ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) – ਮਿਡ ਡੇ ਮੀਲ ਦੇ ਦਫਤਰੀ ਮੁਲਾਜਮ ਅਤੇ ਕੁੱਕ ਬੀਬੀਆਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਸਰਕਾਰ ਦੇ ਖਿਲਾਫ਼ ਕਾਲੀਆਂ ਝੰਡੀਆਂ ਨਾਲ ਥਾਲ ਖੜਕਾ ਕੇ ਸੰਸਦੀ ਸਕੱਤਰ ਇੰਦਰਜੀਤ ਸਿੰਘ ਬੁਲਾਰੀਆਂ ਦੀ ਰਿਹਾਇਸ਼ ਤੱਕ ਰਸ ਮਾਰਚ ਕਰਨ ਦਾ ਫੈਸਲਾ ਕੀਤਾ ਹੈ।ਜਿਸ ਵਿੱਚ ਹਜ਼ਾਰਾਂ ਮਿਡ ਡੇ ਮੀਲ ਦੇ ਦਫ਼ਤਰੀ ਮੁਲਾਜਮ ਅਤੇ ਕੁੱਕ ਬੀਬੀਆਂ ਸਮੂਲੀਅਤ ਕਰਨਗੀਆਂ।ਮਿਡ ਡੇ ਮੀਲ ਦਫ਼ਤਰੀ ਮੁਲਾਜਮ ਤੇ ਕੁੱਕ ਵਰਕਰ ਯੂਨੀਅਨ ਪੰਜਾਬ ਅਤੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਬਣਾਏ ਸਾਂਝਾ ਮੰਚ ਦੇ ਆਗੂ ਪ੍ਰਵੀਨ ਸ਼ਰਮਾ ਜੋਗੀਪੁਰ, ਹਰਜਿੰਦਰ ਕੌਰ ਲੋਪੇ, ਮਨਦੀਪ ਕੌਰ ਮਾਣਕਮਾਜਰਾ, ਲਖਵਿੰਦਰ ਸਿੰਘ ਡੇਰਾਬਸੀ, ਅਵਤਾਰ ਸਿੰਘ ਡੇਰਾਬਸੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਦੋਗ਼ਲੀ ਨੀਤੀ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਾਂਝੇ ਮੰਚ ਨਾਲ ਕੀਤੀ ਮੀਟਿੰਗ ਵਿੱਚ ਮੰਗਾਂ ਹੱਲ ਕਰਨ ਦਾ ਭਰੋਸਾ ਦਵਾਇਆ ਸੀ, ਪਰ ਦੂਸਰੇ ਦਿਨ ਹੀ ਸਿੱਖਿਆ ਮੰਤਰੀ ਪੰਜਾਬ ਵੱਲੋਂ ਆਪਣੇ ਕੀਤੇ ਵਾਅਦੇ ਤੋਂ ਭੱਜਦਿਆਂ ਮਿਡ ਡੇ ਮੀਲ ਵਿੱਚ ਆਉਟ ਸੋਰਸਿੰਗ ਰਾਹੀਂ ਭਰਤੀ ਕੀਤੇ 11 ਡਾਟਾ ਐਂਟਰੀ ਅਪਰੇਟਰਾਂ ਦੀਆਂ ਸੇਵਾਵਾਂ ਨੂੰ ਖਤਮ ਕਰਨ ਅਤੇ ਦਫ਼ਤਰੀ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ।ਜਿਸ ਦੀ ਸਾਂਝੇ ਮੰਚ ਵੱਲੋਂ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਕਿਹਾ ਕਿ ਸਿੱਖਿਆ ਮੰਤਰੀ ਦੇ ਇਸ ਹੁਕਮ ਨਾਲ ਉਸ ਦਾ ਦੋਗਲਾ ਰੂਪ ਸਾਹਮਣੇ ਆ ਚੁੱਕਾ ਹੈ।