ਗੀਤਕਾਰ ਗੁਲਜ਼ਾਰ ਤੇ ਪ੍ਰੋ. ਯੋਗੇਸ਼ ਆਨਰਜ਼ ਕਾਜ਼ਾ ਡਿਗਰੀਆਂ ਨਾਲ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਜੀ.ਐਨ.ਡੀ.ਯੂ 49ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਵਿਧਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਸਮਰਪਣ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਚੰਗੇ ਪੇਸ਼ੇਵਰ ਅਤੇ ਮਨੁੱਖ ਬਣਨਾ ਚਾਹੀਦਾ ਹੈ।ਭਾਰਤੀ ਸਿਖਿਆ ਦੇ ਇਸ ਮੰਤਰ ਨੂੰ ਕਿ “ਸਿਖਿਆ ਲਈ ਆਓ ਸੇਵਾ ਲਈ ਜਾਓ”, ਨੂੰ ਦੁਹਰਾਉਂਦਿਆਂ ਕਿਹਾ ਕਿ ਤੁਸੀਂ ਵਿਦਿਆ ਪ੍ਰਾਪਤ ਕਰਨ ਲਈ ਯੂਨੀਵਰਸਿਟੀ `ਚ ਆਏ ਸੀ ਹੁਣ ਤੁੁਸਾਂ ਯੂਨੀਵਰਸਿਟੀ `ਚ ਪ੍ਰਾਪਤ ਕੀਤੇ ਗਏ ਗਿਆਨ ਨੂੰ ਸਮਾਜ ਅਤੇ ਦੇਸ਼ ਦੀ ਸੇਵਾ ਲਈ ਵਰਤਣਾ ਹੈ।ਉਨ੍ਹਾਂ ਨੇੇ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਹਾਲ ਵਿਖੇ ਡਿਗਰੀਆਂ ਪ੍ਰਾਪਤ ਕਰਨ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨੈਤਿਕ ਕਦਰਾਂ ਕੀਮਤਾਂ `ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਤੁਸੀਂ ਜੋ ਵੀ ਕਰੋ, ਤੁਸੀਂ ਜਿੱਥੇ ਵੀ ਜਾਓ, ਹਮੇਸ਼ਾ ਸੱਚ ਦੇ ਮਾਰਗ ‘ਤੇ ਚੱਲਣ ਦਾ ਪ੍ਰਣ ਕਰਨਾ ਹੈ।
ਉਨ੍ਹਾਂ ਕਿਹਾ ਕਿ ਤੁਹਾਡਾ ਉਦੇਸ਼ ਪੈਸਾ ਕਮਾਉਣ ਤੋਂ ਪਾਰ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਦ੍ਰਿਸ਼ਟੀਕੋਣ ਵਿਚ ਭਾਈਚਾਰਕ ਉਥਾਨ ਤੇ ਤੁਹਾਡੇ ਵਿਚ ਵਾਤਾਵਰਨ ਦੀ ਸੁਰੱਖਿਆ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਵਿਆਪਕ ਵਿਚਾਰ ਸ਼ਾਮਲ ਹੋਣੇ ਚਾਹੀਦੇ ਹਨ। ਭਾਵੇਂ ਤੁਸੀਂ ਨਿੱਜੀ ਖੇਤਰ, ਜਨਤਕ ਖੇਤਰ ਜਾਂ ਗੈ਼ਰ-ਲਾਭਕਾਰੀ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਚੋਣ ਕਰੋ, ਤੁਹਾਡਾ ਕੰਮ ਉਦੇਸ਼ ਕੇਂਦਰਿਤ ਅਤੇ ਕੁੱਝ ਵੱਖਰਾ ਕਰਨ ਦੀ ਵਚਨਬੱਧਤਾ ਦੀ ਪਹੁੰਚ ਵਾਲਾ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਯਾਦ ਰੱਖੋ ਕਿ ਸਫ਼ਲਤਾ ਸਿਰਫ਼ ਨਿੱਜੀ ਪ੍ਰਾਪਤੀਆਂ ਨਹੀਂ ਹਨ, ਅਸਲ ਵਿਚ ਇਹ ਦੂਜਿਆਂ ਨੂੰ ਉੱਚਾ ਚੁੱਕਣ ਅਤੇ ਤੁਹਾਡੇ ਤੋਂ ਬਾਅਦ ਵਿੱਚ ਆਉਣ ਵਾਲਿਆਂ ਲਈ ਮੌਕੇ ਪੈਦਾ ਕਰਨ ਨਾਲ ਸਬੰਧਿਤ ਹੁੰਦੀ ਹੈ।
