ਗੁਰਧਾਮਾਂ ਦੇ ਦਰਸ਼ਨਾਂ ਮਗਰੋਂ 22 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ ਜਥਾ
ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 929 ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਕੀਤਾ ਗਿਆ।ਰਵਾਨਗੀ ਸਮੇਂ ਜਥੇ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਅਮਰਜੀਤ ਸਿੰਘ ਭਲਾਈਪੁਰ, ਰਵਿੰਦਰ ਸਿੰਘ ਖਾਲਸਾ ਤੇ ਜਨਰਲ ਪ੍ਰਬੰਧਕ ਵਜੋਂ ਗਏ ਸ਼੍ਰੋਮਣੀ ਕਮੇਟੀ ਦੇ ਸੁਪਰਵਾਈਜ਼ਰ ਪਰਮਜੀਤ ਸਿੰਘ ਤੇ ਰਣਜੀਤ ਸਿੰਘ ਭੋਮਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੇ ਅਧਿਕਾਰੀਆਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਦਿੱਤਾ।
ਜਥੇ ਦੇ ਆਗੂ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸਰਕਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਵੀਜੇ ਕੱਟਣ ਨਾਲ ਸਿੱਖ ਸੰਗਤਾਂ ਦੇ ਮਨ ’ਚ ਭਾਰੀ ਰੋਸ ਹੈ।ਇਸ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਮਦੇਨਜ਼ਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਖੁੱਲਦਿਲੀ ਨਾਲ ਵੀਜ਼ੇ ਦੇਣੇ ਚਾਹੀਦੇ ਹਨ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਵਿਸਾਖੀ ਦੇ ਮੁੱਖ ਸਮਾਗਮ ਵਿੱਚ ਸ਼ਮੂਲੀਅਤ ਕਰਕੇ 15 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ, ਜਿਥੋਂ 17 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ ਦੇ ਦਰਸ਼ਨ ਕਰੇਗਾ।18 ਅਪ੍ਰੈਲ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਵੇਗਾ, ਜਿਥੋਂ 20 ਅਪ੍ਰੈਲ ਨੂੰ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਦਰਸ਼ਨ ਕਰਕੇ ਜਥਾ ਲਾਹੌਰ ਪੁੱਜੇਗਾ।21 ਅਪ੍ਰੈਲ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਰੁਕਣ ਉਪਰੰਤ 22 ਅਪ੍ਰੈਲ ਨੂੰ ਇਹ ਜਥਾ ਵਾਪਸ ਭਾਰਤ ਪਰਤੇਗਾ।
ਇਸ ਸਮੇਂ ਓ.ਐਸ.ਡੀ ਸਤਬੀਰ ਸਿੰਘ ਧਾਮੀ, ਬਲਵਿੰਦਰ ਸਿੰਘ ਕਾਹਲਵਾਂ, ਕੁਲਵਿੰਦਰ ਸਿੰਘ ਰਮਦਾਸ, ਬਿਜੈ ਸਿੰਘ, ਗੁਰਿੰਦਰ ਸਿੰਘ ਮਥਰੇਵਾਲ, ਪ੍ਰੀਤਪਾਲ ਸਿੰਘ, ਮੀਤ ਸਕੱਤਰ ਸ ਜਸਵਿੰਦਰ ਸਿੰਘ ਜੱਸੀ, ਗੁਰਨਾਮ ਸਿੰਘ, ਬਲਵਿੰਦਰ ਸਿੰਘ ਖੈਰਾਬਾਦ, ਸ਼ਾਹਬਾਜ਼ ਸਿੰਘ, ਹਰਭਜਨ ਸਿੰਘ ਵਕਤਾ, ਸੁਖਬੀਰ ਸਿੰਘ, ਸੁਪਰਡੈਂਟ ਨਿਸ਼ਾਨ ਸਿੰਘ, ਪਲਵਿੰਦਰ ਸਿੰਘ ਇੰਚਾਰਜ ਯਾਤਰਾ, ਮੇਜਰ ਸਿੰਘ ਸਮੇਤ ਵੱੱਡੀ ਗਿਣਤੀ ‘ਚ ਯਾਤਰੂ ਮੌਜ਼ੂਦ ਸਨ।