੇ ਭਲੇ ਲਈ ਸਮਰਪਿਤ ਕਰ ਸਕਦੇ ਹਾਂ।
ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਤਖ਼ਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਮੂਲੀਅਤ ਦੌਰਾਨ ਇਹ ਪ੍ਰਗਟਾਵਾ ਕੀਤਾ।ਉਹ ਗੁਰਦੁਆਰਾ ਸੱਚਖੰਡ ਬੋਰਡ ਨੰਦੇੜ ਦੇ ਸੱਦੇ ‘ਤੇ ਆਪਣੇ ਪਰਿਵਾਰ ਸਮੇਤ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਅਤੇ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ 25 ਤੇ 26 ਦਸੰਬਰ ਨੂੰ ਕਰਵਾਏ ਗਏ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਨੰਦੇੜ ਪਹੁੰਚੇ ਸਨ।
ਸਮਾਗਮਾਂ ਦੌਰਾਨ 26 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਲਗਾਏ ਗਏ ਮੁਫ਼ਤ ਸਿਹਤ ਜਾਂਚ ਅਤੇ ਖੂਨਦਾਨ ਕੈਂਪ ਵਿੱਚ ਹਿੱਸਾ ਲੈਂਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਖੂਨਦਾਨ ਕੀਤਾ ਗਿਆ।ਉਨ੍ਹਾਂ ਸਰਬ ਧਰਮ ਸੰਮੇਲਨ ਅਤੇ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਗੁਰਦੁਆਰਾ ਤਖ਼ਤ ਸੱਚਖੰਡ ਸ੍ਰੀ ਅਬਚਲਨਗਰ ਹਜ਼ੂਰ ਸਾਹਿਬ ਵਿਖੇ ਨਤਮਸਤਕ ਵੀ ਹੋਏ।