ਆਗੂਆਂ ਨੇ ਇਹ ਵੀ ਦੱਸਿਆ ਕਿ ਡਾਟਾ ਐਂਟਰੀ ਅਪਰੇਟਰ ਪੂਰਾ ਸਮਾਂ ਦਫ਼ਤਰਾਂ ਵਿੱਚ ਹਾਜ਼ਰ ਰਹੇ ਹਨ, ਜਦੋਂ ਕਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ 3 ਦਸੰਬਰ 2014 ਤੋਂ ਲਗਾਤਾਰ ਗੈਰ ਹਾਜਰ ਘੋਸ਼ਿਤ ਕੀਤਾ ਗਿਆ ਹੈ।ਪੰਜਾਬ ਸਰਕਾਰ ਬੁਖਲਾਹਟ ਵਿੱਚ ਆਕੇ ਕੁੱਕ ਬੀਬੀਆਂ ਅਤੇ ਦਫ਼ਤਰੀ ਅਮਲੇ ਦੇ ਸੰਘਰਸ਼ ਨੂੰ ਜ਼ਬਰੀ ਦਬਾਉਣਾ ਚਾਹੁੰਦੀ ਹੈ।ਆਗੂਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਲਗਾਏ ਗਏ ਮਿਡ ਡੇ ਮੀਲ ਦੇ ਸਟੇਟ ਮੈਨੇਜਰ ਦੀ ਮਿਲੀ ਭਗਤ ਨਾਲ ਕਾਂਗਰਸ ਪਾਰਟੀ ਦੇ ਮੁਲਾਜਮ ਵਿੰਗ ਦੇ ਆਗੂ ਕੁੱਕ ਬੀਬੀਆਂ ਨੂੰ ਮੈਡੀਕਲ ਕਰਵਾਉਣ ਦੀਆਂ ਚਿੱਠੀਆਂ ਵੰਡ ਕੇ ਸਾਰੇ ਪੰਜਾਬ ਵਿੱਚੋਂ ਪ੍ਰਤੀ ਕੁੱਕ ਤੋਂ 200 ਰੁਪਏ ਤੋਂ ਲੈ ਕੇ 500 ਰੁਪਏ ਤੱਕ ਰਾਸ਼ੀ ਇਕੱਠੀ ਕਰਨ ਲੱਗੇ ਹੋਏ ਹਨ।ਇਸ ਤਰ੍ਹਾਂ ਹੀ ਠੇਕੇਦਾਰੀ ਪ੍ਰਬੰਧ ਅਧੀਨ ਜਿਥੇ ਸਕੂਲਾਂ ਵਿੱਚ ਖਾਣਾ ਆ ਰਿਹਾ ਹੈ, ਸਭ ਠੇਕੇਦਾਰਾਂ ਦੇ ਘਟੀਆ ਖਾਣੇ ਖਿਲਾਫ ਸੈਂਕੜੇ ਸ਼ਿਕਾਇਤਾਂ ਆਉਣ ਦੇ ਬਾਵਜੂਦ ਮਿਡ ਡੇ ਮੀਲ ਦਾ ਸਟੇਟ ਮੈਨੇਜਰ, ਮੋਟੇ ਕਮਿਸ਼ਨਾਂ ਦੀ ਰਾਸ਼ੀ ਲੈ ਕੇ ਠੇਕੇਦਾਰਾਂ ਖਿਲਾਫ਼ ਕਾਰਵਾਈ ਕਰਵਾਉਣ ਤੋਂ ਪਾਸਾ ਵੱਟ ਰਿਹਾ ਹੈ।ਆਗੂਆਂ ਨੇ ਇਹ ਵੀ ਕਿਹਾ ਕਿ ਮਿਡ ਡੇ ਮੀਲ ਦੇ ਸਟੇਟ ਮੈਨੇਜਰ ਦੇ ਅਹੁਦੇ ‘ਤੇ ਲਗਾਤਾਰ ਇੱਕ ਵਿਅਕਤੀ ਨੂੰ ਵੱਧ ਤੋਂ ਵੱਧ ਤਿੰਨ ਸਾਲਾਂ ਲਈ ਲਗਾਇਆ ਜਾਂਦਾ ਹੈ, ਪ੍ਰੰਤੂ ਮੌਜ਼ੂਦਾ ਸਟੇਟ ਮੈਨੇਜਰ ਨੂੰ ਇਸ ਅਹੁਦੇ ‘ਤੇ ਕੰਮ ਕਰਦੇ ਨੂੰ ਦਹਾਕਾ ਬੀਤਣ ਵਾਲਾ ਹੈ।ਇਸ ਲਈ ਸਰਕਾਰ ਇਸ ਮਾਮਲੇ ਦੀ ਪੜਤਾਲ ਕਰਵਾਏ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮਿਡ ਡੇ ਮੀਲ ਕੁੱਕ ਨੂੰ 1200 ਰੁਪਏ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ ਪ੍ਰੰਤੂ ਇਨ੍ਹਾਂ ਦਾ 1200 ਰੁਪਇਆ ਮੈਡੀਕਲ ਕਰਵਾਉਣ ‘ਤੇ ਖਰਚ ਆ ਰਿਹਾ ਹੈ।ਇਸ ਲਈ ਵਿਭਾਗ ਇਹ ਮੈਡੀਕਲ ਮੁਫ਼ਤ ਕਰਵਾਉਣ ਦਾ ਪ੍ਰਬੰਧ ਕਰੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਡਾਟਾ ਐਂਟਰੀ ਅਪਰੇਟਰਾਂ ਦੀਆਂ ਸੇਵਾਵਾਂ ਮੁੜ ਤੋਂ ਬਹਾਲ ਕਰਨ ਦੇ ਹੁਕਮ ਕੀਤੇ ਜਾਣ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਿਡ ਡੇ ਮੀਲ ਦੇ ਦਫ਼ਤਰੀ ਮੁਲਾਜਮਾਂ ਦੀਆਂ ਤਨਖਾਹਾਂ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਬਰਾਬਰ ਦੀ ਯੋਗਤਾ ਵਾਲੇ ਮੁਲਾਜਮਾਂ ਦੇ ਬਰਾਬਰ ਕਰਕੇ ਰੈਗੂਲਰ ਕੀਤੀਆਂ ਜਾਣ। ਕੁੱਕ ਦੀਆਂ ਸੇਵਾਵਾਂ ਨੂੰ ਘੱਟ ਘੱਟ ਉਜਰਤ ਕਾਨੂੰਨ ਅਧੀਨ ਲਿਆਕੇ ਰੈਗੂਲਰ ਕੀਤੀਆਂ ਜਾਣ। ਆਗੂਆਂ ਨੇ ਇਹ ਵੀ ਦੱਸਿਆ ਕਿ ਰੋਪੜ ਵਿਖੇ ਮਿਡ ਡੇ ਮੀਲ ਦੇ ਦਫ਼ਤਰੀ ਮੁਲਾਜਮ ਅਤੇ ਕੁੱਕ ਬੀਬੀਆਂ ਸਾਂਝੇ ਰੂਪ ਵਿੱਚ ਸਰਕਾਰ ਦੇ ਖਿਲਾਫ ਰੱਖਿਆ ਰੋਸ਼ ਪ੍ਰਦਰਸ਼ਨ, ਕੁੱਝ ਜਥੇਬੰਦ ਕਾਰਨਾਂ ਕਰਕੇ ਅਮ੍ਰਿੰਤਸਰ ਵਿਖੇ ਤਬਦੀਲ ਕੀਤਾ ਗਿਆ ਹੈ।ਹੁਣ ਸਰਕਾਰ ਦੇ ਖਿਲਾਫ਼ ਇਹ ਪ੍ਰਦਰਸ਼ਨ ਅਮ੍ਰਿਤਸਰ ਸ਼ਹਿਰ ਵਿੱਚ ਸੰਸਦੀ ਸਕੱਤਰ ਇੰਦਰਜੀਤ ਸਿੰਘ ਬੁਲਾਰੀਆਂ ਦੀ ਰਿਹਾਇਸ਼ ਤੱਕ ਕਰਨ ਦਾ ਫੈਸਲਾ ਕੀਤਾ ਹੈ।ਜਿਸ ਵਿੱਚ ਹਜ਼ਾਰਾਂ ਮਿਡ ਡੇ ਮੀਲ ਦੇ ਦਫ਼ਤਰੀ ਮੁਲਾਜਮ ਅਤੇ ਕੁੱਕ ਬੀਬੀਆਂ ਸਮੂਲੀਅਤ ਕਰਨਗੀਆਂ।ਬਜ਼ਾਰਾਂ ਵਿੱਚੋਂ ਦੀ ਇਹ ਪ੍ਰਦਰਸ਼ਨ ਥਾਲ ਖੜਕਾ ਕੇ ਕੀਤਾ ਜਾਵੇਗਾ। ਆਗੂਆਂ ਨੇ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ।