ਖਪਤਕਾਰ ਹੁਣ ਰੇਤਾ ਲੈਣ ਲਈ ਜਿਲ੍ਹੇ ਦੀਆਂ ਮਾਰਕੀਟ ਕਮੇਟੀਆਂ ਨਾਲ ਸੰਪਰਕ ਕਰਨ

ਫਾਜ਼ਿਲਕਾ, 5 ਫਰਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਦੇ ਖਪਤਕਾਰਾਂ ਨੂੰ ਹੁਣ ਰੇਤਾ ਜਿਲ੍ਹੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਰਾਂਹੀ ਬੁਕਿੰਗ ਦੇ ਅਧਾਰ ਤੇ ਸਰਕਾਰੀ ਰੇਟਾਂ ਅਨੁਸਾਰ ਉਪਲੰਬਧ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਰੇਤੇ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਬਣਾਈ ਗਈ ਨੀਤੀ ਨੂੰ ਪੰਜਾਬ ਮੰਡੀ ਬੋਰਡ ਵਲੋਂ ਹਰੀ ਝੰਡੀ ਮਿਲ ਗਈ ਹੈ।ਉਨ੍ਹਾਂ ਅੱਗੇ ਦੱਸਿਆਂ ਕਿ ਫਾਜ਼ਿਲਕਾ ਜਿਲ੍ਹੇ ਵਿੱਚ ਹੁਣ ਖਪਤਕਾਰ ਰੇਤਾ ਆਪਣੇ ਏਰੀਏ ਵਿੱਚ ਪੈਂਦੀਆਂ ਮਾਰਕੀਟ ਕਮੇਟੀਆਂ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਨਾਲ ਸੰਪਰਕ ਕਰਕੇ ਸਰਕਾਰੀ ਰੇਟਾਂ ਤੇ ਬੁੱਕ ਕਰਵਾ ਕੇ ਮੰਗਵਾ ਸਕਦੇ ਹਨ। ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਅੱਗੇ ਦੱਸਿਆਂ ਕਿ ਮਾਰਕੀਟ ਕਮੇਟੀ ਦੇ ਢੋਆ- ਢੋਆਈ ਦੇ ਪ੍ਰਵਾਨਿਤ ਠੇਕੇਦਾਰ ਖਪਤਕਾਰ ਦੀ ਮੰਗ ਅਨੁਸਾਰ ਰੇਤਾ ਉਨ੍ਹਾਂ ਕੋਲ ਪੁੱਜਦਾ ਕਰਨਗੇ। ਉਨ੍ਹਾਂ ਅੱਗੇ ਦੱਸਿਆਂ ਕਿ ਰੇਤੇ ਦੀ ਬੁਕਿੰਗ ਦਾ ਕੰਮ ਸਵੇਰੇ 9.00 ਵਜੇ ਤੋਂ ਸ਼ਾਮੀ 5.00 ਵਜੇ ਸੋਮਵਾਰ ਤੋਂ ਸ਼ਨੀਵਾਰ ਤੱਕ ਕੰਮ ਵਾਲੇ ਦਿਨ ਮਾਰਕੀਟ ਕਮੇਟੀਆਂ ਦੇ ਤਾਇਨਾਤ ਕਰਮਚਾਰੀਆਂ ਵਲੋਂ ਕੀਤਾ ਜਾਵੇਗਾ। ਰੇਤੇ ਦੀ ਬੁਕਿੰਗ ਲਈ ਸਰਕਾਰੀ ਰੇਟ 800 ਰੁਪਏ ਪ੍ਰਤੀ 100 ਕਿਊਬਿਕ ਫੁੱਟ (ਘਣ ਫੁੱਟ) ਹੈ ਜਦਕਿ ਕਿਰਾਇਆ ਇਸ ਤੋਂ ਵੱਖਰਾ ਹੋਵੇਗਾ।ਉਨ੍ਹਾਂ ਅੱਗੇ ਦੱਸਿਆਂ ਕਿ ਵਧੇਰੇ ਜਾਣਕਾਰੀ ਲਈ ਮਾਰਕੀਟ ਕਮੇਟੀ ਜਲਾਲਾਬਾਦ ਦੇ ਫੋਨ ਨੰ. 01638-250036, ਮਾਰਕੀਟ ਕਮੇਟੀ ਫਾਜ਼ਿਲਕਾ ਦੇ ਫੋਨ ਨੰ. 01638-262906, ਮਾਰਕੀਟ ਕਮੇਟੀ ਅਬੋਹਰ ਦੇ ਫੋਨ ਨੰ. 01634-220353 ਤੇ ਬੁਕਿੰਗ ਤੇ ਹੋਰ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।ਜਿਲ੍ਹਾ ਮੰਡੀ ਅਫਸਰ ਸ. ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਰੇਤੇ ਦੀ ਨੀਤੀ ਅਨੁਸਾਰ ਹੁਣ ਨਾਲੋਂ ਰੇਤੇ ਦੀਆਂ ਕੀਮਤਾਂ ਵਿਚ ਕਮੀ ਆਵੇਗੀ।ਉਨ੍ਹਾਂ ਕਿਹਾ ਕਿ ਸਬੰਧਤ ਮਾਰਕੀਟ ਕਮੇਟੀਆਂ ਵਿਚ ਰੇਤੇ ਦੀਆਂ ਪ੍ਰਵਾਨਿਤ ਖੱਡਾਂ ਦੀ ਦੂਰੀ ਅਤੇ ਕਿਰਾਏ ਸਬੰਧੀ ਲਿਸਟਾਂ ਲੱਗੀਆਂ ਹੋਈਆਂ ਹਨ ਤੇ ਇਸ ਸਬੰਧੀ ਹੋਰ ਜਾਣਕਾਰੀ ਲਈ ਸਬੰਧਤ ਮਾਰਕੀਟ ਕਮੇਟੀਆਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।
Punjab Post Daily Online Newspaper & Print Media