Friday, August 7, 2026

ਜ਼ਿਲ੍ਹਾ ਅੰਮ੍ਰਿਤਸਰ ਦੀਆਂ ਅਦਾਲਤਾਂ ਵਿੱਚ 12 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੌਮੀ ਲੋਕ ਅਦਾਲਤ 12 ਸਤੰਬਰ,  2026 ਨੂੰ ਲਗਾਈ ਜਾ ਰਹੀ ਹੈ।ਕੌਮੀ ਲੋਕ ਅਦਾਲਤ ਦੀਆਂ ਤਿਆਰੀਆਂ ਸਬੰਧੀ ਸਕੱਤਰ-ਕਮ-ਸੀ.ਜੇ.ਐੱਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅੰਮ੍ਰਿਤਸਰ ਸ੍ਰੀ ਅਮਰਦੀਪ ਸਿੰਘ ਬੈਂਸ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਅਦਾਲਤ ਦਾ ਮੁੱਖ ਉਦੇਸ਼ ਵੱਖ-ਵੱਖ ਕਿਸਮ ਦੇ ਕੇਸਾਂ ਦਾ ਆਪਸੀ ਸਹਿਮਤੀ ਅਤੇ ਰਜ਼ਾਮੰਦੀ ਨਾਲ ਜਲਦ ਨਿਪਟਾਰਾ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਕੌਮੀ ਲੋਕ ਅਦਾਲਤ ਵਿੱਚ 138ਐੱਨ.ਆਈ ਐਕਟ, ਬੈਂਕ ਰਿਕਵਰੀ ਕੇਸ, ਲੇਬਰ ਕੇਸ, ਬਿਜਲੀ, ਪਾਣੀ ਅਤੇ ਨਗਰ ਨਿਗਮ/ਕਮੇਟੀ ਘਰ ਨਾਲ ਸਬੰਧਤ ਮਾਮਲੇ, ਸੀਵਰੇਜ, ਵਾਟਰ ਸਪਲਾਈ, ਹਾਊਸ ਟੈਕਸ, ਸਾਈਟ ਪਲਾਨ, ਹਰ ਤਰ੍ਹਾਂ ਦੇ ਸਿਵਲ ਕੇਸ, ਘੱਟ ਗੰਭੀਰਤਾ ਵਾਲੇ ਅਪਰਾਧਿਕ ਮਾਮਲੇ, ਵਿਆਹੁਤਾ ਝਗੜੇ, ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐੱਮ.ਏ.ਸੀ.ਟੀ) ਕੇਸ ਅਤੇ ਇੰਸ਼ੋਰੈਂਸ ਕਲੇਮ ਆਦਿ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਸ੍ਰੀ ਅਮਰਦੀਪ ਸਿੰਘ ਬੈਂਸ ਨੇ ਵੱਖ-ਵੱਖ ਬੈਂਕਾਂ, ਮਾਲ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧੀਨ ਚੱਲ ਰਹੇ ਵੱਧ ਤੋਂ ਵੱਧ ਮਾਮਲਿਆਂ ਨੂੰ ਲੋਕ ਅਦਾਲਤ ਰਾਹੀਂ ਹੱਲ ਕਰਨ ਲਈ ਯਤਨ ਕਰਨ।
ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਨਿਪਟਾਏ ਗਏ ਕੇਸਾਂ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਇਨ੍ਹਾਂ ਮਾਮਲਿਆਂ ਵਿੱਚ ਕਿਸੇ ਹੋਰ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ।ਲੋਕ ਅਦਾਲਤ ਰਾਹੀਂ ਕੇਸਾਂ ਦਾ ਨਿਪਟਾਰਾ ਕਰਵਾਉਣ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ।ਦੋਵਾਂ ਧਿਰਾਂ ਵਿਚਕਾਰ ਆਪਸੀ ਸਦਭਾਵਨਾ ਵੀ ਬਣੀ ਰਹਿੰਦੀ ਹੈ ਅਤੇ ਕਿਸੇ ਵੀ ਧਿਰ ਨੂੰ ਜਿੱਤ ਜਾਂ ਹਾਰ ਦੀ ਭਾਵਨਾ ਨਹੀਂ ਹੁੰਦੀ।ਉਨ੍ਹਾਂ ਹੋਰ ਦੱਸਿਆ ਕਿ ਜੇਕਰ ਕੋਈ ਕੇਸ ਲੋਕ ਅਦਾਲਤ ਰਾਹੀਂ ਨਿਪਟ ਜਾਂਦਾ ਹੈ ਤਾਂ ਉਸ ਕੇਸ ਨਾਲ ਸਬੰਧਤ ਅਦਾ ਕੀਤੀ ਗਈ ਕੋਰਟ ਫੀਸ ਵੀ ਨਿਯਮਾਂ ਅਨੁਸਾਰ ਵਾਪਸ ਕਰ ਦਿੱਤੀ ਜਾਂਦੀ ਹੈ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਵਿਅਕਤੀ ਆਪਣੇ ਝਗੜਿਆਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੌਮੀ ਲੋਕ ਅਦਾਲਤ ਰਾਹੀਂ ਕਰਵਾਉਣਾ ਚਾਹੁੰਦੇ ਹਨ, ਉਹ ਆਪਣੀ ਅਰਜ਼ੀ ਸਬੰਧਤ ਅਦਾਲਤ ਜਾਂ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅੰਮ੍ਰਿਤਸਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ  ਹਨ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ ਆਪਣੇ ਲੰਬਿਤ ਕੇਸਾਂ ਦਾ ਛੇਤੀ ਅਤੇ ਸੁਖਾਵੇਂ ਢੰਗ ਨਾਲ ਨਿਪਟਾਰਾ ਕਰਵਾਉਣ।
ਮੀਟਿੰਗ ਦੌਰਾਨ ਜਗਵਿੰਦਰ ਸਿੰਘ, ਏ.ਡੀ.ਸੀ.ਪੀ ਕਰਾਈਮ, ਸ੍ਰੀਮਤੀ ਅਰਪਨਾ ਸ਼ਰਮਾ ਐੱਲ.ਡੀ.ਐੱਮ, ਅਸ਼ੀਸ਼ ਕੁਮਾਰ (ਕੇਨਰਾ ਬੈਂਕ), ਗੌਰਵ ਰਾਵਲ (ਸਟੇਟ ਬੈਂਕ ਆਫ਼ ਇੰਡੀਆ), ਮਨੀਸ਼ ਕੁਮਾਰ (ਪੰਜਾਬ ਐਂਡ ਸਿੰਧ ਬੈਂਕ), ਅਜੇ ਕੁਮਾਰ (ਯੈੱਸ ਬੈਂਕ), ਸਾਗਰ ਜੈਨ (ਇੰਡੀਅਨ ਬੈਂਕ), ਨਰੇਸ਼ ਨਾਗਿਲ (ਲੀਗਲ ਮੈਨੇਜਰ), ਡੀ.ਐੱਸ.ਪੀ ਪਵਨ ਕੁਮਾਰ, ਵਿਸ਼ਾਲ ਮਰਵਾਹਾ (ਐੱਚ.ਡੀ.ਐੱਫ.ਸੀ), ਜਯੋਤੀ ਚੌਧਰੀ (ਪੰਜਾਬ ਗ੍ਰਾਮੀਣ ਬੈਂਕ), ਗੁਰਚੇਤਨ ਸਿੰਘ, ਭਾਵੇਸ਼ ਕੁਮਾਰ (ਸਹਿਕਾਰੀ ਬੈਂਕ), ਰਾਜੇਸ਼ ਰਾਠੀ, ਸੰਜੀਵ ਕੁਮਾਰ (ਯੂਨਾਈਟਿਡ ਬੈਂਕ), ਰਮਿੰਦਰਜੀਤ ਸਿੰਘ ਵਿਰਦੀ (ਯੂਨੀਅਨ ਬੈਂਕ ਆਫ਼ ਇੰਡੀਆ) ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮ ਸੰਪਨ

ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ …