ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ)- ਗੁਰਦੁਆਰਾ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਅਸਥਾਨ ਤੋਂ ਕੁੱਝ ਦੂਰੀ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਸਥਾਪਿਤ ਕੀਤਾ ਗਿਆ ਵਿੱਦਿਅਕ ਅਦਾਰਾ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਆਧੁਨਿਕ ਤਕਨੀਕ ਭਰਪੂਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਕੌਂਸਲ ਵਲੋਂ ਦਿਹਾਤੀ ਖੇਤਰ ਦੇ ਇਸ ਅਦਾਰੇ ‘ਚ ਕਰੋੜਾਂ ਰੁਪਏ ਦੇ ਖਰਚੇ ਨਾਲ ਬਣ ਕੇ ਤਿਆਰ ਹੋਈ ਨਵੀਂ ਢਾਈ ਮੰਜ਼ਿਲਾ ਆਲੀਸ਼ਾਨ ਇਮਾਰਤ ‘ਸਰਦਾਰਨੀ ਪ੍ਰਸਿੰਨ ਕੌਰ ਸੰਧੂ’ ਦਾ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ ਕੀਤਾ ਗਿਆ।
ਇਸ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਕਾਲਜ ਵਿਦਿਆਰਥੀਆਂ ਸ਼ਬਦ ਗਾਇਨ ਕੀਤਾ ਗਿਆ।ਕੌਂਸਲ ਦੇ ਉਪ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਪਰਮਜੀਤ ਸਿੰਘ ਅਤੇ ਪ੍ਰਿੰਸੀਪਲ ਪ੍ਰੋ: ਗੁਰਦੇਵ ਦੀ ਮੌਜ਼ੂਦਗੀ ’ਚ ਗੱਲਬਾਤ ਕਰਦਿਆਂ ਦੱਸਿਆ ਕਿ ਨਿਹਾਲ ਸਿੰਘ ਸੰਧੂ ਵਲੋਂ ਆਪਣੀ ਮਾਤਾ ਪ੍ਰਸਿੰਨ ਕੌਰ ਸੰਧੂ ਦੀ ਯਾਦ ’ਚ ਵਿੱਦਿਅਕ ਸੰਸਥਾ ’ਚ ਪੇਂਡੂ ਖੇਤਰ ਦੇ ਬੱਚਿਆਂ ਨੂੰ ਸੁੱਖ-ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਹਵਾਦਾਰ ਅਤੇ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਪਿੰਡ ਖੇੜਾ ਬਾਲਾ ਚੱਕ ਦੇ ਰਹਿਣ ਵਾਲੇ ਮਾਤਾ ਪ੍ਰਸਿੰਨ ਕੌਰ ਦੇ ਨਿਊਯਾਰਕ (ਯੂ.ਐਸ.ਏ) ਰਹਿੰਦੇ ਲੜਕੇ ਅਤੇ ਐਫ.ਸੀ.ਸੀ.ਪੀ ਦੇ ਐਮ.ਡੀ ਨਿਹਾਲ ਸਿੰਘ ਸੰਧੂ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਇਹ ਕਾਰਜ਼ ਪੂਰਾ ਕੀਤਾ ਗਿਆ।14962 ਸਕੇਅਰ ਫੁੱਟ ’ਚ ਫ਼ੈਲੀ ਇਸ ਢਾਈ ਮੰਜ਼ਿਲਾ ਇਮਾਰਤ ’ਚ ਗਰਾਊਂਡ ਫ਼ਲੋਰ ’ਤੇ 1 ਹਾਲ, ਪਹਿਲੀ ਮੰਜ਼ਿਲ ’ਚ 4 ਕਲਾਸ ਰੂਮ ਅਤੇ ਦੂਸਰੀ ਮੰਜਿਲ ’ਤੇ 1 ਕਲਾਸ ਰੂਮ ਤਿਆਰ ਕੀਤਾ ਗਿਆ ਹੈ।
ਸ: ਛੀਨਾ ਨੇ ਇਮਾਰਤ ਦੀ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ ਅਤੇ ਸਮੂਹ ਵਿਭਾਗਾਂ ਦੇ ਮੁੱਖੀਆਂ ਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਨੇਜ਼ਮੈਂਟ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਹਰੇਕ ਸੁਵਿਧਾ ਪ੍ਰਦਾਨ ਕਰਨਾ ਹੈ ਅਤੇ ਭਵਿੱਖ ਲਈ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਨੇਪਰੇ ਚਾੜ੍ਹਨ ਲਈ ਵਿਉਂਤਬੰਦੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ’ਚੋਂ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਕੁੱਝ ਦਾ ਨਿਰਮਾਣ ਕਾਰਜ਼ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਤੇਜ਼ ਰਫ਼ਤਾਰ ਤਕਨੀਕ ਨਾਲ ਤਾਲਮੇਲ ਕਾਇਮ ਕਰਨ ਲਈ ਖਾਲਸਾ ਕਾਲਜ ਗਵਰਨਿੰਗ ਕੌਂਸਲ ਆਪਣੇ ਹਰੇਕ ਵਿੱਦਿਅਕ ਸੰਸਥਾ ਦੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਐਡਵਾਂਸ ਤਕਨਾਲੋਜੀ ਮੁਹੱਈਆ ਕਰਨ ਲਈ ਯਤਨਸ਼ੀਲ ਹੈ।
ਡਾ. ਗੁਰਦੇਵ ਸਿੰਘ ਨੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਛੀਨਾ ਅਤੇ ਸਮੂਹ ਕੌਂਸਲ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਟਾਫ਼ ਅਤੇ ਵਿਦਿਆਰਥੀਆਂ ਦੀਆਂ ਜਰੂਰਤਾਂ ਨੂੰ ਮੁੱਖ ਰੱਖਦਿਆਂ ਹਮੇਸ਼ਾਂ ਹੀ ਮੈਨੇਜ਼ਮੈਂਟ ਵਲੋਂ ਸਹਿਯੋਗ ਦਿੱਤਾ ਜਾਂਦਾ ਹੈ।
ਇਸ ਮੌਕੇ ਜੁਆਇੰਟ ਸਕੱਤਰ ਰਾਜਬੀਰ ਸਿੰਘ, ਲਖਵਿੰਦਰ ਸਿੰਘ ਢਿੱਲੋਂ,: ਗੁਰਪ੍ਰੀਤ ਸਿੰਘ ਗਿੱਲ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰੋਜੈਕਟ ਮੈਨੇਜ਼ਰ ਐਨ.ਕੇ ਸ਼ਰਮਾ, ਐਮ.ਡੀ ਡਾ. ਵਿਪਨਜੀਤ ਸਿੰਘ ਸੰਧੂ ਅਤੇ ਪੀ.ਐਚ.ਡੀ ਡਾ. ਜੈਮੀ ਰਿਚਰਡਸਨ ਸੰਧੂ ਆਦਿ ਸਮੇਤ ਸਟਾਫ਼ ਹਾਜ਼ਰ ਸੀ।
Check Also
ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨੇ ਲਾਇਆ ਸਾਇੰਸ ਸਿਟੀ ਦਾ ਵਿਦਿਅਕ ਟੂੂਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ …