19 ਜਨਵਰੀ ਨੂੰ ਪਹਿਲੀ ਬਰਸੀ ਤੇ ਵਿਸ਼ੇਸ

-ਦਿਲਜੀਤ ਸਿੰਘ ‘ਬੇਦੀ’
ਐਡੀ: ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।
‘ਨਿਹੰਗ ਸਿੰਘ’ ਸਿੱਖ ਪੰਥ ਦਾ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਨੇ ਅੱਜ ਤੱਕ ਸਿੱਖ ਬਾਣੇ ਅਤੇ ਪਰੰਪਰਾਵਾਂ ਨੂੰ ਸਾਂਭਿਆ ਹੋਇਆ ਹੈ। ਨਿਹੰਗ ਸਿੰਘਾਂ ਅਤੇ ਸੰਪਰਦਾਵਾਂ ਦੇ ਸਿੱਖੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਨਿਹੰਗ ਸਿੰਘ ਜੱਥੇਬੰਦੀਆਂ ਵਿਚ ਬਾਬਾ ਬਿਧੀ ਚੰਦ ਸੰਪਰਦਾ ਦਾ ਵਿਸ਼ੇਸ਼ ਸਥਾਨ ਹੈ। ਇਸ ਸੰਪਰਦਾ ਦੇ ਗਿਆਰਵੇਂ ਮੁਖੀ ਵਜੋਂ ਵਿਚਰੇ ਬਾਬਾ ਦਯਾ ਸਿੰਘ ਦਾ ਯੋਗਦਾਨ ਯਾਦ ਰੱਖਣ ਯੋਗ ਹੈ।
ਬਾਬਾ ਦਯਾ ਸਿੰਘ ‘ਸੁਰਸਿੰਘ ਵਾਲਿਆਂ’ ਦਾ ਜਨਮ 1927 ਈਸਵੀ ਵਿਚ ਬਾਬਾ ਬਿਧੀ ਚੰਦ ਸੰਪਰਦਾ ਦੇ ਦਸਵੇਂ ਮੁਖੀ ਬਾਬਾ ਸੋਹਣ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਆਪ ਦਾ ਪਾਲਣ-ਪੋਸ਼ਣ ਬਾਬਾ ਸੋਹਣ ਸਿੰਘ ਜੀ ਨੇ ਗੁਰਮਤਿ ਰਹੁਰੀਤਾਂ ਅਨੁਸਾਰ ਕੀਤਾ। ਛੋਟੀ ਅਵਸਥਾ ਵਿਚ ਹੀ ਆਪ ਦੇ ਮਨ ‘ਤੇ ਨਾਮ ਬਾਣੀ ਦਾ ਪ੍ਰਭਾਵ ਪਿਆ, ਕਿਉਂਕਿ ਬਾਬਾ ਬਿਧੀ ਚੰਦ ਦਲ ਦੀ ਪਰੰਪਰਾ ਦੇ ਤੱਤ ਆਪ ਨੂੰ ਵਿਰਸੇ ਵਿੱਚੋਂ ਪ੍ਰਾਪਤ ਹੋਏ ਸਨ। ਆਪ ਦੇ ਪਿਤਾ ਬਾਬਾ ਸੋਹਣ ਸਿੰਘ ਜੀ ਨਾਮ ਰੰਗ ਵਿਚ ਰੰਗੀ ਹੋਈ ਰੂਹ ਸਨ। ਬਿਧੀ ਚੰਦ ਸੰਪਰਦਾ ਦੀਆਂ ਕਦਰਾਂ-ਕੀਮਤਾਂ ਵਿਚ ਪ੍ਰਪੱਕਤਾ ਆਪ ‘ਤੇ ਪਿਤਾ ਪੁਰਖੀ ਪ੍ਰਭਾਵ ਦੀ ਦੇਣ ਹੈ।
ਬਾਬਾ ਦਯਾ ਸਿੰਘ ਨੇ ਮੁੱਢਲੀ ਵਿੱਦਿਆ ਸੁਰਸਿੰਘ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਗੁਰਮਤਿ ਦੀ ਜਾਣਕਾਰੀ ਤੇ ਗੁਰਬਾਣੀ ਦੀ ਸਿੱਖਿਆ ਬਾਬਾ ਬਿਧੀ ਚੰਦ ਦਲ ਦੇ ਹੈੱਡ ਗ੍ਰੰਥੀ ਭਾਈ ਸੁੱਚਾ ਸਿੰਘ ਤੋਂ ਲਈ। ਇਸ ਤਰ੍ਹਾਂ ਆਪ ਛੋਟੀ ਉਮਰ ਤੋਂ ਹੀ ਗੁਰਮਤਿ ਗਿਆਨ ਪ੍ਰਾਪਤੀ ਦੇ ਮਾਰਗ ‘ਤੇ ਚੱਲ ਪਏ। 1942 ਈਸਵੀ ਵਿਚ ਆਪ ਦੇ ਪਿਤਾ ਬਾਬਾ ਸੋਹਣ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਗਏ ਤਾਂ ਬਾਬਾ ਦਯਾ ਸਿੰਘ ਨੂੰ ਜਥੇ ਸਮੇਤ ਉਥੇ ਹੀ ਛੱਡ ਆਏ। ਸ੍ਰੀ ਹਜ਼ੂਰ ਸਾਹਿਬ ਰਹਿੰਦਿਆਂ ਬਾਬਾ ਦਯਾ ਸਿੰਘ ਨੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਜਥੇਦਾਰ ਬਾਬਾ ਮਿੱਤ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕੀਤੀ। ਇਥੇ ਰਹਿੰਦਿਆਂ ਹੀ ਬਾਬਾ ਜੀ ਨੇ ਹੋਲਾ ਮਹੱਲਾ, ਦੀਵਾਲੀ ਅਤੇ ਵੈਸਾਖੀ ਆਦਿ ਇਤਿਹਾਸਕ ਪੁਰਬਾਂ ਮੌਕੇ ਵੱਧ-ਚੜ੍ਹ ਕੇ ਸੇਵਾ ਕੀਤੀ ਅਤੇ ਸੰਗਤਾਂ ਤੇ ਅਮਿੱਟ ਛਾਪ ਛੱਡੀ। ਆਪ ਨੂੰ ਸ੍ਰੀ ਹਜ਼ੂਰ ਸਾਹਿਬ ਨਾਲ ਸਬੰਧਤ ਬਾਬਾ ਨਿਧਾਨ ਸਿੰਘ ਸਮੇਤ ਬਾਬਾ ਆਤਮਾ ਸਿੰਘ, ਬਾਬਾ ਸ਼ੀਸ਼ਾ ਸਿੰਘ ਤੇ ਬਾਬਾ ਹਰਨਾਮ ਸਿੰਘ ਦੀ ਸੰਗਤ ਅਤੇ ਸਾਥ ਮਾਨਣ ਦਾ ਮੌਕਾ ਮਿਲਿਆ।
ਸੰਪਰਦਾ ਦੀ ਜ਼ਿੰਮੇਵਾਰੀ ਮਿਲਣ ਤੋਂ ਕੋਈ 15 ਕੁ ਸਾਲ ਪਹਿਲਾਂ ਤੋਂ ਹੀ ਬਾਬਾ ਦਯਾ ਸਿੰਘ ਦਲ ਅੰਦਰ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਲਗ ਪਏ। ਆਪ ਦਲ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਅਤੇ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜੱਥੇ ਦੇ ਨਾਲ ਜਾਂਦੇ। ਇਹ ਆਪ ਦੀ ਸਿੱਖੀ ਪ੍ਰਤੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਮੰਨਿਆ ਜਾ ਸਕਦਾ ਹੈ। ਬਾਬਾ ਸੋਹਣ ਸਿੰਘ ਦੀ ਅਗਵਾਈ ਹੇਠ ਦਲ ਵਿਚ ਵਿਚਰਦਿਆਂ ਆਪ ਨੇ ਗੱਤਕਾਬਾਜ਼ੀ, ਘੋੜ-ਸਵਾਰੀ ਅਤੇ ਸ਼ਸਤਰ ਵਿੱਦਿਆ ਵਿਚ ਨਿਪੁੰਨਤਾ ਹਾਸਲ ਕੀਤੀ।
ਆਪ ਨੇ ਬਾਬਾ ਸੋਹਣ ਸਿੰਘ ਦੀ ਸਰਪ੍ਰਸਤੀ ਹੇਠ ਲਾਇਲਪੁਰੀ ਬਾਰ, ਮਿੰਟਗੁੰਮਰੀ ਬਾਰ ਅਤੇ ਸਰਗੋਧੇ ਦੀ ਬਾਰ ਵਿਚ ਨਿਰੰਤਰ ਸਿੱਖੀ ਪ੍ਰਚਾਰ ਕੀਤਾ। 1965 ਅਤੇ 1971 ਦੀ ਜੰਗ ਵਿਚ ਬਾਬਾ ਸੋਹਣ ਸਿੰਘ ਦੇ ਨਾਲ ਬਾਬਾ ਦਯਾ ਸਿੰਘ ਨੇ ਜੰਗੀ ਮੋਰਚਿਆਂ ਵਿਚ ਲੰਗਰ ਪਹੁੰਚਾਉਣ ਦੀ ਸੇਵਾ ਕੀਤੀ, ਜਿਸ ਨਾਲ ਆਪ ਦਾ ਅਕਸ ਸੰਗਤਾਂ ਵਿਚ ਪ੍ਰਭਾਵਸ਼ਾਲੀ ਹੋ ਨਿਬੜਿਆ।
21 ਮਾਰਚ 1975 ਈਸਵੀ ਨੂੰ ਬਾਬਾ ਸੋਹਣ ਸਿੰਘ ਦੇ ਅਕਾਲ ਚਲਾਣੇ ਉਪਰੰਤ ਸਮੁੱਚੇ ਸਿੱਖ ਪੰਥ ਦੀ ਸਹਿਮਤੀ ਨਾਲ ਬਾਬਾ ਦਯਾ ਸਿੰਘ ‘ਦਲ ਬਿਧੀ ਚੰਦ’ ਦੇ ਗਿਆਰਵੇਂ ਮੁਖੀ ਵਜੋਂ ਕਾਰਜਸ਼ੀਲ ਹੋਏ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜਿਥੇ ਦਲ ਦੀਆਂ ਪਰੰਪਰਾਵਾਂ ਅਤੇ ਮਾਣ-ਮਰਯਾਦਾ ਨੂੰ ਕਾਇਮ ਰੱਖਦਿਆਂ ਸਿੱਖੀ ਦੀ ਸੇਵਾ ਕੀਤੀ, ਉਥੇ ਪੰਥ ਵੱਲੋਂ ਮਨਾਈਆਂ ਗਈਆਂ ਸ਼ਤਾਬਦੀਆਂ ਅਤੇ ਹੋਰ ਇਤਿਹਾਸਕ ਪੁਰਬਾਂ ਮੌਕੇ ਵਧ-ਚੜ੍ਹ ਕੇ ਹਿੱਸਾ ਲਿਆ। ਉਹ ਆਪਣੇ ਦਲ ਵੱਲੋਂ ਇਨ੍ਹਾਂ ਸਮਾਗਮਾਂ ਦੌਰਾਨ ਗੱਤਕਾਬਾਜੀ ਅਤੇ ਘੋੜ ਸਵਾਰੀ ਦੁਆਰਾ ਸਿੱਖੀ ਦੇ ਚੜ੍ਹਦੀ ਕਲਾ ਵਾਲੇ ਸਰੂਪ ਦਾ ਪ੍ਰਗਟਾਵਾ ਕਰਦੇ ਰਹੇ। ਇਥੇ ਇਹ ਗੱਲ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਬਾਬਾ ਦਯਾ ਸਿੰਘ ਜੀ ਹਮੇਸ਼ਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ। ਬੇਸ਼ੱਕ ਨਿਹੰਗ ਸਿੰਘ ਜਥੇਬੰਦੀ ਦੀ ਮਰਯਾਦਾ ਨਿਭਾਉਣੀ ਆਪ ਦੀ ਜਥੇਬੰਦਕ ਜ਼ਿੰਮੇਵਾਰੀ ਦਾ ਹਿੱਸਾ ਸੀ, ਪਰ ਆਪ ਪੰਥ ਦੇ ਹਰ ਫੈਸਲੇ ਨਾਲ ਸਹਿਮਤੀ ਪ੍ਰਗਟਾਉਂਦੇ ਰਹੇ ਅਤੇ ਸੰਕਟ ਸਮੇਂ ਧਿਰ ਬਣ ਕੇ ਪੰਥ ਦੇ ਨਾਲ ਵੀ ਖੜ੍ਹਦੇ ਰਹੇ।
ਬਾਬਾ ਦਯਾ ਸਿੰਘ ਦੀ ਸਰਪ੍ਰਸਤੀ ਹੇਠ ਦਲ ਨੇ ਸਿੱਖੀ ਪ੍ਰਚਾਰ ਦੀ ਨਿਰੰਤਰਤਾ ਬਣਾਈ ਰੱਖੀ। ਜਿਥੇ ਆਪ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖੀ ਪ੍ਰਚਾਰ ਲਈ ਗਏ, ਉਥੇ ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ ਅਤੇ ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਵੀ ਸੰਗਤਾਂ ਦੇ ਵਿਸ਼ੇਸ਼ ਸੱਦੇ ਤੇ ਗਏ ਅਤੇ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ। ਅਗਲੀ ਪੀੜ੍ਹੀ ਵਿਚ ਆਪ ਦੇ ਸਪੁੱਤਰਾਂ ਬਾਬਾ ਅਵਤਾਰ ਸਿੰਘ ਅਤੇ ਬਾਬਾ ਗੁਰਬਚਨ ਸਿੰਘ ਨੇ ਦਲ ਦੀਆਂ ਸੇਵਾਵਾਂ ਨਿਭਾਉਂਦਿਆਂ ਆਪ ਦਾ ਭਰਪੂਰ ਸਾਥ ਦਿੱਤਾ। ਸਿੱਖੀ ਦੀ ਚੜ੍ਹਦੀ ਕਲਾ ਲਈ ਨਿਰੰਤਰ ਕਾਰਜਸ਼ੀਲ ਇਹ ਰੰਗ-ਰਤੜੀ ਸ਼ਖ਼ਸੀਅਤ ਬਾਬਾ ਦਯਾ ਸਿੰਘ ਜੀ 19 ਜਨਵਰੀ 2014 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਪਹਿਲੀ ਬਰਸੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ‘ਸੁਰ ਸਿੰਘ’ ਵਿਖੇ ਮਿਤੀ 19 ਜਨਵਰੀ ਨੂੰ ਪੂਰੀ ਸ਼ਰਧਾ-ਭਾਵਨਾ ਨਾਲ ਮਨਾਈ ਜਾ ਰਹੀ ਹੈ।
Punjab Post Daily Online Newspaper & Print Media