ਅੰਮ੍ਰਿਤਸਰ 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨਵਰਸਿਟੀ ਦੀ ਸਿੰਡੀਕੇਟ ਨੇ ਪੰਜਾਬੀ ਦੇ ਪ੍ਰਬੁੱਧ ਦਾਨਿਸ਼ਵਰ ਅਤੇ ਪ੍ਰਤਿਭਾਵਾਨ
ਸਿਰਜਣਾਤਮਕ ਸਾਹਿਤਕਾਰ ਡਾ. ਜਸਵਿੰਦਰ ਸਿੰਘ ਨੂੰ ਪ੍ਰੋਫ਼ੈਸਰ ਆਫ਼ ਐਮੀਨੈਂਸ ਦੇ ਅਹੁੱਦੇ ਨਾਲ ਨਿਵਾਜ਼ਿਆ ਹੈ।ਉਪ ਕੁਲਪਤੀ ਪ੍ਰੋਫ਼ੈਸਰ ਕਰਮਜੀਤ ਸਿੰਘ ਨੇ ਇਹ ਸ਼ੂੁਭ ਕਾਰਜ਼ ਕਰਕੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦਾ ਗੌਰਵ ਹੋਰ ਵਧਾਇਆ ਹੈ।ਡਾ. ਜਸਵਿੰਦਰ ਸਿੰਘ ਪੰਜਾਬੀ ਬੌਧਿਕ ਜਗਤ ਵਿੱਚ ਆਪਣੀ ਸੰਜ਼ੀਦਾ ਅਕਾਦਮਿਕ ਪ੍ਰਤੀਬੱਧਤਾ ਅਤੇ ਦਿਆਨਤਦਾਰੀ ਕਰਕੇ ਜਾਣੇ ਜਾਂਦੇ ਹਨ।ਉਹ ਇੱਕੋ ਵੇਲੇ ਜ਼ਹੀਨ, ਉਤਸ਼ਾਹੀ ਤੇ ਇਮਾਨਦਾਰ ਅਧਿਆਪਕ, ਉੱਘੇ ਸਭਿਆਚਾਰ ਸ਼ਾਸਤਰੀ, ਸਾਹਿਤ ਆਲੋਚਕ ਅਤੇ ਸਿਰਜਨਾਤਮਕ ਸਾਹਿਤਕਾਰ ਹਨ।ਡਾ. ਜਸਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ (ਪੰਜਾਬੀ) ਅਤੇ ਡੀਨ ਅਕਾਦਮਿਕ ਮਾਮਲੇ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਪੰਜਾਬੀ ਸਭਿਆਚਾਰ: ਪਛਾਣ-ਚਿੰਨ੍ਹ, ਨਵੀਂ ਪੰਜਾਬੀ ਕਵਿਤਾ : ਪਛਾਣ-ਚਿੰਨ੍ਹ ਵਰਗੀਆਂ ਕਈ ਪ੍ਰਮਾਣਿਕ ਹਵਾਲਾ ਪੁਸਤਕਾਂ ਦੀ ਰਚਨਾ ਕਰਕੇ ਉਹ ਪੰਜਾਬੀ ਸਮੀਖਿਆ ਅਤੇ ਖੋਜ-ਜਗਤ ਵਿੱਚ ਨਿਵੇਕਲਾ ਮੁਕਾਮ ਰੱਖਦੇ ਹਨ।
ਖੂਹ ਖਾਤੇ, ਘਰ ਦਾ ਜੀਅ ਵਰਗੇ ਕਹਾਣੀ ਸੰਗ੍ਰਹਿਆਂ ਅਤੇ ਮਾਤ ਲੋਕ, ਸੁਰਖ਼ ਸਾਜ਼ ਵਰਗੇ ਨਾਵਲਾਂ ਰਾਹੀਂ ਗਲਪ ਲੇਖਕ ਵਜੋਂ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੇ ਡਾਕਟਰ ਜਸਵਿੰਦਰ ਸਿੰਘ ਨੂੰ ਸਾਹਿਤ ਅਕਾਦੇਮੀ ਨਵੀਂ ਦਿੱਲੀ ਨੇ `ਮਾਤ ਲੋਕ` ਨਾਵਲ ਲਈ 2015 ਵਿੱਚ ਪੁਰਸਕਾਰ ਦਿੱਤਾ।ਭਾਸ਼ਾ ਵਿਭਾਗ ਪੰਜਾਬ ਦੇ “ਸ਼਼੍ਰੋਮਣੀ ਪੰਜਾਬੀ ਲੇਖਕ” ਪੁਰਸਕਾਰ ਤੋਂ ਇਲਾਵਾ ਵੀ ਉਨ੍ਹਾਂ ਨੂੰ ਕਈ ਵੱਕਾਰੀ ਸੰਸਥਾਵਾਂ ਤੋਂ ਮਾਨ-ਸਨਮਾਨ ਮਿਲ ਚੁੱਕੇ ਹਨ।ਡਾ. ਜਸਵਿੰਦਰ ਸਿੰਘ ਨੇ 38 ਸਾਲ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਵਿਖੇ ਪੜ੍ਹਾਇਆ ਹੈ ਅਤੇ 44 ਖੋਜਾਰਥੀਆਂ ਨੇ ਉਹਨਾਂ ਦੀ ਨਿਗਰਾਨੀ ਹੇਠ ਪੀਐਚ.ਡੀ ਮੁਕੰਮਲ ਕੀਤੀ ਹੈ।ਅਮਰੀਕਾ, ਕੈਨੇਡਾ, ਇੰਗਲੈਂਡ ਤੇ ਪਾਕਿਸਤਾਨ ਵਿੱਚ ਉਨ੍ਹਾਂ ਨੇ ਕਈ ਕਾਨਫ਼ਰੰਸਾਂ/ ਸੈਮੀਨਾਰਾਂ ਵਿੱਚ ਕੁਜ਼ੀਵਤ ਭਾਸ਼ਣ ਤੇ ਖੋਜ਼-ਪੱਤਰ ਪੇਸ਼ ਕੀਤੇ ਹਨ।ਹੁਣ ਉਹ ਗੁਰੂ ਨਾਨਕ ਦੇਵ ਯੂਨਵਰਸਿਟੀ ਅੰਮ੍ਰਿਤਸਰ ਦੇ ਪ੍ਰੋਫ਼ੈਸਰ ਆਫ਼ ਐਮੀਨੈਂਸ ਬਣੇ ਹਨ।ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਉਹਨਾਂ ਵਿਦਵਤਾ ਅਤੇ ਪ੍ਰਤਿਭਾ ਅਤੇ ਅਗਵਾਈ ਦਾ ਭਰਪੂਰ ਲਾਭ ਲੈਣ ਦਾ ਯਤਨ ਕਰੇਗਾ।ਇਸ ਮਾਨਯੋਗ ਪ੍ਰਾਪਤੀ ਲਈ ਡਾ. ਜਸਵਿੰਦਰ ਸਿੰਘ ਮੁਬਾਰਕਬਾਦ ਦੇ ਹੱਕਦਾਰ ਹਨ, ਪਰ ਮੇਰਾ ਖ਼ਿਆਲ ਹੈ ਕਿ ਜਦ ਵੀ ਕਿਸੇ ਪੰਜਾਬੀ ਦੇ ਵਿਦਵਾਨ ਨੂੰ ਪ੍ਰੋਫ਼ੈਸਰ ਆਫ਼ ਐਮੀਨੈਂਸ ਜਿਹਾ ਮਾਨ ਪ੍ਰਾਪਤ ਹੁੰਦਾ ਹੈ, ਉਸ ਨਾਲ ਸਮੁੱਚੇ ਪੰਜਾਬੀ ਜਗਤ ਦਾ ਮਾਨ ਵਧਦਾ ਹੈ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media