18 ਜਨਵਰੀ ਭੋਗ ਤੇ ਵਿਸ਼ੇਸ
ਸਰਬੱਤ ਦਾ ਭਲਾ ਜਾਚਣ ਵਾਲੇ ਗੁਰਬਾਣੀ ਰਸੀਏ ਭਾਈ ਜੀਵਨ ਸਿੰਘ ਜੀ ਜਿਨ੍ਹਾ ਦਾ ਜਨਮ ਕੋਟ ਰੁਸਤਮ ਪਾਕਿਸਤਾਨ ਵਿਚ ਹੋਇਆ।ਆਪ ਦੇ ਪਿਤਾ ਸ. ਮਹਿਤਾਬ ਸਿੰਘ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਵੀ ਗੁਰੂ ਘਰ ਦੇ ਅਤੀ ਪ੍ਰੇਮੀ ਸਨ।ਮਾਤਾ ਪਿਤਾ ਤੋਂ ਮਿਲੀ ਗੁਰਮਤਿ ਦੀ ਸਿਖਿਆ ਸਦਕਾ ਆਪ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ ਅਤੇ ਗੁਰੂਕੀਰਤੀ ਵਿੱਚ ਹਮੇਸ਼ਾਂ ਭਿਜੇ ਰਹਿੰਦੇ ਸਨ। ਗੁਰਬਾਣੀ ਕੀਰਤਨ ਆਪ ਜੀ ਦੀ ਖੁਰਾਕ ਸੀ ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਪਟਨਾ ਸਾਹਿਬ ਅਤੇ ਹੋਰਨਾ ਧਾਰਮਿਕ ਅਸਥਾਨਾ ਤੇ ਕੀਰਤਨ ਦੀ ਸੇਵਾ ਨਿਭਾਈ। ਭਾਈ ਰਣਧੀਰ ਸਿੰਘ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਆਪ ਗੁਰਬਾਣੀ ਕੀਰਤਨ ਨਾਲ ਅਜਿਹੇ ਜੁੜੇ ਕਿ ਅਖੰਡ ਕੀਰਤਨ ਜਥੇ ਦੀ ਰੂਹ ਬਣ ਗਏ।
ਭਾਈ ਸਾਹਿਬ ਦੁਆਰਾ ਗੁਰਬਾਣੀ ਕੀਰਤਨ ਕਰਦੇ ਸਮੇਂ ਇਤਨਾ ਰਸ ਸੀ ਕੇ ਸੰਗਤਾਂ ਆਪ ਤੋਂ ਬਹੁਤ ਪ੍ਰਭਾਵਿਤ ਹੁੰਦੀਆਂ ਸਨ। ਆਪ ਨੇ ਜਿਥੇ ਦੇਸ ਵਿਚ ਵੱਖ-ਵੱਖ ਥਾਵਾਂ ਤੇ ਹੋਏ ਕੀਰਤਨ ਸਮਾਗਮਾਂ ਸਮੇਂ ਕੀਰਤਨ ਦੀ ਸੇਵਾ ਨਿਭਾਈ ਉਥੇ ਵਿਦੇਸ਼ ਵਿਚ ਖਾਸ ਕਰਕੇ ਕਨੇਡਾ, ਅਮਰੀਕਾ, ਇੰਗਲੈਂਡ, ਯੂਰਪ ਆਦਿ ਵਿਚ ਆਪਣੀ ਸਖਸ਼ੀਅਤ ਸਦਕਾ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਸਕਾ ਗੁਰੂ ਦੇ ਲੜ੍ਹ ਲਾਇਆ। ਆਪ ਲੋੜਮੰਦਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਆਪ ਨੇ ਅਨੇਕਾਂ ਲੋੜਮੰਦ ਲੜਕੀਆਂ ਦੀ ਆਰਥਿਕ ਸਹਾਇਤਾ ਕਰਕੇ ਅਨੰਦ ਕਾਰਜ ਕਰਵਾਏ, ਕਈਆਂ ਲੋੜਮੰਦਾਂ ਨੂੰ ਕਾਰੋਬਾਰ ਲਈ ਸਹਾਇਤਾ ਕੀਤੀ।ਆਪ ਨੇ ਕਈ ਸਿੰਘ ਸਿੰਘਣੀਆਂ ਨੂੰ ਗੁਰਬਾਣੀ ਕੀਰਤਨ ਸਿਖਾ ਨਿਸ਼ਕਾਮ ਕੀਰਤਨੀਏ ਬਣਾਇਆ ਜੋ ਦੇਸ਼ਾਂ-ਵਿਦੇਸ਼ਾਂ ਵਿਚ ਕੀਰਤਨ ਦੀ ਸੇਵਾ ਨਿਭਾ ਰਹੇ ਹਨ। ਆਪ ਨੇ ਆਪਣਾ ਸਾਰਾ ਜੀਵਨ ਗੁਰਮਤਿ ਸਿਧਾਂਤ ਤਹਿਤ ਸਰਬੱਤ ਦੇ ਭਲੇ ਲਈ ਕਾਰਜ ਕਰਦਿਆਂ ਬਤੀਤ ਕੀਤਾ।
7 ਜਨਵਰੀ ਦੀ ਰਾਤ ਨੂੰ ਭਾਈ ਸਾਹਿਬ ਜੀ ਪਰਮਾਤਮਾਂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਗੁਰੂ ਆਸ਼ੇ ਅਨੁਸਾਰ ਬਤੀਤ ਕਰਦਿਆਂ ਹੋਇਆਂ ਗੁਰੂ ਚਰਨਾ ਵਿਚ ਜਾ ਬਿਰਾਜੇ। ਉਨ੍ਹਾ ਨਮਿਤ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਸਮਾਗਮ ਭਾਈ ਗੁਰਦਾਸ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਮਿਤੀ 18 ਜਨਵਰੀ 2015 ਨੂੰ ਸਵੇਰੇ 6 ਵਜੇ ਤੋਂ ਸਾਮ 3 ਵਜੇ ਤੱਕ ਕੀਤਾ ਜਾ ਰਿਹਾ ਹੈ।
ਜਗਤਾਰ ਸਿੰਘ ਖੋਦੇ ਬੇਟ