ਪੀ.ਐਚ.ਡੀ ਪੋਸਟ ਗਰੈਜੂਏਟ ਅਤੇ ਅੰਡਰ ਗਰੈਜੂਏਟ ਦੀਆਂ 370 ਡਿਗਰੀਆਂ ਅਤੇ 171 ਮੈਡਲ ਵੱਖ ਵੱਖ ਫੈਕਲਟੀ ਦੇ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੇ ਗਏ।ਪ੍ਰਸਿੱਧ ਗੀਤਕਾਰ, ਕਵੀ, ਲੇਖਕ, ਪਟਕਥਾ ਲੇਖਕ, ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਨਾਮਵਰ ਬਾਲੀਵੁੱਡ ਸ਼ਖਸੀਅਤ, ਗੁਲਜ਼ਾਰ (ਸ. ਸੰਪੂਰਨ ਸਿੰਘ ਕਾਲੜਾ) ਨੂੰ ਭਾਸ਼ਾਵਾਂ ਫੈਕਲਟੀ ਵਿੱਚ ਆਨਰਜ਼ ਕਾਜ਼ਾ ਡਾਕਟਰੇਟ ਡਿਗਰੀ ਆਫ ਲਿਟਰੇਰਚਰ ਨਾਲ ਸਨਮਾਨਿਤ (ਆਨਲਾਈਨ) ਕੀਤਾ ਗਿਆ।ਪ੍ਰੋ. ਯੋਗੇਸ਼ ਕੇ.ਚਾਵਲਾ ਸਾਬਕਾ ਡਾਇਰੈਕਟਰ ਅਤੇ ਐਮਰੀਟਸ ਪ੍ਰੋਫੈਸਰ, ਅਤੇ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਵਿਖੇ ਹੈਪੇਟੋਲੋਜੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਨੂੰ ਮੈਡੀਕਲ ਸਾਇੰਸਜ਼ ਫੈਕਲਟੀ ਵਿੱਚ ਸਾਇੰਸ ਦੀ ਆਨਰਜ਼ ਕਾਜ਼ਾ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੇ ਵਾਈਸ ਚਾਂਸਲਰ, ਪ੍ਰੋ. ਰਾਜੀਵ ਸੂਦ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਇਥੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।ਡੀਨ, ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ ਨੇ ਕਾਨਵੋਕੇਸ਼ਨ ਵਿਚ ਪੁੱਜੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।
ਸ੍ਰੀ ਪੁਰੋਹਿਤ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਖੋਜਾਰਥੀਆਂ ਨੂੰ ਕਿਹਾ ਕਿ ਤੁਸੀਂ ਖ਼ੁਸ਼ਕਿਸਮਤ ਹੋ ਕਿ ਤੁਹਾਨੂੰ ਇੱਕ ਅਜਿਹੀ ਸੰਸਥਾ ਤੋਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ, ਜਿਸ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉਤੇ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਨਤਾ ਅਤੇ ਦਇਆ ਦਾ ਉਪਦੇਸ਼ ਦਿੱਤਾ ਅਤੇ ਹਨੇਰੇ ਵਿੱਚ ਡੁੱਬੀ ਹੋਈ ਦੁਨੀਆ ਵਿੱਚ ਗਿਆਨ ਦੀ ਰੌਸ਼ਨੀ ਦੇ ਰੂਪ ਵਿੱਚ ਪ੍ਰਗਟ ਹੋਏ।ਉਨ੍ਹਾਂ ਕਿਹਾ ਕਿ ਇਹ ਉਹ ਯੂਨੀਵਰਸਿਟੀ ਹੈ ਜੋ 1969 ਤੋਂ ਗਿਆਨ ਦੀ ਰੌਸ਼ਨੀ ਫੈਲਾ ਰਹੀ ਹੈ ਅਤੇ ਇਸ ਨੇ ਦੇਸ਼ ਦੇ ਉੱਚ ਸਿੱਖਿਆ ਵਿੱਚ ਗੌਰਵਮਈ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਯੂਨੀਵਰਸਿਟੀ ਆਪਣੇ ਨਾਮ ‘ਤੇ ਕਾਇਮ ਹੈ ਅਤੇ ਆਪਣੇ ਵਿਦਿਆਰਥੀਆਂ ਵਿੱਚ ਸਹਿਨਸ਼ੀਲਤਾ, ਲਗਨ, ਦ੍ਰਿੜਤਾ ਅਤੇ ਆਤਮ-ਨਿਰਭਰਤਾ ਦੇ ਗੁਣਾਂ ਨੂੰ ਉਤਸ਼ਾਹਿਤ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਰੈਂਕਿੰਗ ਅਤੇ ਕਾਰਗੁਜ਼ਾਰੀ ਵਿੱਚ ਨਿਰੰਤਰ ਵਿਕਾਸ ਕਰ ਰਹੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …