
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਮੁਖੀ ਸ੍ਰੀ ਸਵਪਨ ਸ਼ਰਮਾ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੇ ਨਕੇਲ ਕਸਦਿਆਂ ਸੀ.ਆਈ.ਏ. ਸਟਾਫ਼ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 45 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਨੇ ਮੁਖ਼ਬਰੀ ਦੇ ਅਧਾਰ ‘ਤੇ ਗਸ਼ਤ ਦੌਰਾਨ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਚੂਰਾ ਪੋਸਤ ਸਣੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਏ.ਐਸ.ਆਈ. ਮੁਨਸ਼ੀ ਰਾਮ ਨੇ ਪਿੰਡ ਡੰਗਰ ਖੇੜਾ ਦੇ ਕੋਲ ਗਸ਼ਤ ਦੌਰਾਨ ਮਨਪਿੰਦਰ ਸਿੰਘ ਉਰਫ਼ ਮਨੂੰ ਪੁੱਤਰ ਬੁੱਧ ਸਿੰਘ ਵਾਸੀ ਲਕੱੜੀਵਾਲਾ ਜ਼ਿਲ੍ਹਾ ਸਿਰਸਾ ਨੂੰ 30 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਹਰਿਆਣੇ ਤੋਂ ਲੈਂਸਰ ਕਾਰ ‘ਤੇ ਪੋਸਤ ਭੁੱਕੀ ਚੂਰਾ ਪੋਸਤ ਲਿਆ ਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰ ਜਲਾਲਾਬਾਦ ਵਿਖੇ ਦੇਣ ਜਾ ਰਿਹਾ ਸੀ। ਜਿਸ ‘ਤੇ ਏ.ਐਸ.ਆਈ. ਮੁਨਸ਼ੀ ਰਾਮ ਨੇ ਥਾਣਾ ਸਦਰ ਅਬੋਹਰ ਵਿਖੇ ਮੁਕੱਦਮਾ ਨੰਬਰ-4 ਧਾਰਾ 15/61/85 ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੂਜੇ ਮਾਮਲੇ ਵਿਚ ਏ.ਐਸ.ਆਈ. ਵਜ਼ੀਰ ਸਿੰਘ ਨੇ ਸ਼ਹਿਤੀਰਵਾਲਾ ਰੋਡ ‘ਤੇ ਗਸ਼ਤ ਦੌਰਾਨ ਹਰਜੀਤ ਸਿੰਘ ਉਰਫ਼ ਰਾਜੂ ਪੁੱਤਰ ਮੱਖਣ ਸਿੰਘ ਵਾਸੀ ਕਾਠਗੜ੍ਹ, ਸੰਦੀਪ ਸਿੰਘ ਉਰਫ਼ ਕੀਪੂ ਪੁੱਤਰ ਚੰਨ ਸਿੰਘ ਵਾਸੀ ਸੁਖੇਰਾ ਬੋਦਲਾ ਤੋਂ 15 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਪਲਟੀਨਾ ਮੋਟਰਸਾਈਕਲ ‘ਤੇ ਭੁੱਕੀ ਚੂਰਾ ਪੋਸਤ ਲਿਆ ਰਹੇ ਸਨ ਜੋ ਕਿ ਉਨ੍ਹਾਂ ਨੇ ਜਲਾਲਾਬਾਦ ਲੈ ਕੇ ਜਾਣੀ ਸੀ। ਏ.ਐਸ.ਆਈ. ਵਜ਼ੀਰ ਸਿੰਘ ਨੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਦਰ ਫ਼ਾਜ਼ਿਲਕਾ ਵਿਖੇ ਮੁਕੱਦਮਾ ਨੰਬਰ-8 ਧਾਰਾ 15/61/85 ਅਧੀਨ ਮਾਮਲਾ ਦਰਜ ਕੀਤਾ ਹੈ।
Punjab Post Daily Online Newspaper & Print Media