ਸੰਗਰੂਰ, 6 ਅਪ੍ਰੈਲ (ਜਗਸੀਰ ਲੌਂਗੋਵਾਲ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਪਾਰਦਰਸ਼ੀ ਢੰਗ ਅਤੇ
ਸੁਰੱਖਿਅਤ ਮਾਹੌਲ ‘ਚ ਨੇਪਰੇ ਚੜਾਉਣ ਲਈ ਪ੍ਰਸ਼ਾਸ਼ਨ ਤੇ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।ਇਹ ਪ੍ਰਗਟਾਵਾ ਜਿਲ੍ਹਾ ਚੋਣ ਅਫਸਰ ਜਤਿੰਦਰ ਜੋਰਵਾਲ ਅਤੇ ਜਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਚੋਣਾਂ ਸਬੰਧੀ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸੰਗਰੂਰ ਵਿਖੇ ਖੁੱਲ੍ਹੇ ਵੱਡੇ ਸ਼ਾਪਿੰਗ ਮਾਲਾਂ ਅਤੇ ਰਿਟੇਲ ਆਊਟਲੈਟ ਦੇ ਮਾਲਕਾਂ ਨਾਲ ਮੀਟਿੰਗ ਦੌਰਾਨ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਜੇਕਰ ਕੋਈ ਵੀ ਸ਼ਾਪਿੰਗ ਮਾਲ ਦਾ ਮਾਲਕ ਜਾਂ ਵਿਕਰੇਤਾ ਕਿਸੇ ਵੀ ਤਰ੍ਹਾਂ ਦੇ ਵਿੱਤੀ ਲਾਭਾਂ, ਸਿਆਸੀ ਦਬਾਅ ਜਾਂ ਬਹਿਕਾਵੇ ਵਿੱਚ ਆ ਕੇ ਵੋਟਰਾਂ ਨੂੰ ਭਰਮਾਉਣ ਲਈ ਕਿਸੇ ਵੀ ਢੰਗ ਨਾਲ ਉਪਹਾਰ, ਤੋਹਫ਼ਿਆਂ, ਸਮਾਨ ਆਦਿ ਦੀ ਵੰਡ ਕਰਦਾ ਪਾਇਆ ਜਾਂਦਾ ਹੈ ਤਾਂ ਉਹ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਾ ਭਾਗੀਦਾਰ ਹੋਵੇਗਾ।ਉਨ੍ਹਾਂ ਸਮੂਹ ਸ਼ਾਪਿੰਗ ਮਾਲਾਂ ਅਤੇ ਰਿਟੇਲ ਆਊਟਲੈਟ ਦੇ ਮਾਲਕਾਂ ਨੂੰ ਆਦਰਸ਼ ਚੋਣ ਜ਼ਾਬਤੇ ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਆਪਣੇ ਅਧੀਨ ਆਉਂਦੇ ਮਾਲਾਂ ਵਿੱਚ ਸਮਾਨ ਦੇ ਭੰਡਾਰ, ਖਰੀਦ ਤੇ ਵਿਕਰੀ ਸਬੰਧੀ ਰਿਕਾਰਡ ਦਾ ਰੋਜ਼ਾਨਾ ਦੇ ਆਧਾਰ ’ਤੇ ਸਹੀ ਇੰਦਰਾਜ਼ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਲੋਕ ਸਭਾ ਚੋਣਾਂ ਦੇ ਇਸ ਸਮੇਂ ਦੌਰਾਨ ਵੱਡੀ ਮਾਤਰਾ ਵਿੱਚ ਸਮਾਨ ਦੀ ਖਰੀਦ ਕਰਦਾ ਹੈ ਤਾਂ ਉਸ ਬਾਰੇ ਸੂਚਨਾ ਸਬੰਧਤ ਸਹਾਇਕ ਰਿਟਰਨਿੰਗ ਅਧਿਕਾਰੀ ਦੇ ਧਿਆਨ ਵਿੱਚ ਲਿਆਂਦੀ ਜਾਵੇ।ਜ਼ਿਲ੍ਹਾ ਚੋਣ ਅਫ਼ਸਰ ਅਤੇ ਐਸ.ਐਸ.ਪੀ ਨੇ ਕਿਹਾ ਕਿ ਵੱਡੀ ਮਾਤਰਾ ਵਿੱਚ ਹੋਣ ਵਾਲੀ ਸਮਾਨ ਦੀ ਵਿਕਰੀ ਸਬੰਧੀ ਜਾਣਬੁੱਝ ਕੇ ਤੱਥਾਂ ਨੂੰ ਛੁਪਾਉਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਵੋਟਰਾਂ ਨੂੰ ਕਿਸੇ ਵੀ ਢੰਗ ਨਾਲ ਲਾਲਚ ਦੇਣ, ਡਰਾਉਣ ਧਮਕਾਉਣ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਹਰੇਕ ਕਿਸਮ ਦੀ ਗਤੀਵਿਧੀ ਉੱਤੇ ਚੌਕਸੀ ਟੀਮਾਂ ਤਿੱਖੀ ਨਜ਼ਰ ਰੱਖ ਰਹੀਆਂ ਹਨ।
ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਜਸਪਿੰਦਰ ਸਿੰਘ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਮਾਲਾਂ ਦੇ ਨੁਮਾਇੰਦੇ ਅਤੇ ਅਧਿਕਾਰੀ ਵੀ ਹਾਜ਼ਰ ਸਨ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media