Saturday, June 20, 2026

ਓਰਬਿਟ ਦੇ ਸਟਾਫ਼ ਵੱਲੋਂ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ

ਪ੍ਰੈਸ ਕੌਂਸਲ ਵੱਲੋਂ ਚੀਫ਼ ਸੈਕਟਰੀ ਪੰਜਾਬ, ਸੈਕਟਰੀ ਪੰਜਾਬ ਪੁਲਿਸ, ਐਸ. ਐਸ. ਪੀ ਬਠਿੰਡਾ ਤੇ ਓਰਬਿਟ ਮਾਲਕ ਤਲਬ

PPN0502201503

ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਮਾਲਕੀ ਵਾਲੀ ਓਰਬਿਟ ਬੱਸ ਦੇ ਸਟਾਫ਼ ਵੱਲੋਂ ਇੱਕ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੂੰ ਪ੍ਰੈਸ ਕੌਂਸਲ ਦਿੱਲੀ ਨੇ ਗੰਭੀਰਤਾ ਨਾਲ ਲੈਂਦਿਆਂ ਚੀਫ਼ ਸੈਕਟਰੀ ਆਫ਼ ਪੰਜਾਬ ਚੰਡੀਗੜ, ਸੈਕਟਰੀ ਪੁਲਿਸ ਵਿਭਾਗ ਚੰਡੀਗੜ, ਐਸ. ਐਸ. ਪੀ. ਬਠਿੰਡਾ, ਓਰਬਿਟ ਬੱਸ ਦੇ ਮਾਲਕ ਅਤੇ ਓਰਬਿਟ ਬੱਸ ਸਰਵਿਸ ਦੇ ਪਾਵਰ ਅਟਾਰਨੀ ਜਸਪ੍ਰੀਤ ਸਿੰਘ ਵਾਸੀ ਮਲੋਟ ਨੂੰ ਦਿੱਲੀ ਤਲਬ ਕਰ ਲਿਆ ਹੈ। ਓਰਬਿਟ ਬੱਸ ਦੇ ਸਟਾਫ਼ ਤੋਂ ਪੀੜਤ ਤੇ ਸ਼ਿਕਾਇਤਕਰਤਾ ਪੱਤਰਕਾਰ ਬਲਜਿੰਦਰ ਕੋਟਭਾਰਾ ਨੇ ਦੱਸਿਆ ਇਸ ਸਬੰਧੀ ਸੁਣਵਾਈ ਦਿੱਲੀ ਵਿੱਚ 10 ਫ਼ਰਵਰੀ ਨੂੰ ਹੋ ਰਹੀ ਹੈ। ਪੱਤਰਕਾਰ ਕੋਟਭਾਰਾ ਨੇ ਘਟਨਾ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਉਹ ਮਿਤੀ 4 ਦਸੰਬਰ 2013 ਨੂੰ ਬਰਨਾਲਾ ਤੋਂ ਬਠਿੰਡਾ ਲਈ ਓਰਬਿਟ ਬੱਸ ਵਿੱਚ ਬੈਠਾ ਤਾਂ ਇਸ ਬੱਸ ਦੇ ਡਰਾਇਵਰ ਨੇ ਬਰਨਾਲਾ ਬੱਸ ਸਟੈਂਡ ਤੋਂ ਬੱਸ ਕੱਢਣ ਸਾਰ ਹੀ ਐਲ. ਸੀ. ਡੀ. ‘ਤੇ ਨਾ ਕੇਵਲ ਅਸ਼ਲੀਲ ਗੀਤ ਉੱਚੀ ਆਵਾਜ਼ ਵਿੱਚ ਵਜਾਉਣੇ ਸ਼ੁਰੂ ਕਰ ਦਿੱਤੇ, ਸਗੋਂ ਲਗਾਤਾਰ ਕਈ ਮਿੰਟ ਬੱਸ ਚਲਾਉਂਦਾ ਹੋਇਆ ਉਹ ਬੱਸ ਚਾਲਕ ਆਪਣੇ ਮੋਬਾਇਲ ਫ਼ੋਨ ‘ਤੇ ਗੱਲਾਂ ਕਰਦਾ ਰਿਹਾ।ਇਸ ਦੌਰਾਨ ਉਹ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਡਰਾਇਵਿੰਗ ਵੀ ਕਰਨ ਲੱਗਿਆ ਤਾਂ ਆਪਣਾ ਫ਼ਰਜ਼ ਸਮਝਦਿਆਂ ਪੱਤਰਕਾਰ ਨੇ ਉਸ ਦੀ ਫ਼ੋਟੋ ਖਿੱਚ ਲਈ।ਜਿਉਂ ਹੀ ਕੈਮਰੇ ਦੀ ਫਲੈਸ਼ ਚੱਲੀ ਤਾਂ ਡਰਾਇਵਰ, ਕੰਡਕਟਰ ਤੇ ਉਹਨਾਂ ਦੇ ਹੋਰ ਚਾਲਕ ਗੁੰਡਾਗਰਦੀ ‘ਤੇ ਉੱਤਰ ਆਏ ਤੇ ਉਹਨਾਂ ਨੇ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਨੇ ਪੱਤਰਕਾਰ ਨੂੰ ਫ਼ੋਟੋ ਡਿਲੀਟ ਨਾ ਕਰਨ ‘ਤੇ ਚੱਲਦੀ ਬੱਸ ਵਿੱਚੋਂ ਸੁੱਟ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਿਆਂ ਕਿਹਾ ਕਿ ਇਸ ਨੂੰ ਘੜੀਸ ਕੇ ਬਾਰੀ ਵਿੱਚੋਂ ਬਾਹਰ ਸੁੱਟੋ, ਆਪੇ ਟਾਇਰ ਹੇਠ ਆ ਕੇ ਮਾਰਿਆ ਜਾਵੇਗਾ। ਇਸ ਲੜਾਈ ਦੌਰਾਨ ਬੱਸ ਹੌਲੀ ਹੋਣ ‘ਤੇ ਪੱਤਰਕਾਰ ਨੇ ਛਾਲ ਲਗਾ ਕੇ ਆਪਣੀ ਜਾਨ ਬਚਾਈ ਤੇ ਇਹ ਸਾਰਾ ਮਾਮਲਾ 8 ਦਸੰਬਰ 2013 ਨੂੰ ਪ੍ਰੈਸ ਕੌਂਸਲ ਦਿੱਲੀ ਦੇ ਧਿਆਨ ਵਿੱਚ ਲਿਆਂਦਾ।ਪੀੜਤ ਪੱਤਰਕਾਰ ਨੇ ਦੱਸਿਆ ਕਿ ਪ੍ਰੈਸ ਕੌਂਸਲ ਦੇ ਨੋਟਿਸ ਭੇਜਣ ਤੋਂ ਬਾਅਦ ਭਾਵੇਂ ਪੰਜਾਬ ਪੁਲਿਸ ਤੇ ਟਰਾਂਸਪੋਰਟ ਵਿਭਾਗ ਉਸ ਦੇ ਬਿਆਨ ਤਾਂ ਲੈਂਦੀ ਰਹੀ ਪਰ ਨਤੀਜਾ ਕੁੱਝ ਨਾ ਨਿਕਲਿਆ।ਉਸ ਨੇ ਦੱਸਿਆ ਕਿ ਇਨਸਾਫ਼ ਲਈ ਇਹ ਲੜਾਈ 1 ਸਾਲ ਤੋਂ ਵੱਧ ਸਮੇਂ ਤੋਂ ਜਾਰੀ ਹੈ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply