ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਦੇ ਖੋਜਾਰਥੀ ਕਰਨਵੀਰ ਸਿੰਘ ਨੇ ਚੀਨ ਦੇ ਸ਼ੇਨਜ਼ੇਨ ਵਿੱਚ ਆਯੋਜਿਤ 26ਵੇਂ ਟੈਟਰਾਹੀਡ੍ਰਨ ਸਿਮਪੋਜ਼ਿਅਮ ਵਿੱਚ ਭਾਰਤ ਦੀ ਸ਼ਾਨਦਾਰ ਨੁਮਾਇੰਦਗੀ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ।ਇਹ ਅੰਤਰਰਾਸ਼ਟਰੀ ਸਿਮਪੋਜ਼ਿਅਮ ਵਿਸ਼ਵ ਭਰ ਦੇ ਪ੍ਰਸਿੱਧ ਵਿਗਿਆਨੀਆਂ, ਖੋਜਕਰਤਾਵਾਂ ਅਤੇ ਅਕਾਦਮਿਕ ਵਿਦਵਾਨਾਂ ਨੂੰ ਇਕ ਮੰਚ ’ਤੇ ਇਕੱਠਾ ਕਰਦਾ ਹੈ, ਜਿਥੇ ਦਵਾਈ ਸਬੰਧੀ ਰਸਾਇਣ ਅਤੇ ਸੰਬੰਧਿਤ ਖੇਤਰਾਂ ਵਿੱਚ ਹੋ ਰਹੀਆਂ ਨਵੀਆਂ ਖੋਜ਼ਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ।ਕਰਨਵੀਰ ਸਿੰਘ ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ ਦੀ ਦੇਖ-ਰੇਖ ਹੇਠ ਡਾਕਟਰੇਟ ਦੀ ਖੋਜ਼ ਕਰ ਰਹੇ ਹਨ।ਇਸ ਮਹੱਤਵਪੂਰਨ ਵਿਗਿਆਨਕ ਸਮਾਗਮ ਵਿੱਚ ਹਿੱਸਾ ਲੈਣ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰੀ ਖੋਜਕਰਤਾਵਾਂ ਨਾਲ ਸੰਵਾਦ ਕਰਨ, ਵਿਗਿਆਨਕ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਨਵੀਆਂ ਖੋਜੀ ਤਰੱਕੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ।
ਸਿਮਪੋਜ਼ਿਅਮ ਦੌਰਾਨ ਕਰਨਵੀਰ ਸਿੰਘ ਨੇ ਆਪਣੇ ਖੋਜ਼ ਕਾਰਜ਼ ਸਬੰਧੀ ਵਿਗਿਆਨਕ ਪੋਸਟਰ ਪੇਸ਼ ਕੀਤਾ, ਜਿਸ ਵਿੱਚ ਯੂਰਿਕ ਐਸਿਡ ਦੇ ਉਤਪਾਦਨ ਨੂੰ ਰੋਕਣ ਵਾਲੇ ਨਵੇਂ ਰਸਾਇਣਿਕ ਅਣੂਆਂ ਦੀ ਬਣਤਰ, ਸੰਸ਼ਲੇਸ਼ਣ ਅਤੇ ਜੈਵਿਕ ਪ੍ਰਭਾਵਸ਼ੀਲਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੀ ਇਸ ਖੋਜ਼ ਨੇ ਅੰਤਰਰਾਸ਼ਟਰੀ ਵਿਗਿਆਨਕ ਭਾਈਚਾਰੇ ਦਾ ਖਾਸ ਧਿਆਨ ਖਿੱਚਿਆ।
ਕਰਨਵੀਰ ਸਿੰਘ ਨੇ ਦੱਸਿਆ ਕਿ ਮਨੁੱਖੀ ਸਰੀਰ ਵਿੱਚ ਪਿਊਰੀਨ ਮੈਟਾਬੋਲਿਜ਼ਮ ਦੇ ਅੰਤਿਮ ਉਤਪਾਦ ਵਜੋਂ ਯੂਰਿਕ ਐਸਿਡ ਬਣਦਾ ਹੈ।ਜਦੋਂ ਇਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਇਸ ਨੂੰ ਹਾਈਪਰਯੂਰੀਸੀਮੀਆ ਕਿਹਾ ਜਾਂਦਾ ਹੈ, ਜੋ ਗਾਊਟ, ਗੁਰਦਿਆਂ ਦੀ ਕਾਰਗੁਜ਼ਾਰੀ ਵਿੱਚ ਗੜਬੜ, ਦਿਲ ਦੀਆਂ ਬਿਮਾਰੀਆਂ ਅਤੇ ਹੋਰ ਮੈਟਾਬੋਲਿਕ ਰੋਗਾਂ ਦਾ ਕਾਰਨ ਬਣ ਸਕਦਾ ਹੈ।ਇਸ ਲਈ ਯੂਰਿਕ ਐਸਿਡ ਬਣਾਉਣ ਵਿੱਚ ਭੂਮਿਕਾ ਨਿਭਾਉਣ ਵਾਲੇ ਜ਼ੈਂਥੀਨ ਆਕਸੀਡੇਜ਼ ਐਂਜ਼ਾਈਮ ਨੂੰ ਇਲਾਜ ਲਈ ਮਹੱਤਵਪੂਰਨ ਨਿਸ਼ਾਨਾ ਮੰਨਿਆ ਜਾਂਦਾ ਹੈ।
ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ ਦੀ ਖੋਜ ਪ੍ਰਯੋਗਸ਼ਾਲਾ ਲੰਬੇ ਸਮੇਂ ਤੋਂ ਅਜਿਹੇ ਨਵੇਂ ਜੈਵਿਕ ਤੌਰ ’ਤੇ ਪ੍ਰਭਾਵਸ਼ਾਲੀ ਅਣੂ ਵਿਕਸਿਤ ਕਰਨ ਵਿੱਚ ਲੱਗੀ ਹੋਈ ਹੈ, ਜੋ ਯੂਰਿਕ ਐਸਿਡ ਦੀ ਮਾਤਰਾ ਨੂੰ ਨਿਯੰਤਰਿਤ ਕਰ ਸਕਣ। ਉਨ੍ਹਾਂ ਦੀ ਪ੍ਰਯੋਗਸ਼ਾਲਾ ਕੁਦਰਤੀ ਤੱਤਾਂ ਤੋਂ ਪ੍ਰੇਰਿਤ ਨਵੇਂ ਅਣੂ ਤਿਆਰ ਕਰਕੇ ਹੋਰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਇਲਾਜੀ ਵਿਕਲਪਾਂ ਦੀ ਭਾਲ ਕਰ ਰਹੀ ਹੈ।
ਚੀਨ ਯਾਤਰਾ ਲਈ ਆਰਥਿਕ ਸਹਾਇਤਾ ਭਾਰਤ ਸਰਕਾਰ ਦੇ ਅਨੁਸੰਧਾਨ ਰਾਸ਼ਟਰੀ ਖੋਜ ਫਾਊਂਡੇਸ਼ਨ ਵੱਲੋਂ ਅੰਤਰਰਾਸ਼ਟਰੀ ਯਾਤਰਾ ਸਹਾਇਤਾ ਯੋਜਨਾ ਤਹਿਤ ਪ੍ਰਦਾਨ ਕੀਤੀ ਗਈ।ਕਰਨਵੀਰ ਸਿੰਘ ਨੇ ਇਸ ਮੌਕੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਖੋਜ ਨਿਰਦੇਸ਼ਕ ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ ਦਾ ਲਗਾਤਾਰ ਮਾਰਗਦਰਸ਼ਨ, ਉਤਸ਼ਾਹ ਅਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
Check Also
5 ਦਿਨਾ ਮਿਨੀਏਚਰ ਆਰਟ ਕੈਂਪ ਵਰਕਸ਼ਾਪ ਸੰਪਨ
ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਮਦਨ ਮੋਹਨ ਮਾਲਵੀਆ ਰੋਡ ਸਥਿਤ ਅਰਟ ਗੈਲਰੀ ਵਿੱਖੇ 13ਵੇਂ …
Punjab Post Daily Online Newspaper & Print Media